ਘਰਾਂ ਤੱਕ ਜ਼ਰੂਰੀ ਸਾਮਾਨ ਨਹੀਂ ਪੁੱਜਾ ਤਾਂ ਬਾਜ਼ਾਰ ’ਚ ਆਏ ਲੋਕ, ਕਈ ਥਾਈਂ ਮਚੀ ਹਫੜਾ-ਦਫੜੀ

03/26/2020 1:32:15 AM

ਚੰਡੀਗੜ੍ਹ/ਨਵੀਂ ਦਿੱਲੀ (ਏਜੰਸੀਆਂ)-ਕੋਰੋਨਾ ਵਾਇਰਸ ਦੇ ਸੰਕਟ ਨਾਲ ਨਜਿੱਠਣ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ 21 ਦਿਨ ਦੇ ਦੇਸ਼ ਪੱਧਰੀ ਲਾਕਡਾਊਨ ਅਤੇ ਪੰਜਾਬ ਸਮੇਤ ਕਈ ਸੂਬਿਆਂ ’ਚ ਕਰਫਿਊ ਦੇ ਲਾਗੂ ਹੋਣ ਕਾਰਣ ਬੁੱਧਵਾਰ ਪੰਜਾਬ ਸਮੇਤ ਦੇਸ਼ ਦੇ ਹਰ ਹਿੱਸੇ ’ਚ ਲੋਕਾਂ ਦਰਮਿਆਨ ਹਫੜਾ-ਦਫੜੀ ਮਚੀ ਰਹੀ ਤੇ ਰਾਸ਼ਨ ਦੀਆਂ ਦੁਕਾਨਾਂ ’ਤੇ ਭੀੜ ਲੱਗ ਗਈ।

ਪੰਜਾਬ ਅਤੇ ਕੇਂਦਰ ਸ਼ਾਸਿਤ ਖੇਤਰ ਚੰਡੀਗੜ੍ਹ ਦੇ ਲੋਕਾਂ ਨੇ ਦਾਅਵਾ ਕੀਤਾ ਕਿ ਪ੍ਰਸ਼ਾਸਨ ਅਾਪਣੇ ਵਾਅਦੇ ਮੁਤਾਬਕ ਉਨ੍ਹਾਂ ਦੇ ਘਰਾਂ ਤੱਕ ਜ਼ਰੂਰੀ ਸਾਮਾਨ ਮੁਹੱਈਆ ਕਰਵਾਉਣ ਵਿਚ ਨਾਕਾਮ ਰਿਹਾ ਹੈ। ਇਕ ਪਾਸੇ ਜਿਥੇ ਅਧਿਕਾਰੀਆਂ ਨੇ ਸਭ ਜ਼ਿਲਿਆਂ ਵਿਚ ਘਰਾਂ ਤੱਕ ਜ਼ਰੂਰੀ ਸਾਮਾਨ ਮੁਹੱਈਆ ਕਰਵਾਉਣ ਲਈ ਵੱਖ-ਵੱਖ ਸਮੇਂ ਤੈਅ ਕੀਤੇ ਹਨ, ਉਥੇ ਦੂਜੇ ਪਾਸੇ ਕਈ ਥਾਈਂ ਲੋਕਾਂ ਨੇ ਸ਼ਿਕਾਇਤ ਕੀਤੀ ਹੈ ਕਿ ਉਨ੍ਹਾਂ ਨੂੰ ਸਬਜ਼ੀਆਂ, ਫਲ ਅਤੇ ਕਰਿਆਨੇ ਦਾ ਸਾਮਾਨ ਨਹੀਂ ਮਿਲ ਰਿਹਾ। ਕੋਈ ਬਦਲ ਨਾ ਬਚਣ ’ਤੇ ਕੁਝ ਥਾਵਾਂ ’ਤੇ ਲੋਕ ਜ਼ਰੂਰੀ ਸਾਮਾਨ ਖਰੀਦਣ ਲਈ ਨੇੜਲੇ ਬਾਜ਼ਾਰਾਂ ਅਤੇ ਦੁਕਾਨਾਂ ’ਚ ਗਏ। ਦੁੱਧ ਅਤੇ ਦਵਾਈਆਂ ਦੀਆਂ ਦੁਕਾਨਾਂ ’ਤੇ ਲੰਮੀਆਂ ਲਾਈਨਾਂ ਦੇਖੀਆਂ ਗਈਆਂ।

ਮੋਹਾਲੀ ਦੇ ਇਕ ਵਾਸੀ ਨੇ ਕਿਹਾ ਕਿ ਘਰ ਮੰਗਵਾਈ ਗਈ ਸਬਜ਼ੀ ਮੈਨੂੰ ਨਹੀਂ ਮਿਲੀ। ਮੋਹਾਲੀ ਪ੍ਰਸ਼ਾਸਨ ਨੇ ਕਰਫਿਊ ’ਚ ਢਿੱਲ ਦਿੱਤੀ ਸੀ ਪਰ ਬਾਅਦ ਵਿਚ ਵਾਪਸ ਲੈ ਲਈ। ਪੰਜਾਬ ਵਿਚ ਲੋਕ ਸਵੇਰ ਤੋਂ ਹੀ ਜ਼ਰੂਰੀ ਸਾਮਾਨ ਖਰੀਦਣ ਲਈ ਦੁਕਾਨਾਂ ਵੱਲ ਦੌੜੇ ਪਰ ਵਧੇਰੇ ਦੁਕਾਨਾਂ ਬੰਦ ਮਿਲੀਆਂ ਅਤੇ ਉਹ ਨਿਰਾਸ਼ ਹੋ ਕੇ ਵਾਪਸ ਆ ਗਏ। ਲੋਕਾਂ ਦੀ ਮੰਗ ਹੈ ਕਿ ਸੂਬਾ ਸਰਕਾਰ ਜ਼ਰੂਰੀ ਸਾਮਾਨ ਮੁਹੱਈਆ ਕਰਵਾਉਣ ਦੇ ਚੰਗੇ ਪ੍ਰਬੰਧ ਕਰੇ।

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਮੰਗਲਵਾਰ ਕਿਹਾ ਸੀ ਕਿ ਕਰਿਆਨੇ ਦਾ ਸਾਮਾਨ, ਦੁੱਧ, ਫਲ, ਸਬਜ਼ੀਆਂ ਘਰ-ਘਰ ਪਹੁੰਚਾਉਣੀਆਂ ਡਿਪਟੀ ਕਮਿਸ਼ਨਰ ਯਕੀਨੀ ਬਣਾਉਣਗੇ। ਅਧਿਕਾਰੀਆਂ ਨੇ ਕਿਹਾ ਕਿ ਲੋਕਾਂ ਨੂੰ ਵੱਖ-ਵੱਖ ਸਬਜ਼ੀ ਵਿਕਰੇਤਾਵਾਂ, ਕਰਿਆਨੇ ਦੀਆਂ ਦੁਕਾਨਾਂ ਅਤੇ ਕੈਮਿਸਟਾਂ ਦੇ ਫੋਨ ਨੰਬਰ ਦਿੱਤੇ ਗਏ, ਜਿਥੋਂ ਉਹ ਘਰ ਬੈਠੇ ਹੀ ਸਾਮਾਨ ਮੰਗਵਾ ਸਕਦੇ ਹਨ।


Karan Kumar

Content Editor

Related News