ਰਾਵੀ ਦਰਿਆ ਦੇ ਮਕੌੜਾ ਪੱਤਣ ’ਤੇ ਪਲਟੂਨ ਪੁਲ਼ ਬਣਾਉਂਦੇ ਸਮੇਂ ਪਲਟਿਆ ਹੈਡਰਾ, ਵੱਡਾ ਹਾਦਸਾ ਟਲ਼ਿਆ
Saturday, Oct 17, 2026 - 08:38 PM (IST)
ਗੁਰਦਾਸਪੁਰ (ਹਰਜਿੰਦਰ ਸਿੰਘ ਗੋਰਾਇਆ): ਰਾਵੀ ਦਰਿਆ ਦੇ ਮਕੌੜਾ ਪੱਤਣ ’ਤੇ ਪਲਟੂਨ ਪੁਲ ਬਣਾਉਣ ਦਾ ਕੰਮ ਸ਼ੁਰੂ ਹੋਣ ਦੌਰਾਨ ਉਸ ਸਮੇਂ ਅਚਾਨਕ ਹਾਦਸਾ ਵਾਪਰ ਗਿਆ, ਜਦੋਂ ਪੁਲ ਬਣਾਉਣ ਲਈ ਵਰਤੀ ਜਾ ਰਹੀ ਹੈਡਰਾ ਮਸ਼ੀਨ ਅਚਾਨਕ ਪਲਟ ਗਈ। ਇਸ ਹਾਦਸੇ ਦੌਰਾਨ ਹੈਡਰਾ ਚਾਲਕ ਦੇ ਗਿੱਟੇ ’ਤੇ ਮਾਮੂਲੀ ਸੱਟ ਲੱਗੀ, ਜਦਕਿ ਵੱਡਾ ਹਾਦਸਾ ਹੋਣ ਤੋਂ ਬਚਾਅ ਹੋ ਗਿਆ। ਘਟਨਾ ਤੋਂ ਬਾਅਦ ਮੌਕੇ ’ਤੇ ਮੌਜੂਦ ਲੋਕਾਂ ਵਿੱਚ ਕੁਝ ਸਮੇਂ ਲਈ ਹਫ਼ੜਾ-ਦਫ਼ੜੀ ਦਾ ਮਾਹੌਲ ਬਣ ਗਿਆ।
ਜ਼ਿਕਰਯੋਗ ਹੈ ਕਿ ਬਰਸਾਤ ਦੇ ਮੌਸਮ ਦੌਰਾਨ ਰਾਵੀ ਦਰਿਆ ਵਿੱਚ ਪਾਣੀ ਦਾ ਪੱਧਰ ਵਧਣ ਕਾਰਨ ਮਕੌੜਾ ਪੱਤਣ ’ਤੇ ਬਣਾਇਆ ਜਾਣ ਵਾਲਾ ਪਲਟੂਨ ਪੁਲ ਹਟਾ ਦਿੱਤਾ ਜਾਂਦਾ ਹੈ। ਇਸ ਕਾਰਨ ਦਰਿਆ ਦੇ ਪਾਰਲੇ ਪਾਸੇ ਵੱਸਦੇ ਅੱਧੀ ਦਰਜਨ ਦੇ ਕਰੀਬ ਪਿੰਡਾਂ ਦੇ ਲੋਕਾਂ ਨੂੰ ਆਉਣ-ਜਾਣ ਲਈ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਖ਼ਾਸ ਕਰਕੇ ਕਿਸਾਨਾਂ, ਮਜ਼ਦੂਰਾਂ ਅਤੇ ਰੋਜ਼ਾਨਾ ਕੰਮਾਂ ਲਈ ਆਉਣ-ਜਾਣ ਵਾਲੇ ਲੋਕਾਂ ਨੂੰ ਕਾਫ਼ੀ ਪ੍ਰੇਸ਼ਾਨੀ ਝੱਲਣੀ ਪੈਂਦੀ ਹੈ।
ਹੁਣ ਬਰਸਾਤ ਦਾ ਮੌਸਮ ਖ਼ਤਮ ਹੁੰਦਿਆਂ ਹੀ ਪ੍ਰਸ਼ਾਸਨ ਵੱਲੋਂ ਲੋਕਾਂ ਦੀ ਸਹੂਲਤ ਨੂੰ ਧਿਆਨ ਵਿੱਚ ਰੱਖਦਿਆਂ ਪਲਟੂਨ ਪੁਲ ਬਣਾਉਣ ਦਾ ਕੰਮ ਮੁੜ ਸ਼ੁਰੂ ਕਰ ਦਿੱਤਾ ਗਿਆ ਹੈ। ਇਸ ਪੁਲ ਦੇ ਤਿਆਰ ਹੋਣ ਨਾਲ ਦਰਿਆ ਦੇ ਪਾਰਲੇ ਪਾਸੇ ਵੱਸਦੇ ਪਿੰਡਾਂ ਦੇ ਲੋਕਾਂ ਨੂੰ ਆਵਾਜਾਈ ਦੀ ਸਹੂਲਤ ਮਿਲੇਗੀ ਅਤੇ ਉਨ੍ਹਾਂ ਦਾ ਰੋਜ਼ਾਨਾ ਦਾ ਜੀਵਨ ਆਸਾਨ ਹੋਵੇਗਾ।
ਹਾਲਾਂਕਿ, ਪੁਲ ਬਣਾਉਣ ਦੌਰਾਨ ਹੈਡਰਾ ਪਲਟਣ ਦੀ ਘਟਨਾ ਨੇ ਮੌਕੇ ’ਤੇ ਕੰਮ ਕਰ ਰਹੇ ਮੁਲਾਜ਼ਮਾਂ ਦੀ ਸੁਰੱਖਿਆ ਨੂੰ ਲੈ ਕੇ ਵੀ ਸਵਾਲ ਖੜ੍ਹੇ ਕੀਤੇ ਹਨ। ਲੋਕਾਂ ਦੀ ਮੰਗ ਹੈ ਕਿ ਪੁਲ ਬਣਾਉਣ ਦਾ ਕੰਮ ਪੂਰੀ ਸਾਵਧਾਨੀ ਅਤੇ ਸੁਰੱਖਿਆ ਪ੍ਰਬੰਧਾਂ ਨਾਲ ਕੀਤਾ ਜਾਵੇ, ਤਾਂ ਜੋ ਅਜਿਹੀਆਂ ਘਟਨਾਵਾਂ ਤੋਂ ਬਚਿਆ ਜਾ ਸਕੇ। ਫਿਲਹਾਲ ਇਸ ਘਟਨਾ ਵਿੱਚ ਚਾਲਕ ਦੇ ਮਾਮੂਲੀ ਜ਼ਖ਼ਮੀ ਹੋਣ ਕਾਰਨ ਵੱਡੇ ਨੁਕਸਾਨ ਤੋਂ ਬਚਾਅ ਰਿਹਾ।
