ਹਰ ਸਾਲ ਹੀ ਕਿਉਂ ਸੜ ਜਾਂਦੀ ਹੈ ਬਿਜਲੀ ਸਪਾਰਕਿੰਗ ਨਾਲ ਖੇਤਾਂ ''ਚ ਖੜ੍ਹੀ ਕਣਕ

Monday, Apr 02, 2018 - 06:00 AM (IST)

ਤਲਵੰਡੀ ਭਾਈ, (ਪਾਲ)— ਹਰ ਸਾਲ ਦੇਸ਼ ਦੇ ਅੰਨਦਾਤੇ ਵੱਲੋਂ ਆਪਣੀ ਸਖਤ ਮਿਹਨਤ ਨਾਲ ਕਣਕ ਦੀ ਪੈਦਾਵਾਰ ਕੀਤੀ ਜਾਂਦੀ ਹੈ ਪਰ ਜਦੋਂ ਕਿਸਾਨਾਂ ਦੀ ਫਸਲ ਪੱਕ ਕੇ ਸੋਨੇ ਵਾਂਗ ਖੇਤਾਂ ਵਿਚ ਚਕਮਣ ਲੱਗਦੀ ਹੈ ਤਾਂ ਪਾਵਰਕਾਮ ਦੇ ਕੁਝ ਅਧਿਕਾਰੀਆਂ ਦੀ ਅਣਗਹਿਲੀ ਕਾਰਨ ਕਣਕ ਦੇ ਖੇਤਾਂ 'ਚੋਂ ਲੰਘਦੀਆਂ ਢਿੱਲੀਆਂ ਤੇ ਲਮਕਦੀਆਂ ਹਾਈ ਵੋਲਟੇਜ ਬਿਜਲੀ ਦੀਆਂ ਤਾਰਾਂ ਜਾਂ ਖੇਤਾਂ ਵਿਚ ਲੱਗੇ ਤਿੰਨ ਫੇਜ਼ ਬਿਜਲੀ ਸਪਲਾਈ ਕਰਨ ਵਾਲੇ ਟਰਾਂਸਫਾਰਮਰਾਂ ਦੀਆਂ ਢਿੱਲੀਆਂ ਸਵਿੱਚਾਂ 'ਚੋਂ ਸਪਾਰਕਿੰਗ ਹੋਣ ਕਾਰਨ ਪੈਦਾ ਹੋਈ ਬਿਜਲੀ ਦੀ ਚੰਗਿਆੜੀ ਨਾਲ ਸੋਨੇ ਰੰਗੀ ਕਣਕ ਦੀ ਫਸਲ ਦੇਖਦੇ ਹੀ ਦੇਖਦੇ ਅੱਗ ਦੇ ਭਾਂਬੜ ਬਣ ਕੇ ਰਾਖ ਦੀ ਢੇਰੀ ਵਿਚ ਤਬਦੀਲ ਹੋ ਜਾਂਦੀ ਹੈ। 
ਕੀ ਕਹਿਣਾ ਹੈ ਵਾਢੀ ਕਰਨ ਲਈ ਤਿਆਰ ਹੋ ਰਹੇ ਕਾਮਿਆਂ ਦਾ
ਪੰਜਾਬ ਭਰ ਵਿਚ ਇਕਾ-ਦੁਕਾ ਲੋਕਾਂ ਨੂੰ ਛੱਡ ਕੇ ਅਸਲ ਕਣਕ ਦੀ ਵਾਢੀ ਦਾ ਕੰਮ ਵਿਸਾਖੀ ਵਾਲੇ ਦਿਨ ਤੋਂ ਹੀ ਆਰੰਭ ਕੀਤਾ ਜਾਂਦਾ ਹੈ। ਇਸ ਲਈ ਹੱਥੀਂ ਵਾਢੀ ਕਰਨ ਤੇ ਕੰਬਾਈਨਾਂ ਨਾਲ ਕਣਕ ਦੀ ਕਟਾਈ ਕਰਨ ਲਈ ਵਿਸਾਖੀ ਵਾਲੇ ਦਿਨ ਤੋਂ ਕਈ ਦਿਨ ਪਹਿਲਾਂ ਹੀ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਜਾਂਦੀਆਂ ਹਨ। ਹੁਣ ਕਣਕ ਦੀ ਕਟਾਈ ਦਾ ਸੀਜ਼ਨ ਕੁਝ ਹੀ ਦਿਨਾਂ ਵਿਚ ਜੰਗੀ ਪੱਧਰ 'ਤੇ ਸ਼ੁਰੂ ਹੋਣ ਵਾਲਾ ਹੈ ਪਰ ਪਾਵਰਕਾਮ ਕਿਸਾਨਾਂ ਦੇ ਖੇਤਾਂ 'ਚੋਂ ਬਿਲਕੁਲ ਥੱਲੇ ਲਮਕੇ ਕੇ ਗੁਜ਼ਰਦੀਆਂ ਢਿੱਲੀਆਂ ਤੇ ਨੀਵੀਆਂ ਬਿਜਲੀ ਦੀਆਂ ਤਾਰਾਂ ਨੂੰ ਕੱਸਣ ਲਈ ਕੋਈ ਵਿਸ਼ੇਸ਼ ਉਪਰਾਲੇ ਕਰਦਾ ਦਿਖਾਈ ਨਹੀਂ ਦੇ ਰਿਹਾ, ਜਿਸ ਕਾਰਨ ਮਿਹਨਤਕਸ਼ ਕਿਸਾਨਾਂ ਦੇ ਮੱਥੇ 'ਤੇ ਚਿੰਤਾਵਾਂ ਦੀਆਂ ਲਕੀਰਾਂ ਸਾਫ ਉਭਰਨੀਆਂ ਸ਼ੁਰੂ ਹੋ ਗਈਆਂ ਹਨ। ਕਿਸਾਨਾਂ ਨੇ ਕਿਹਾ ਕਿ ਕਈ ਵਾਰ ਤਾਂ ਕੰਬਾਈਨ ਨਾਲ ਕਣਕ ਦੀ ਕਟਾਈ ਕਰਦੇ ਸਮੇਂ ਨੀਵੀਆਂ ਤਾਰਾਂ ਮਜ਼ਦੂਰਾਂ ਦੇ ਸਿਰ ਨਾਲ ਟਕਰਾ ਜਾਣ ਨਾਲ ਉਨ੍ਹਾਂ ਦੀ ਮੌਕੇ 'ਤੇ ਹੀ ਮੌਤ ਤੱਕ ਵੀ ਹੋ ਜਾਂਦੀ ਹੈ, ਜਿਸ ਦਾ ਖਮਿਆਜ਼ਾ ਵੀ ਪੀੜਤ ਪਰਿਵਾਰਾਂ ਨੂੰ ਭੁਗਤਣਾ ਪੈਂਦਾ ਹੈ।
ਕੀ ਕਹਿੰਦੇ ਨੇ ਫਸਲਾਂ ਦੇ ਰਾਖੇ ਕਿਸਾਨ
ਤਲਵੰਡੀ ਭਾਈ ਦੇ ਕਿਸਾਨ ਸਹਿਦੇਵ ਸਿੰਘ ਬਰਾੜ, ਗੁਰਬਖਸ਼ ਸਿੰਘ ਮੱਪਾ ਬਰਾੜ, ਪ੍ਰਿਤਪਾਲ ਸਿੰਘ ਵੜਿੰਗ ਤੇ ਬਲਦੇਵ ਸਿੰਘ ਬਰਾੜ ਨੇ ਗੱਲਬਾਤ ਕਰਦਿਆਂ ਕਿਹਾ ਕਿ ਕਣਕਾਂ ਦੀ ਇਸ ਅੱਗ ਲੱਗਣ ਵਾਲੀ ਆਫਤ ਨੂੰ ਥੋੜ੍ਹੀ ਜਿਹੀ ਕੋਸ਼ਿਸ਼ ਅਤੇ ਸਾਵਧਾਨੀ ਨਾਲ ਟਾਲਿਆ ਜਾ ਸਕਦਾ ਹੈ, ਜੇਕਰ ਬਿਜਲੀ ਮਹਿਕਮਾ ਖੇਤਾਂ ਵਿਚ ਹਰੀਆਂ ਖੜ੍ਹੀਆਂ ਕਣਕਾਂ ਦੇ ਸਮੇਂ ਹੀ ਤਾਰਾਂ ਨੂੰ ਕੱਸ ਕੇ ਸ਼ਾਰਟ-ਸਰਕਟ ਹੋਣ ਤੋਂ ਬਚਾ ਕਰ ਦੇਵੇ। ਉਨ੍ਹਾਂ ਕਿਹਾ ਕਿ ਬੇਸ਼ੱਕ ਸਰਕਾਰਾਂ ਵੱਲੋਂ ਕਿਸਾਨਾਂ ਨੂੰ ਬਿਜਲੀ ਦੇ ਸ਼ਾਰਟ-ਸਰਕਟ ਦੇ ਕਾਰਨ ਸੜੀ ਕਣਕ ਦੀ ਫਸਲ ਲਈ ਮੁਆਵਜ਼ੇ ਦੇ ਰੂਪ ਵਿਚ ਪ੍ਰਤੀ ਏਕੜ ਦੇ ਹਿਸਾਬ ਸਹਾਇਤਾ ਵਜੋਂ ਕੁਝ ਰਾਸ਼ੀ ਦਿੱਤੀ ਜਾਂਦੀ ਹੈ ਪਰ ਇਸ ਸਮੱਸਿਆ ਦਾ ਕੋਈ ਸਥਾਈ ਹੱਲ ਨਹੀਂ ਕੀਤਾ ਜਾਂਦਾ, ਜਿਸ ਕਾਰਨ ਕਿਸਾਨਾਂ ਵਿਚ ਭਾਰੀ ਚਿੰਤਾ ਪਾਈ ਜਾ ਰਹੀ ਹੈ।
ਕਿਵੇਂ ਅੱਗ ਦੀ ਭੇਟ ਚੜ੍ਹ ਜਾਂਦੀ ਹੈ ਲੱਖਾਂ ਦੀ ਫਸਲ
ਪੱਕੀਆਂ ਕਣਕਾਂ ਨੂੰ ਅੱਗ ਲੱਗਣ ਦੀ ਆਫਤ ਇਕ ਅਜਿਹੀ ਆਫਤ ਹੈ, ਜੋ ਇਨ੍ਹਾਂ ਦਿਨਾਂ ਵਿਚ ਹਰ ਸਾਲ ਬਿਨ ਬੁਲਾਏ ਆਉਂਦੀ ਹੈ ਤੇ ਉਸ ਵਕਤ ਖੇਤਾਂ ਵਿਚ ਬਲਦੀਆਂ ਅੱਗ ਦੀਆਂ ਲਪਟਾਂ ਨੂੰ ਬੁਝਾਉਣ ਲਈ ਸਾਡੀਆਂ ਇਹ ਫਾਇਰ ਬ੍ਰਿਗੇਡ ਵਾਲੀਆਂ ਗੱਡੀਆਂ ਵੀ ਖੇਤਾਂ ਵਿਚ ਜਾਣ ਲਈ ਢੁਕਵਾਂ ਰਸਤਾ ਨਾ ਹੋਣ ਕਾਰਨ ਸਮੇਂ 'ਤੇ ਨਹੀਂ ਪਹੁੰਚ ਸਕਦੀਆਂ ਅਤੇ ਵੇਖਦੇ ਹੀ ਵੇਖਦੇ ਕਿਸਾਨਾਂ ਦਾ ਲੱਖਾਂ ਰੁਪਏ ਦਾ ਨੁਕਸਾਨ ਹੋ ਜਾਣ ਕਾਰਨ ਸਭ ਦੇ ਸੁਪਨੇ ਢਹਿ-ਢੇਰੀ ਹੋ ਜਾਂਦੇ ਹਨ।
ਕੀ ਕਹਿਣਾ ਹੈ ਪਾਵਰਕਾਮ ਦੇ ਉੱਚ ਅਧਿਕਾਰੀਆਂ ਤੇ ਕਰਮਚਾਰੀਆਂ ਦਾ
ਇਸ ਸਬੰਧੀ ਜਦੋਂ ਪਾਵਰਕਾਮ ਦੇ ਸਬ-ਡਵੀਜ਼ਨ ਤਲਵੰਡੀ ਭਾਈ 'ਚ ਤਾਇਨਾਤ ਉੱਚ ਅਧਿਕਾਰੀਆਂ ਅਤੇ ਕਰਮਚਾਰੀਆਂ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਕਿਹਾ ਕਿ ਜੇਕਰ ਕਿਸਾਨਾਂ ਦੇ ਖੇਤਾਂ ਵਿਚ ਢਿੱਲੀਆਂ ਤੇ ਨੀਵੀਆਂ ਤਾਰਾਂ ਕੀਤੇ ਵੀ ਲਮਕਣ ਦੀ ਸ਼ਿਕਾਇਤ ਮਿਲਦੀ ਹੈ ਤਾਂ ਇਸ ਪਾਸੇ ਵੱਲ ਤੁਰੰਤ ਧਿਆਨ ਦੇ ਕੇ ਉਨ੍ਹਾਂ ਢਿੱਲੀਆਂ ਤਾਰਾਂ ਅਤੇ ਨਵੀਆਂ ਤਾਰਾਂ ਨੂੰ ਠੀਕ ਕਰਵਾਇਆ ਜਾਂਦਾ ਹੈ ਪਰ ਜੇਕਰ ਕੋਈ ਕਿਸਾਨ ਇਸ ਸਬੰਧੀ ਸਾਡੇ ਧਿਆਨ ਵਿਚ ਹੀ ਨਹੀਂ ਲਿਆਉਂਦਾ ਤਾਂ ਦੱਸੋ ਅਸੀਂ ਕੀ ਕਰ ਸਕਦੇ ਹਾਂ। ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਕਣਕ ਦੇ ਸੀਜ਼ਨ ਦੌਰਾਨ ਦਿਨ ਵੇਲੇ ਤਿੰਨ ਫੇਜ਼ ਬਿਜਲੀ ਦੀ ਖੇਤਾਂ ਵਾਲੀ ਸਪਲਾਈ ਦਾ ਕੱਟ ਵੀ ਲਾਇਆ ਜਾਂਦਾ ਹੈ ਤਾਂ ਜੋ ਕਿਸੇ ਵੀ ਸੂਰਤ ਵਿਚ ਦਿਨ ਵੇਲੇ ਕੰਬਾਈਨਾਂ ਨਾਲ ਕਟਾਈ ਕਰਦੇ ਸਮੇਂ ਬਿਜਲੀ ਦਾ ਸ਼ਾਰਟ- ਸਰਕਟ ਸਪਾਰਕ ਨਾ ਹੋਵੇ। ਉਨ੍ਹਾਂ ਆਖਿਆ ਕਿ ਇਸ ਵਾਰ ਹੋਈਆਂ ਬੇਮੌਸਮੀ ਬਾਰਿਸ਼ਾਂ ਤੇ ਤੇਜ਼ ਹਨੇਰੀਆਂ ਕਾਰਨ ਕਈ ਥਾਵਾਂ 'ਤੇ ਬਿਜਲੀ ਦੇ ਖੰਭੇ ਵਗੈਰਾ ਟੇਡੇ ਹੋਣ ਕਾਰਨ ਬਿਜਲੀ ਦੀਆਂ ਤਾਰਾਂ ਢਿੱਲੀਆਂ ਹੋਣ ਦੀ ਜੇਕਰ ਕੋਈ ਨੋਬਿਤ ਆਈ ਹੈ ਤਾਂ ਕਿਸਾਨ ਵੀਰ ਜਦੋਂ ਮਰਜ਼ੀ ਆ ਕੇ ਸਾਡੇ ਦਫਤਰ ਸਾਨੂੰ ਕਿਸੇ ਵੀ ਤਰ੍ਹਾਂ ਦੀ ਬਿਜਲੀ ਸਪਾਰਕਿੰਗ ਦੀ ਸ਼ਿਕਾਇਤ ਕਰਨ ਤਾਂ ਉਸ ਦਾ ਤੁਰੰਤ ਹੱਲ ਕੀਤਾ ਜਾਵੇਗਾ। 
ਪਾਵਰਕਾਮ ਮਹਿਕਮੇ ਤੋਂ ਤਾਰਾਂ ਕਸਵਾਉਣ ਦੀ ਮੰਗ
ਕਿਸਾਨ ਆਗੂ ਭੁਪਿੰਦਰ ਸਿੰਘ, ਬਲਦੇਵ ਸਿੰਘ ਸਰਾਂ, ਬਲਰਾਜ ਸਿੰਘ, ਕਿਰਪਾਲ ਸਿੰਘ, ਰਣਜੀਤ ਸਿੰਘ, ਜਸਵੰਤ ਸਿੰਘ ਤੇ ਅਨੋਖ ਸਿੰਘ ਸਮੇਤ ਹੋਰ ਵੀ ਕਈ ਪਿੰਡਾਂ ਦੇ ਕਿਸਾਨਾਂ ਨੇ ਕਿਹਾ ਕਿ ਪਾਵਰਕਾਮ ਦੇ ਕੁਝ ਅਧਿਕਾਰੀਆਂ ਅਤੇ ਕਰਮਚਾਰੀਆਂ ਦੀ ਅਣਗਹਿਲੀ ਕਾਰਨ ਹਰ ਸਾਲ ਹਜ਼ਾਰਾਂ ਟਨ ਕਣਕ ਬਿਜਲੀ ਦੇ ਸ਼ਾਰਟ-ਸਰਕਟ ਕਾਰਨ ਨਿਕਲੀਆਂ ਚੰਗਿਆੜੀਆਂ ਨਾਲ ਅੱਗ ਲੱਗ ਕੇ ਸੁਆਹ ਹੋ ਜਾਂਦੀ ਹੈ। ਇਸ ਲਈ ਪਾਵਰਕਾਮ ਦੀ ਪੂਰੀ-ਪੂਰੀ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਕਿਸਾਨਾਂ ਦੇ ਖੇਤਾਂ 'ਚੋਂ ਗੁਜ਼ਰਦੀਆਂ ਢਿੱਲੀਆਂ ਤੇ ਨੀਵੀਆਂ ਤਾਰਾਂ ਨੂੰ ਸਮਾਂ ਰਹਿੰਦੇ ਹੀ ਠੀਕ ਤਰ੍ਹਾਂ ਨਾਲ ਕੱਸ ਦਿਆ ਕਰਨ, ਜਿਸ ਨਾਲ ਲੋਕਾਂ ਦਾ ਭਾਰੀ ਨੁਕਸਾਨ ਹੋਣ ਤੋਂ ਬਚਾਇਆ ਜਾ ਸਕਦਾ ਹੈ। 


Related News