ਕਤਲ ਤੇ ਲੁੱਟਾਂ-ਖੋਹਾਂ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲਾ ਬੀ. ਏ. ਪਾਸ ਕਮਲਜੀਤ ਕਾਬੂ

Sunday, Apr 22, 2018 - 02:44 AM (IST)

ਕਤਲ ਤੇ ਲੁੱਟਾਂ-ਖੋਹਾਂ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲਾ ਬੀ. ਏ. ਪਾਸ ਕਮਲਜੀਤ ਕਾਬੂ

ਬਟਾਲਾ, (ਬੇਰੀ, ਵਿਪਨ, ਅਸ਼ਵਨੀ, ਯੋਗੀ, ਰਾਘਵ, ਖੋਖਰ)-  ਸੀ. ਆਈ. ਏ. ਸਟਾਫ ਬਟਾਲਾ ਅਤੇ ਥਾਣਾ ਕਿਲਾ ਲਾਲ ਸਿੰਘ ਦੀ ਪੁਲਸ ਵਲੋਂ ਕਤਲ ਤੇ ਲੁੱਟਾਂ-ਖੋਹਾਂ ਕਰਨ ਵਾਲੇ ਦੋਸ਼ੀ ਨੂੰ ਗ੍ਰਿਫਤਾਰ ਕਰਨ ਦਾ ਸਮਾਚਾਰ ਮਿਲਿਆ ਹੈ।ਇਸ ਸਬੰਧੀ ਪ੍ਰੈੱਸ ਕਾਨਫਰੰਸ ਦੌਰਾਨ ਆਪਣੇ ਦਫਤਰ ਵਿਖੇ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਉਪਿੰਦਰਜੀਤ ਸਿੰਘ ਘੁੰਮਣ ਪੀ. ਪੀ. ਐੱਸ. ਸੀਨੀਅਰ ਕਪਤਾਨ ਪੁਲਸ ਬਟਾਲਾ ਨੇ ਕਿਹਾ ਕਿ ਪੁਲਸ ਨੂੰ ਗੁਪਤ ਸੂਚਨਾ ਮਿਲੀ ਕਿ ਕਮਲਜੀਤ ਸਿੰਘ ਉਰਫ ਟਿੰਕੂ ਪੁੱਤਰ ਅਜੀਤ ਸਿੰਘ ਵਾਸੀ ਕਾਲਾ ਅਫਗਾਨਾ ਆਪਣੇ ਹੋਰ ਸਾਥੀਆਂ ਨਾਲ ਮਿਲ ਕੇ ਲਾਇਸੈਂਸੀ ਰਿਵਾਲਵਰ ਨਾਲ ਲੁੱਟਾਂ-ਖੋਹਾਂ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੰਦਾ ਹੈ, ਜਿਸ ਤੋਂ ਤੁਰੰਤ ਬਾਅਦ ਸੁੱਚਾ ਸਿੰਘ ਬੱਲ ਉਪ-ਕਪਤਾਨ ਪੁਲਸ ਸਿਟੀ ਬਟਾਲਾ ਦੀ ਨਿਗਰਾਨੀ ਹੇਠ ਇੰਸਪੈਕਟਰ ਅਰਵਿੰਦਰ ਸਿੰਘ ਇੰਚਾਰਜ ਸੀ. ਆਈ. ਏ. ਬਟਾਲਾ, ਮੁੱਖ ਅਫਸਰ ਥਾਣਾ ਕਿਲਾ ਲਾਲ ਸਿੰਘ, ਅਮੋਲਕਦੀਪ ਸਿੰਘ ਅਤੇ ਏ. ਐੱਸ. ਆਈ. ਦਲਜੀਤ ਸਿੰਘ ਪੱਡਾ ਨੇ ਕਮਲਜੀਤ ਸਿੰਘ ਨੂੰ ਮੋਟਰਸਾਈਕਲ 'ਤੇ ਆਉਂਦਾ ਦੇਖ ਕਾਬੂ ਕੀਤਾ ਅਤੇ ਤਲਾਸ਼ੀ ਦੌਰਾਨ ਉਸ ਕੋਲੋਂ ਰਿਵਾਲਵਰ 32 ਬੋਰ, 5 ਜ਼ਿੰਦਾ ਕਾਰਤੂਸ ਅਤੇ ਮੋਟਰਸਾਈਕਲ ਬਰਾਮਦ ਕੀਤਾ ਤੇ ਸਖਤੀ ਨਾਲ ਪੁੱਛਗਿੱਛ ਕੀਤੀ, ਜਿਸ ਨੇ ਹੇਠਾਂ ਦਰਸਾਈਆਂ ਵਾਰਦਾਤਾਂ ਨੂੰ ਅੰਜਾਮ ਦੇਣਾ ਮੰਨਿਆ ਹੈ।
ਐੱਸ. ਐੱਸ. ਪੀ. ਘੁੰਮਣ ਨੇ ਅੱਗੇ ਦੱਸਿਆ ਕਿ ਮੁੱਢਲੀ ਪੁੱਛਗਿੱਛ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਕਮਲਜੀਤ ਸਿੰਘ ਉਰਫ ਟਿੰਕੂ ਨੇ ਸਾਲ 1996 'ਚ ਬੀ. ਏ. ਪਾਸ ਕੀਤੀ ਸੀ। ਇਸ ਦੀ 3 ਏਕੜ ਜ਼ਮੀਨ ਹੈ, ਪੜ੍ਹਾਈ ਤੋਂ ਬਾਅਦ ਇਹ ਸਿਆਸਤ 'ਚ ਪੈ ਗਿਆ ਤੇ ਘਰੇਲੂ ਕੰਮਕਾਰ ਛੱਡ ਕੇ ਵਿਹਲਾ ਰਹਿ ਕੇ ਫੋਕੀ ਟੌਹਰ ਨਾਲ ਜ਼ਿੰਦਗੀ ਬਤੀਤ ਕਰਨ ਲੱਗ ਪਿਆ। ਉਹ ਖਰਚਾ ਜ਼ਿਆਦਾ ਹੋਣ ਕਰਕੇ ਦਿਮਾਗੀ ਬੋਝ ਕਾਰਨ ਹੈਰੋਇਨ ਦਾ ਨਸ਼ਾ ਕਰਨ ਲੱਗ ਪਿਆ। ਇਸ ਦੇ ਸਬੰਧ ਬਲਜੀਤ ਸਿੰਘ ਉਰਫ ਕੁੱਕੂ ਪੁੱਤਰ ਸੁਲੱਖਣ ਸਿੰਘ ਵਾਸੀ ਘਣੀਏ ਕੇ ਬਾਂਗਰ ਨਾਲ ਬਣ ਗਏ, ਜੋ ਨਸ਼ੇ ਵੇਚਦਾ ਸੀ। ਕਮਲਜੀਤ ਦੀ ਬਲਜੀਤ ਸਿੰਘ ਨਾਲ ਨੇੜਤਾ ਜ਼ਿਆਦਾ ਵਧ ਗਈ, ਜੋ ਪੇਸ਼ੇ ਤੋਂ ਟਰੱਕ ਡਰਾਈਵਰ ਹੈ ਅਤੇ ਦੋਵਾਂ ਨੇ ਮਿਲ ਕੇ ਘਟਨਾਵਾਂ ਨੂੰ ਅੰਜਾਮ ਦਿੱਤਾ। 
1. 13 ਅਕਤੂਬਰ 2017 ਨੂੰ ਆਪਣੇ ਦੋਸਤ ਬਲਜੀਤ ਸਿੰਘ ਉਰਫ ਕੁੱਕੂ ਕਾਹਲੋਂ ਪੁੱਤਰ ਸੁਲੱਖਣ ਸਿੰਘ ਵਾਸੀ ਘਣੀਏ ਕੇ ਬਾਂਗਰ ਨਾਲ ਮਿਲ ਕੇ ਬੱਸ ਸਟੈਂਡ ਬਟਾਲਾ ਤੋਂ ਯਸ਼ਪਾਲ ਪੁੱਤਰ ਰਾਮਚੰਦ ਵਾਸੀ ਅਵਾਖਾਂ, ਪੁਰਾਣੀ ਆਬਾਦੀ ਦੀਨਾਨਗਰ, ਜੋ ਐੱਫ. ਸੀ. ਆਈ. ਗੋਦਾਮ 'ਚ ਮਾਲ ਲੋਡਿੰਗ ਕਰਨ ਵਾਲੀ ਲੇਬਰ ਦਾ ਮੁਨਸ਼ੀ ਸੀ, ਜੋ ਆਪਣੇ ਮਾਲਕ ਤੋਂ ਰੋਜ਼ਾਨਾ ਪੈਸੇ ਲਿਆ ਕੇ ਲੇਬਰ/ਟਰੱਕ ਡਰਾਈਵਰਾਂ ਨੂੰ ਦਿੰਦਾ ਸੀ, ਬਲਜੀਤ ਸਿੰਘ ਉਰਫ ਕੁੱਕੂ ਦਾ ਜਾਣਕਾਰ ਸੀ, ਨੂੰ ਭਰੋਸੇ ਵਿਚ ਲੈ ਕੇ ਆਪਣੇ ਮੋਟਰਸਾਈਕਲ  'ਤੇ ਬਿਠਾ ਕੇ ਤਾਰਾਗੜ੍ਹ ਸੂਏ 'ਤੇ ਲਿਜਾ ਕੇ ਉਸ ਤੋਂ 2 ਲੱਖ ਰੁਪਏ ਖੋਹ ਕੇ ਆਪਣੀ ਲਾਇਸੈਂਸੀ ਰਿਵਾਲਵਰ ਨਾਲ ਉਸ ਦੇ ਸਿਰ 'ਚ ਗੋਲੀ ਮਾਰ ਕੇ  ਉਸ ਨੂੰ ਮਾਰ ਦਿੱਤਾ ਸੀ। 
2. 4. ਜੁਲਾਈ 2016 ਨੂੰ ਆਪਣੇ ਦੋਸਤ ਬਲਜੀਤ ਸਿੰਘ ਉਰਫ ਕੁੱਕੂ ਨਾਲ ਮਿਲ ਕੇ ਪੈਟਰੋਲ ਪੰਪ 'ਬਾਬਾ ਬੁੱਢਾ ਜੀ ਫਿਲਿੰਗ ਸਟੇਸ਼ਨ' ਛਿਛਰੇਵਾਲ ਦੇ ਕਰਿੰਦੇ ਤੋਂ ਰਿਵਾਲਵਰ ਦੀ ਨੋਕ 'ਤੇ 41,200 ਰੁਪਏ ਦੀ ਲੁੱਟ-ਖੋਹ ਕੀਤੀ। 
3. 09 ਅਕਤੂਬਰ 2017 ਨੂੰ ਪਿੰਡ ਦਾਦੂਯੋਧ ਵਿਖੇ 'ਕਰਨ ਪੈਟਰੋ ਆਟੋ, ਐੱਲ. ਪੀ. ਜੀ. ਪੰਪ ਤੇ ਪੈਟਰੋਲ ਪੰਪ ਦੇ ਕਰਿੰਦੇ ਕੋਲੋਂ ਰਿਵਾਲਵਰ ਦੀ ਨੋਕ 'ਤੇ 8000 ਰੁਪਏ ਦੀ ਲੁੱਟ-ਖੋਹ ਕੀਤੀ।
4. 13 ਅਕਤੂਬਰ 2017 ਨੂੰ ਆਪਣੇ ਦੋਸਤ ਬਲਜੀਤ ਸਿੰਘ ਉਰਫ ਕੁੱਕੂ ਨਾਲ ਮਿਲ ਕੇ 'ਸੁਰਜੀਤ ਆਇਲ ਪੰਪ' ਦੇ ਕਰਿੰਦੇ ਤੋਂ ਰਿਵਾਲਵਰ ਦੀ ਨੋਕ 'ਤੇ 22,000 ਰੁਪਏ ਦੀ ਲੁੱਟ-ਖੋਹ ਕੀਤੀ।
5. 24 ਫਰਵਰੀ 2018 ਨੂੰ ਪਿੰਡ ਠੱਠਾ ਨੇੜਿਓਂ ਗੈਸ ਸਿਲੰਡਰਾਂ ਵਾਲੇ ਟਰੈਕਟਰ-ਟਰਾਲੀ ਦੇ ਮਾਲਕ ਤੋਂ ਰਿਵਾਲਵਰ ਦੀ ਨੋਕ 'ਤੇ 27,650 ਰੁਪਏ ਖੋਹੇ ਅਤੇ ਉਸ ਵਲੋਂ ਵਿਰੋਧ ਕਰਨ 'ਤੇ ਆਪਣੇ ਰਿਵਾਲਵਰ ਨਾਲ ਹਵਾਈ ਫਾਇਰ ਵੀ ਕੀਤਾ। 
6. 24 ਫਰਵਰੀ 2018 ਨੂੰ ਹੀ ਏ. ਜੇ. ਰੰਧਾਵਾ ਫਿਲਿੰਗ ਸਟੇਸ਼ਨ, ਫਤਿਹਗੜ੍ਹ ਚੂੜੀਆਂ ਦੇ ਕਰਿੰਦੇ ਤੋਂ ਰਿਵਾਲਵਰ ਦੀ ਨੋਕ 'ਤੇ 6,000 ਰੁਪਏ ਖੋਹ ਕੇ ਲੈ ਗਿਆ।
7. 13 ਮਾਰਚ 2018 ਨੂੰ ਬਿਜਲੀਘਰ, ਅਲੀਵਾਲ ਦੇ ਕੈਸ਼ੀਅਰ ਤੋਂ ਰਿਵਾਲਵਰ ਦੀ ਨੋਕ 'ਤੇ 88,660 ਰੁਪਏ ਖੋਹ ਕੇ ਫਰਾਰ ਹੋ ਗਿਆ। 
8  16 ਅਪ੍ਰੈਲ 2018 ਨੂੰ ਘਣੀਏ ਕੇ ਬਾਂਗਰ ਵਿਖੇ 'ਸੈਣੀ ਕਿਸਾਨ ਸੇਵਾ ਕੇਂਦਰ' ਪੈਟਰੋਲ ਪੰਪ ਦੇ ਕਰਿੰਦੇ ਤੋਂ ਰਿਵਾਲਵਰ ਦੀ ਨੋਕ 'ਤੇ 7660 ਰੁਪਏ ਖੋਹ ਕੇ ਫਰਾਰ ਹੋ ਗਿਆ। 
9. 16 ਅਪ੍ਰੈਲ 2018 ਨੂੰ ਹੀ 'ਕਰਨ ਪੈਟਰੋਲ ਪੰਪ' ਡੇਰਾ ਰੋਡ, ਫਤਿਹਗੜ੍ਹ ਚੂੜੀਆਂ ਦੇ ਕਰਿੰਦੇ ਤੋਂ 5,000 ਰੁਪਏ ਖੋਹ ਕੇ ਫਰਾਰ ਹੋ ਗਿਆ। 
10. 17 ਅਪ੍ਰੈਲ 18 ਨੂੰ ਪੈਟਰੋਲ ਪੰਪ 'ਸੁਖਦੇਵ ਫਿਲਿੰਗ ਸਟੇਸ਼ਨ' ਚੰਦੂ ਸੂਜਾਂ ਦੇ ਕਰਿੰਦੇ ਤੋਂ 24,790 ਰੁਪਏ ਖੋਹ ਕੇ ਫਰਾਰ ਹੋ ਗਿਆ।


Related News