ਗੁਰਦਾਸਪੁਰ ਦੇ PAU ਖੋਜ ਕੇਂਦਰ ’ਚ ਆਟੋਮੈਟਿਕ ਮੌਸਮ ਸਟੇਸ਼ਨ ਸ਼ੁਰੂ, ਕਿਸਾਨਾਂ ਨੂੰ ਮਿਲੇਗੀ ਮੌਸਮ ਦੀ ਸਟੀਕ ਜਾਣਕਾਰੀ
Wednesday, Oct 28, 2026 - 11:24 PM (IST)
ਗੁਰਦਾਸਪੁਰ (ਹਰਮਨ, ਵਿਨੋਦ) – ਬਦਲਦੇ ਮੌਸਮ ਅਤੇ ਵਧਦੀ ਮੌਸਮੀ ਅਸਥਿਰਤਾ ਦੇ ਮੱਦੇਨਜ਼ਰ ਕਿਸਾਨਾਂ ਨੂੰ ਸਹੀ ਤੇ ਸਮੇਂ ਸਿਰ ਮੌਸਮੀ ਜਾਣਕਾਰੀ ਮੁਹੱਈਆ ਕਰਵਾਉਣ ਲਈ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ (ਪੀ.ਏ.ਯੂ.) ਦੇ ਖੇਤਰੀ ਖੋਜ ਕੇਂਦਰ, ਗੁਰਦਾਸਪੁਰ ਵਿਖੇ ਪੂਰੀ ਤਰ੍ਹਾਂ ਆਟੋਮੈਟਿਕ ਮੌਸਮ ਸਟੇਸ਼ਨ ਸ਼ੁਰੂ ਕੀਤਾ ਗਿਆ ਹੈ। ਇਸ ਆਧੁਨਿਕ ਸਹੂਲਤ ਰਾਹੀਂ ਸਥਾਨਕ ਪੱਧਰ ’ਤੇ ਮੌਸਮ ਦੇ ਵੱਖ-ਵੱਖ ਮਾਪਦੰਡਾਂ ਦੀ ਲਗਾਤਾਰ ਨਿਗਰਾਨੀ ਕੀਤੀ ਜਾ ਸਕੇਗੀ। ਇਸ ਨਾਲ ਮੌਸਮ ਦੀ ਭਵਿੱਖਬਾਣੀ ਨੂੰ ਵਧੇਰੇ ਸਟੀਕ ਬਣਾਉਣ ਅਤੇ ਕਿਸਾਨਾਂ ਨੂੰ ਫ਼ਸਲਾਂ ਦੀ ਸਾਂਭ-ਸੰਭਾਲ ਸਬੰਧੀ ਵਿਗਿਆਨਕ ਸਲਾਹ ਦੇਣ ਵਿੱਚ ਮਦਦ ਮਿਲੇਗੀ।
ਪੀਏਯੂ ਦੇ ਵਾਈਸ ਚਾਂਸਲਰ ਸੁਖਜੀਤ ਪਾਲ ਸਿੰਘ ਨੇ ਦੱਸਿਆ ਕਿ ਨਵਾਂ ਆਟੋਮੈਟਿਕ ਮੌਸਮ ਸਟੇਸ਼ਨ ਤਾਪਮਾਨ, ਹਵਾ ਵਿਚ ਨਮੀ, ਹਵਾ ਦੀ ਰਫ਼ਤਾਰ, ਸੂਰਜੀ ਕਿਰਨਾਂ, ਜ਼ਮੀਨੀ ਤਾਪਮਾਨ ਅਤੇ ਬਰਸਾਤ ਦੇ ਅੰਕੜੇ ਰੀਅਲ ਟਾਈਮ ਵਿੱਚ ਦਰਜ ਕਰੇਗਾ। ਇਸ ਸਹੂਲਤ ਰਾਹੀਂ ਮੌਸਮ ਨਾਲ ਸਬੰਧਤ ਗੁੰਝਲਦਾਰ ਅੰਕੜਿਆਂ ਨੂੰ ਕਿਸਾਨਾਂ ਲਈ ਸਰਲ ਅਤੇ ਵਿਹਾਰਕ ਸਲਾਹਾਂ ਵਿੱਚ ਬਦਲਣ ਵਿੱਚ ਮਦਦ ਮਿਲੇਗੀ, ਤਾਂ ਜੋ ਉਹ ਖੇਤੀਬਾੜੀ ਦੇ ਕੰਮਾਂ ਸਬੰਧੀ ਸਹੀ ਸਮੇਂ ’ਤੇ ਫ਼ੈਸਲੇ ਲੈ ਸਕਣ।
ਉਨ੍ਹਾਂ ਦੱਸਿਆ ਕਿ ਮੌਸਮ ਸਬੰਧੀ ਅਗਾਊਂ ਜਾਣਕਾਰੀ ਮਿਲਣ ਨਾਲ ਕਿਸਾਨ ਬਰਸਾਤ ਦੀ ਸੰਭਾਵਨਾ ਹੋਣ ’ਤੇ ਕੀਟਨਾਸ਼ਕਾਂ ਦੀ ਸਪਰੇਅ ਅਤੇ ਸਿੰਚਾਈ ਨੂੰ ਢੁੱਕਵੇਂ ਸਮੇਂ ਤੱਕ ਟਾਲ ਸਕਦੇ ਹਨ। ਇਸੇ ਤਰ੍ਹਾਂ ਜੇਕਰ ਖੇਤ ਵਿਚ ਪਹਿਲਾਂ ਹੀ ਲੋੜੀਂਦੀ ਨਮੀ ਮੌਜੂਦ ਹੋਵੇ ਤਾਂ ਸਿੰਚਾਈ ਦੀ ਲੋੜ ਦਾ ਸਹੀ ਮੁਲਾਂਕਣ ਕਰਕੇ ਪਾਣੀ ਦੀ ਬੇਲੋੜੀ ਵਰਤੋਂ ਨੂੰ ਘਟਾਇਆ ਜਾ ਸਕਦਾ ਹੈ।
ਪੀ.ਏ.ਯੂ. ਦੇ ਡਾਇਰੈਕਟਰ ਖੋਜ ਡਾ. ਏ.ਐੱਸ. ਢੱਟ ਨੇ ਦੱਸਿਆ ਕਿ ਇਸ ਮੌਸਮ ਸਟੇਸ਼ਨ ਤੋਂ ਪ੍ਰਾਪਤ ਹੋਣ ਵਾਲੇ ਸਥਾਨਕ ਮੌਸਮੀ ਅੰਕੜਿਆਂ ਦੀ ਵਰਤੋਂ ਯੂਨੀਵਰਸਿਟੀ ਦੇ ਖੇਤਰੀ ਖੋਜ ਕਾਰਜਾਂ, ਖੇਤਰੀ ਪ੍ਰੀਖਣਾਂ ਅਤੇ ਨਵੀਆਂ ਬੀਜ ਕਿਸਮਾਂ ਦੀ ਜਾਂਚ ਲਈ ਕੀਤੀ ਜਾਵੇਗੀ। ਇਸ ਨਾਲ ਗੁਰਦਾਸਪੁਰ ਦੇ ਮੈਦਾਨੀ ਅਤੇ ਕੰਢੀ ਨਾਲ ਲੱਗਦੇ ਖੇਤਰਾਂ ਦੇ ਅਸਲ ਮੌਸਮੀ ਹਾਲਾਤਾਂ ਅਨੁਸਾਰ ਫ਼ਸਲਾਂ ਦੀਆਂ ਕਿਸਮਾਂ ਦਾ ਮੁਲਾਂਕਣ ਕਰਨ ਵਿੱਚ ਮਦਦ ਮਿਲੇਗੀ।
ਪੀਏਯੂ ਦੇ ਡਾਇਰੈਕਟਰ ਪਸਾਰ ਸਿੱਖਿਆ ਡਾ. ਐੱਮ.ਐੱਸ. ਭੁੱਲਰ ਨੇ ਦੱਸਿਆ ਕਿ ਸਟੇਸ਼ਨ ਤੋਂ ਮਿਲਣ ਵਾਲੇ ਅੰਕੜਿਆਂ ਨੂੰ ਹਫ਼ਤਾਵਾਰੀ ਜ਼ਿਲਾ ਪੱਧਰੀ ਖੇਤੀਬਾੜੀ ਸਲਾਹਾਂ ਵਿਚ ਵਰਤਿਆ ਜਾਵੇਗਾ। ਇਸ ਨਾਲ ਕਿਸਾਨਾਂ ਨੂੰ ਫ਼ਸਲਾਂ ਦੀ ਬਿਜਾਈ, ਸਿੰਚਾਈ, ਖਾਦਾਂ ਦੀ ਵਰਤੋਂ ਅਤੇ ਬਿਮਾਰੀਆਂ ਦੀ ਰੋਕਥਾਮ ਲਈ ਢੁੱਕਵਾਂ ਸਮਾਂ ਨਿਰਧਾਰਤ ਕਰਨ ਵਿੱਚ ਸਹਾਇਤਾ ਮਿਲੇਗੀ।
ਖੇਤਰੀ ਖੋਜ ਕੇਂਦਰ, ਗੁਰਦਾਸਪੁਰ ਦੇ ਡਾਇਰੈਕਟਰ ਡਾ. ਹਰਪਾਲ ਸਿੰਘ ਰੰਧਾਵਾ ਨੇ ਦੱਸਿਆ ਕਿ ਇਸ ਸਟੇਸ਼ਨ ਦਾ ਇਕ ਅਹਿਮ ਲਾਭ ਫ਼ਸਲਾਂ ਨੂੰ ਪ੍ਰਭਾਵਿਤ ਕਰਨ ਵਾਲੀਆਂ ਬਿਮਾਰੀਆਂ ਅਤੇ ਕੀੜੇ-ਮਕੌੜਿਆਂ ਦੇ ਹਮਲਿਆਂ ਸਬੰਧੀ ਨਿਗਰਾਨੀ ਨੂੰ ਬਿਹਤਰ ਬਣਾਉਣਾ ਹੈ। ਉਨ੍ਹਾਂ ਅਨੁਸਾਰ ਕਣਕ ਦੀ ਪੀਲੀ ਕੁੰਗੀ ਵਰਗੀਆਂ ਬਿਮਾਰੀਆਂ ਦੇ ਫੈਲਾਅ ਵਿੱਚ ਤਾਪਮਾਨ ਅਤੇ ਨਮੀ ਵਰਗੇ ਮੌਸਮੀ ਕਾਰਕਾਂ ਦੀ ਅਹਿਮ ਭੂਮਿਕਾ ਹੁੰਦੀ ਹੈ। ਇਨ੍ਹਾਂ ਮਾਪਦੰਡਾਂ ਦੀ ਲਗਾਤਾਰ ਨਿਗਰਾਨੀ ਨਾਲ ਬਿਮਾਰੀਆਂ ਦੇ ਅਨੁਕੂਲ ਮੌਸਮੀ ਹਾਲਾਤਾਂ ਦੀ ਪਛਾਣ ਕਰਨ ਅਤੇ ਸਮੇਂ ਸਿਰ ਰੋਕਥਾਮ ਦੇ ਉਪਰਾਲੇ ਕਰਨ ਵਿੱਚ ਮਦਦ ਮਿਲ ਸਕਦੀ ਹੈ।
ਇਸ ਤਰ੍ਹਾਂ ਪੀਏਯੂ ਦੇ ਖੇਤਰੀ ਖੋਜ ਕੇਂਦਰ ਵਿਚ ਸ਼ੁਰੂ ਕੀਤਾ ਗਿਆ ਆਟੋਮੈਟਿਕ ਮੌਸਮ ਸਟੇਸ਼ਨ ਸਥਾਨਕ ਪੱਧਰ ’ਤੇ ਮੌਸਮ ਦੀ ਜਾਣਕਾਰੀ ਉਪਲਬਧ ਕਰਵਾਉਣ ਦੇ ਨਾਲ-ਨਾਲ ਖੇਤੀਬਾੜੀ ਖੋਜ ਅਤੇ ਕਿਸਾਨਾਂ ਤੱਕ ਵਿਗਿਆਨਕ ਸਲਾਹ ਪਹੁੰਚਾਉਣ ਦੀ ਪ੍ਰਕਿਰਿਆ ਨੂੰ ਹੋਰ ਪ੍ਰਭਾਵਸ਼ਾਲੀ ਬਣਾਉਣ ਵਿੱਚ ਸਹਾਈ ਹੋਵੇਗਾ।
