ਰੇਤ ਮਾਫੀਆ ਵਿਰੁੱਧ ਸੀ. ਬੀ. ਆਈ. ਜਾਂਚ ਤੋਂ ਕਿਉਂ ਭੱਜ ਰਹੀ ਕੈਪਟਨ ਸਰਕਾਰ : ''ਆਪ''
Sunday, Jun 24, 2018 - 06:26 AM (IST)
ਚੰਡੀਗੜ੍ਹ (ਰਮਨਜੀਤ) - ਆਮ ਆਦਮੀ ਪਾਰਟੀ (ਆਪ) ਪੰਜਾਬ ਨੇ ਦੋਸ਼ ਲਾਇਆ ਹੈ ਕਿ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਵੀ ਪਿਛਲੀ ਬਾਦਲ ਸਰਕਾਰ ਵਾਂਗ ਰੇਤ ਮਾਫ਼ੀਆ ਦੀ ਸ਼ਰੇਆਮ ਪੁਸ਼ਤ-ਪਨਾਹੀ ਕਰਨ ਲੱਗ ਪਈ ਹੈ। ਇਹੋ ਵਜ੍ਹਾ ਹੈ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸੂਬੇ ਵਿਚ ਧੜੱਲੇ ਨਾਲ ਚੱਲ ਰਹੀ ਨਾਜਾਇਜ਼ ਮਾਈਨਿੰਗ ਦਾ ਸਮੁੱਚਾ ਮਾਮਲਾ ਸੀ. ਬੀ. ਆਈ. ਜਾਂਚ ਹਵਾਲੇ ਕਰਨ ਤੋਂ ਭੱਜ ਰਹੇ ਹਨ। 'ਆਪ' ਵਲੋਂ ਜਾਰੀ ਬਿਆਨ ਰਾਹੀਂ ਪਾਰਟੀ ਦੇ ਸੂਬਾ ਸਹਿ-ਪ੍ਰਧਾਨ ਡਾ. ਬਲਬੀਰ ਸਿੰਘ ਨੇ ਕਿਹਾ ਕਿ ਆਮ ਆਦਮੀ ਪਾਰਟੀ ਰੇਤ ਮਾਫ਼ੀਆ ਵਿਰੁੱਧ ਫ਼ੈਸਲਾਕੁੰਨ ਲੜਾਈ ਲੜੇਗੀ ਅਤੇ ਅਕਾਲੀ-ਭਾਜਪਾ ਸਰਕਾਰ ਦੇ ਕਾਰਜਕਾਲ ਤੋਂ ਲੈ ਕੇ ਹੁਣ ਤੱਕ ਜਾਰੀ ਅਰਬਾਂ ਰੁਪਏ ਦੀ ਇਸ ਲੁੱਟ ਦੀ ਜਾਂਚ ਸੀ. ਬੀ. ਆਈ. ਹਵਾਲੇ ਕਰਾਉਣ ਲਈ ਦਬਾਅ ਬਣਾਵੇਗੀ। ਸੜਕਾਂ ਤੋਂ ਲੈ ਕੇ ਸੰਸਦ ਤਕ ਆਵਾਜ਼ ਉਠਾਈ ਜਾਵੇਗੀ ਅਤੇ ਲੋਕਾਂ ਦੀ ਕਚਹਿਰੀ ਵਿਚ ਬਾਦਲਾਂ ਵਾਂਗ ਕੈਪਟਨ ਸਰਕਾਰ ਦੇ ਰਾਜ ਵਿਚ ਚੱਲ ਰਹੇ ਮਾਫ਼ੀਆ ਰਾਜ ਦਾ ਪਰਦਾਫਾਸ਼ ਕੀਤਾ ਜਾਵੇਗਾ। ਲੋੜ ਪੈਣ 'ਤੇ ਅਦਾਲਤ ਦਾ ਦਰਵਾਜ਼ਾ ਵੀ ਖੜਕਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਕੈਪਟਨ ਸਰਕਾਰ ਦੀ ਸਰਪ੍ਰਸਤੀ ਹੇਠ ਰੇਤ ਮਾਫ਼ੀਆ ਦੇ ਹੌਸਲੇ ਇਸ ਕਦਰ ਵਧ ਗਏ ਹਨ ਕਿ ਸਰਕਾਰੀ ਅਧਿਕਾਰੀਆਂ ਅਤੇ ਕਰਮਚਾਰੀਆਂ 'ਤੇ ਵਾਰ-ਵਾਰ ਹਮਲੇ ਹੋ ਰਹੇ ਹਨ, ਹੁਣ ਵਿਧਾਇਕ ਅਤੇ ਵਰਦੀਧਾਰੀ ਸੁਰੱਖਿਆ ਕਰਮਚਾਰੀ ਵੀ ਇਸ ਗੁੰਡਾਗਰਦੀ ਦਾ ਸ਼ਿਕਾਰ ਹੋਣ ਲੱਗੇ ਹਨ। ਉਨ੍ਹਾਂ ਪੰਜਾਬ ਕਾਂਗਰਸ ਅਤੇ ਅਕਾਲੀਆਂ ਦੇ 'ਆਪ' ਵਿਧਾਇਕ ਅਮਰਜੀਤ ਸਿੰਘ ਸੰਦੋਆ 'ਤੇ ਮਾਈਨਿੰਗ ਮਾਫੀਆ ਨਾਲ ਸਬੰਧਾਂ ਦੇ ਦੋਸ਼ਾਂ ਨੂੰ ਰੱਦ ਕਰਦੇ ਹੋਏ ਕਿਹਾ ਕਿ ਬਿਨਾਂ ਸਬੂਤਾਂ ਦੇ ਦੋਸ਼ ਲਾ ਕੇ ਉਹ ਰੇਤ ਮਾਫ਼ੀਆ ਨੂੰ ਆਪਣੀ ਦਿੱਤੀ ਜਾ ਰਹੀ ਸਰਪ੍ਰਸਤੀ 'ਤੇ ਪਰਦਾ ਨਹੀਂ ਪਾ ਸਕਦੇ।