ਪੰਜਾਬ ''ਚ ਬਦਲਿਆ ਮੌਸਮ ਦਾ ਮਿਜਾਜ਼, ਗੜ੍ਹੇਮਾਰੀ ਨੇ ਕੀਤਾ ਫਸਲ ਦਾ ਨੁਕਸਾਨ

03/06/2020 3:26:54 PM

ਲੁਧਿਆਣਾ (ਨਰਿੰਦਰ) : ਪੰਜਾਬ ਦੇ ਕਈ ਹਿੱਸਿਆਂ ਮੌਸਮ ਦਾ ਬਦਲਿਆ ਹੋਇਆ ਮਿਜਾਜ਼ ਦਿਖਾਈ ਦਿੱਤਾ। ਸੂਬੇ 'ਚ ਵੀਰਵਾਰ ਸ਼ਾਮ ਤੋਂ ਵੱਖ-ਵੱਖ ਜ਼ਿਲਿਆਂ 'ਚ ਮੀਂਹ ਪੈਣਾ ਸ਼ੁਰੂ ਹੋ ਗਿਆ। ਕਈ ਥਾਵਾਂ 'ਤੇ ਗੜ੍ਹੇਮਾਰੀ ਵੀ ਹੋਈ, ਜਿਸ ਨੇ ਕਈ ਦਿਨਾਂ ਤੋਂ ਵੱਧ ਰਹੇ ਤਾਪਮਾਨ 'ਤੇ ਠੱਲ੍ਹ ਪਾਉਂਦਿਆਂ ਠੰਡ ਵਧਾ ਦਿੱਤੀ। ਮੌਸਮ ਵਿਭਾਗ ਵਲੋਂ ਪਹਿਲਾਂ ਹੀ ਪੰਜਾਬ ਦੇ ਵੱਖ-ਵੱਖ ਹਿੱਸਿਆਂ 'ਚ ਮੀਂਹ, ਤੇਜ਼ ਹਵਾਵਾਂ ਅਤੇ ਗੜ੍ਹੇਮਾਰੀ ਦੀ ਚਿਤਾਵਨੀ ਜਾਰੀ ਕਰ ਦਿੱਤੀ ਸੀ।

PunjabKesari
ਮੀਂਹ ਪੈਣ ਨਾਲ ਜਿੱਥੇ ਤਾਪਮਾਨ 'ਚ ਇਕ ਵਾਰ ਫਿਰ ਤੋਂ ਗਿਰਾਵਟ ਦਰਜ ਕੀਤੀ ਗਈ ਹੈ, ਉੱਥੇ ਹੀ ਫਸਲਾਂ ਨੂੰ ਗੜ੍ਹੇਮਾਰੀ ਕਾਰਨ ਕਾਫੀ ਨੁਕਸਾਨ ਹੋਇਆ ਹੈ। ਸੂਬੇ 'ਚ ਗੜਬੜ ਵਾਲੀਆਂ ਪੱਛਮੀਂ ਪੌਣਾਂ ਚੱਲਣ ਕਾਰਨ ਵੀਰਵਾਰ ਨੂੰ ਕਈ ਥਾਵਾਂ 'ਤੇ ਬਾਰਸ਼ ਹੋਈ। ਬਾਰਸ਼ ਦੌਰਾਨ 20 ਤੋਂ 30 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਹਵਾਵਾਂ ਵੀ ਚੱਲੀਆਂ।

PunjabKesari
ਕਣਕ ਦੀ ਫਸਲ ਖੇਤਾਂ 'ਚ ਵਿਛੀ
ਤੇਜ਼ ਹਵਾਵਾਂ ਕਾਰਨ ਕਈ ਥਾਈਂ ਕਣਕ ਦੀ ਫਸਲ ਖੇਤਾਂ 'ਚ ਵਿਛ ਗਈ, ਜਿਸ ਕਾਰਨ ਕਿਸਾਨਾਂ ਨੂੰ ਫਸਲ ਦਾ ਝਾੜ ਘਟਣ ਦਾ ਖਦਸ਼ਾ ਸਤਾ ਰਿਹਾ ਹੈ। ਆਸਮਾਨ 'ਤੇ ਛਾਏ ਕਾਲੇ ਬੱਦਲਾਂ ਨੂੰ ਦੇਖ ਕੇ ਕਿਸਾਨਾਂ ਦੇ ਚਿਹਰੇ ਮੁਰਝਾਏ ਹੋਏ ਹਨ। ਮੀਂਹ ਅਤੇ ਤੇਜ਼ ਹਵਾਵਾਂ ਨੇ ਕਿਸਾਨਾਂ ਨੂੰ ਚਿੰਤਾ 'ਚ ਪਾਇਆ ਹੋਇਆ ਹੈ। ਜਲੰਧਰ, ਫਗਵਾੜਾ, ਲੁਧਿਆਣਾ, ਕਪੂਰਥਲਾ, ਹੁਸ਼ਿਆਰਪੁਰ, ਮੋਗਾ, ਫਿਰੋਜ਼ਪੁਰ, ਅਬੋਹਰ, ਪਟਿਆਲਾ, ਅੰਮ੍ਰਿਤਸਰ, ਤਰਨਤਾਰਨ, ਗੁਰਦਾਸਪੁਰ, ਬਟਾਲਾ, ਫਰੀਦਕੋਟ, ਸ੍ਰੀ ਮੁਕਤਸਰ ਸਾਹਿਬ, ਸ੍ਰੀ ਆਨੰਦਪੁਰ ਸਾਹਿਬ, ਨਵਾਂਸ਼ਹਿਰ, ਰੋਪੜ, ਖੰਨਾ ਜਗਰਾਓਂ ਅਥੇ ਚੰਡੀਗੜ੍ਹ 'ਚ ਵੀ ਮੀਂਹ ਪੈਣ ਦੀਆਂ ਖਬਰਾਂ ਹਨ।
ਤਰਨਤਾਰਨ 'ਚ ਮੀਂਹ ਦੌਰਾਨ ਭਾਰੀ ਗੜ੍ਹੇਮਾਰੀ
ਸ਼ਹਿਰ 'ਚ ਵੀਰਵਾਰ ਰਾਤ ਕਸਬਾ ਝਬਾਲ ਭਿੱਖੀਵਿੰਡ ਹਰੀਕੇ ਮੰਡ ਅਤੇ ਹੋਰ ਇਲਾਕਿਆਂ 'ਚ ਅਚਾਨਕ ਗੜ੍ਹੇਮਾਰੀ ਹੋਣੀ ਸ਼ੁਰੂ ਹੋ ਗਈ। ਇਸ ਗੜ੍ਹੇਮਾਰੀ ਕਾਰਨ ਜਿੱਥੇ ਕਿਸਾਨਾਂ ਦੀਆਂ ਫਸਲਾਂ ਨੂੰ ਵੱਡਾ ਨੁਕਸਾਨ ਹੋਣ ਦਾ ਅੰਦਾਜ਼ਾ ਲਾਇਆ ਜਾ ਰਿਹਾ ਹੈ, ਉੱਥੇ ਹੀ ਕੁਝ ਲੋਕ ਇਸ ਦਾ ਆਨੰਦ ਮਾਣਦੇ ਵੀ ਵੇਖੇ ਗਏ। ਜਾਣਕਾਰੀ ਮੁਤਾਬਕ ਰਾਤ ਕਰੀਬ ਸਾਢੇ ਨੌਂ ਵਜੇ ਹੋਈ ਬਾਰਿਸ਼ ਦੌਰਾਨ ਜ਼ਿਆਦਾ ਤਾਦਾਦ ਵਿੱਚ ਗੜ੍ਹੇਮਾਰੀ ਸ਼ੁਰੂ ਹੋ ਗਈ, ਜੋ ਕਰੀਬ ਅੱਧਾ ਘੰਟਾ ਜਾਰੀ ਰਹੀ। ਇਸ ਗੜੇਮਾਰੀ ਨਾਲ ਸੜਕਾਂ 'ਤੇ ਸਫੇਦ ਚਾਦਰ ਬਣ ਗਈ, ਜਿਸ ਨੂੰ ਵੇਖਣ ਲਈ ਲੋਕ ਆਪਣੇ ਘਰਾਂ ਤੋਂ ਬਾਹਰ ਆ ਗਏ।


Babita

Content Editor

Related News