ਨੈਤਿਕ ਆਦਰਸ਼ਵਾਦ ਦਾ ਢਿੰਡੋਰਾ ਪਿੱਟਣ ਵਾਲੀ ਭਾਜਪਾ ਹੁਣ ਖੱਟੜ ਦੇ ਮਾਮਲੇ ''ਚ ਚੁੱਪ ਕਿਉਂ? - ਪ੍ਰੋ. ਦਰਬਾਰੀ ਲਾਲ
Tuesday, Sep 12, 2017 - 08:05 AM (IST)
ਅੰਮ੍ਰਿਤਸਰ - ਸਾਬਕਾ ਡਿਪਟੀ ਸਪੀਕਰ ਪ੍ਰੋ. ਦਰਬਾਰੀ ਲਾਲ ਨੇ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਵਲੋਂ ਪੰਚਕੂਲਾ ਹਿੰਸਾ ਦਾ ਠੀਕਰਾ ਪੰਜਾਬ ਦੇ ਸਿਰ 'ਤੇ ਭੰਨਣ 'ਤੇ ਸਖਤ ਪ੍ਰਤੀਕਿਰਿਆ ਜ਼ਾਹਿਰ ਕਰਦਿਆਂ ਕਿਹਾ ਕਿ ਖੱਟੜ ਆਪਣੀਆਂ ਅਸਫਲਤਾਵਾਂ ਲਈ ਖੁਦ ਜ਼ਿੰਮੇਵਾਰ ਹਨ। ਪੰਚਕੂਲਾ ਹਿੰਸਾ ਨਾਲ ਪੰਜਾਬ ਸਰਕਾਰ ਦਾ ਕੋਈ ਲੈਣਾ-ਦੇਣਾ ਨਹੀਂ ਹੈ। ਪੰਚਕੂਲਾ ਹਰਿਆਣਾ ਦਾ ਜ਼ਿਲਾ ਹੈ ਨਾ ਕਿ ਪੰਜਾਬ ਦਾ।
ਉਨ੍ਹਾਂ ਪੰਜਾਬ ਪੁਲਸ ਦੇ 8 ਜਵਾਨਾਂ 'ਤੇ ਦੋਸ਼ ਲਾਉਂਦੇ ਹੋਏ ਕਿਹਾ ਸੀ ਕਿ ਇਹ ਜਵਾਨ ਰਾਮ ਰਹੀਮ ਨੂੰ ਭਜਾਉਣ ਦੀ ਤਾਕ 'ਚ ਸਨ। ਉਨ੍ਹਾਂ ਕਿਹਾ ਕਿ ਕੀ ਉਨ੍ਹਾਂ ਨੂੰ ਇਹ ਆਕਾਸ਼ਵਾਣੀ ਹੋਈ ਹੈ ਜਾਂ ਇਸ ਤਰ੍ਹਾਂ ਦਾ ਆਧਾਰਹੀਣ ਬਿਆਨ ਦੇ ਕੇ ਉਹ ਹਰਿਆਣਾ ਵਾਸੀਆਂ ਨੂੰ ਗੁੰਮਰਾਹ ਕਰ ਰਹੇ ਹਨ।
ਉਨ੍ਹਾਂ ਕਿਹਾ ਕਿ ਇਕ ਆਦਮੀ ਭਾਵੇਂ ਉਹ ਕਿੰਨਾ ਵੀ ਵੱਡਾ ਕਿਉਂ ਨਾ ਹੋਵੇ, ਦੇ ਪੇਸ਼ੀ 'ਤੇ ਜਾਣ ਮੌਕੇ ਇੰਨੀ ਵੱਡੀ ਹਿੰਸਾ ਹੋ ਜਾਵੇ, ਇਹ ਹਰਿਆਣਾ ਸਰਕਾਰ ਦੀ ਸਭ ਤੋਂ ਵੱਡੀ ਤ੍ਰਾਸਦੀ ਹੈ। ਸਰਕਾਰ ਨੇ ਪਹਿਲਾਂ ਧਾਰਾ-144 ਲਾਗੂ ਕਰ ਦਿੱਤੀ ਪਰ ਇਸ ਦੇ ਬਾਵਜੂਦ ਪੰਚਕੂਲਾ ਵਿਚ 2 ਲੱਖ ਤੋਂ ਜ਼ਿਆਦਾ ਲੋਕਾਂ ਦਾ ਇਕੱਠੇ ਹੋ ਜਾਣਾ ਸਮਝ ਤੋਂ ਬਾਹਰ ਹੈ। ਇੰਨੇ ਵੱਡੇ ਸਮੂਹ ਨੂੰ ਸ਼ਾਂਤ ਰੱਖਣਾ ਮੁਸ਼ਕਲ ਹੀ ਨਹੀਂ, ਬਲਕਿ ਅਸੰਭਵ ਕਾਰਜ ਸੀ। ਅਸਲ ਵਿਚ ਖੱਟੜ ਦੇ ਕਈ ਮੰਤਰੀ ਰਾਮ ਰਹੀਮ ਦਾ ਖੁੱਲ੍ਹ ਕੇ ਸਮਰਥਨ ਕਰ ਰਹੇ ਸਨ।
ਉਨ੍ਹਾਂ ਕਿਹਾ ਕਿ ਪੰਚਕੂਲਾ 'ਚ ਇੰਨੇ ਵੱਡੇ ਪੈਮਾਨੇ 'ਤੇ ਜਾਨ-ਮਾਲ ਦਾ ਨੁਕਸਾਨ ਹੋਇਆ, ਜਦਕਿ ਪੰਜਾਬ ਵਿਚ ਕੈਪਟਨ ਅਮਰਿੰਦਰ ਸਿੰਘ ਨੇ ਆਪਣੀ ਕਾਰਜਕੁਸ਼ਲਤਾ ਨਾਲ ਸਥਿਤੀ ਨੂੰ ਕੰਟਰੋਲ ਵਿਚ ਰੱਖਿਆ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨੇ ਖੱਟੜ ਕੋਲੋਂ ਨੈਤਿਕ ਆਧਾਰ 'ਤੇ ਅਸਤੀਫਾ ਲੈਣ ਦੀ ਬਜਾਏ ਉਸ ਦਾ ਸਮਰਥਨ ਕੀਤਾ ਅਤੇ ਪੰਚਕੂਲਾ ਹਿੰਸਾ ਨੇ ਹਰਿਆਣਾ ਦੇ ਇਤਿਹਾਸ 'ਚ ਕਤਲੋ-ਗਾਰਤ ਦੇ ਸਾਰੇ ਰਿਕਾਰਡ ਤੋੜ ਦਿੱਤੇ। ਪ੍ਰੋ. ਦਰਬਾਰੀ ਲਾਲ ਨੇ ਕਿਹਾ ਕਿ ਭਾਜਪਾ ਪਿਛਲੇ ਕਈ ਸਾਲਾਂ ਤੋਂ ਨੈਤਿਕ ਆਦਰਸ਼ਵਾਦ ਦਾ ਢਿੰਡੋਰਾ ਪਿੱਟਦੀ ਰਹੀ ਹੈ ਪਰ ਪਤਾ ਨਹੀਂ ਹੁਣ ਖੱਟੜ ਦੇ ਮਾਮਲੇ ਵਿਚ ਮੂਕਦਰਸ਼ਕ ਬਣ ਕੇ ਕਿਉਂ ਬੈਠ ਗਈ ਹੈ।
