ਜਦੋਂ ਝਬਾਲ ''ਚ ਦੇਖਦਿਆਂ ਹੀ ਦੇਖਦਿਆਂ ਦੁਕਾਨਦਾਰਾਂ ਨੇ ਸੁੱਟੇ ਸ਼ਟਰ
Tuesday, Dec 19, 2017 - 09:37 PM (IST)

ਝਬਾਲ/ਬੀੜ ਸਾਹਿਬ (ਲਾਲੂਘੁੰਮਣ, ਬਖਤਾਵਰ)- ਮੰਗਲਵਾਰ ਨੂੰ ਜਿਵੇਂ ਹੀ ਸਿਹਤ ਵਿਭਾਗ ਦੀ ਟੀਮ ਵੱਲੋਂ ਮਾਰੇ ਜਾ ਰਹੇ ਛਾਪੇ ਦਾ ਸਥਾਨਿਕ ਕਸਬੇ ਦੇ ਦੁਕਾਨਦਾਰਾਂ ਨੂੰ ਪਤਾ ਲੱਗਾ ਤਾਂ ਡੈਅਰੀਆਂ, ਮਿਠਾਈਆਂ ਅਤੇ ਕਰਿਆਨੇ ਦੀਆਂ ਦੁਕਾਨਾਂ ਵਾਲਿਆਂ 'ਚ ਭਗਦੜ ਮੱਚ ਗਈ ਅਤੇ ਕਈ ਦੁਕਾਨਦਾਰ ਦੁਕਾਨਾਂ ਦੇ ਸਟਰ ਸੁੱਟ ਕੇ (ਬੰਦ ਕਰਕੇ) ਰੂਪੋਸ਼ ਹੋ ਗਏ। ਜਾਣਕਾਰੀ ਮੁਤਾਬਕ ਸਿਹਤ ਵਿਭਾਗ ਦੀ ਟੀਮ ਜਿਸ ਦੀ ਅਗਵਾਈ ਸਹਾਇਕ ਫੂਡ ਸੇਫਟੀ ਕਮਿਸਨਰ ਤਰਨਤਾਰਨ ਜੀ.ਐੱਸ.ਪਨੂੰ ਅਤੇ ਫੂਡ ਸੇਫਟੀ ਅਫਸਰ ਤਰਨਤਾਰਨ ਅਸ਼ਵਨੀ ਕੁਮਾਰ ਵੱਲੋਂ ਕੀਤੀ ਜਾ ਰਹੀ ਸੀ, ਦੇ ਆਉਣ ਦੀ ਜਿਓਂ ਹੀ ਉਕਤ ਦੁਕਾਨਦਾਰਾਂ ਨੂੰ ਭਿੱਣਕ ਲੱਗੀ ਤਾਂ ਉਹ ਆਪਣੀਆਂ ਦੁਕਾਨਾਂ ਖਾਸ ਕਰਕੇ ਮਿਠਾਈਆਂ ਅਤੇ ਦੁੱਧ ਦੀਆਂ ਡੈਅਰੀਆਂ ਵਾਲੇ ਦੁਕਾਨਾਂ ਦੇ ਸਟਰ ਸੁੱਟ ਕੇ ਆਸੇ ਪਾਸੇ ਹੋ ਗਏ। ਗੌਰਤਲਬ ਹੈ ਕਿ ਖੇਤਰ ਅੰਦਰ ਜਿਥੇ ਘਟੀਆ ਮਿਆਰ ਦਾ ਦੁੱਧ, ਦਹੀਂ, ਪਨੀਰ ਅਤੇ ਘਿਓ, ਮੱਖਣ ਆਦਿ ਵਿਕਣ ਦੀਆਂ ਚਰਚਾਵਾਂ ਪਿਛਲੇ ਸਮੇਂ ਤੋਂ ਚੱਲਦੀਆਂ ਆ ਰਹੀਆਂ ਹਨ ਉਥੇ ਹੀ ਕੁਝ ਮਿਠਾਈਆਂ ਦੀਆਂ ਦੁਕਾਨਾਂ ਵਾਲਿਆਂ ਵੱਲੋਂ ਤਿਆਰ ਕੀਤੀ ਜਾਂਦੀ ਘਟੀਆ ਕੁਆਲਟੀ ਅਤੇ ਸੰਥੈਟਿਕ ਮਿਠਾਈਆਂ ਦਾ ਬੋਲਬਾਲਾ ਹੋਣ ਕਰਕੇ ਭਾਂਵੇ ਹੀ ਸਿਹਤ ਵਿਭਾਗ ਵੱਲੋਂ ਆਪਣੀ ਡਿਊਟੀ ਨੂੰ ਇਮਾਨਦਾਰੀ ਦਾ ਨਾਂਅ ਦੇਣ ਦੀ ਕੋਸ਼ਿਸ ਕੀਤੀ ਗਈ ਸੀ, ਪਰ ਲੋਕਾਂ ਦਾ ਵਿਭਾਗੀ ਟੀਮ 'ਤੇ ਵੱਡਾ ਸਵਾਲ ਇਹ ਹੈ ਕਿ ਟੀਮ ਦੇ ਪਹੁੰਚਣ ਤੋਂ ਪਹਿਲਾਂ ਹੀ 'ਜੰਗਲ ਦੀ ਅੱਗ' ਵਾਂਗ ਗੱਲ ਸਬੰਧਤ ਲੋਕਾਂ ਤੱਕ ਕਿਸ ਤਰ੍ਹਾਂ ਪਹੁੰਚ ਗਈ। ਮਿਠਾਈਆਂ, ਡੈਅਰੀਆਂ ਆਦਿ ਵੱਲੋਂ ਬੰਦ ਕੀਤੀਆਂ ਗਈਆਂ ਦੁਕਾਨਾਂ ਤੋਂ ਸ਼ੱਕੀ ਸੰਕੇਤ ਯਕੀਨ 'ਚ ਇਸ ਕਰਕੇ ਵੀ ਬਦਲਦੇ ਲੋਕਾਂ ਆਪ ਮੁਹਾਰੇ ਦਿਖਾਈ ਦਿੱਤੇ ਕਿ ਆਖਿਰ 'ਦਾਲ 'ਚ ਕੁਝ ਕਾਲਾ ਹੈ' ਤਾਂ ਹੀ ਦੁਕਾਨਦਾਰਾਂ ਵੱਲੋਂ ਦੁਕਾਨਾਂ ਬੰਦ ਕੀਤੀਆਂ ਗਈਆਂ ਹਨ।
ਇਨ੍ਹਾਂ ਖੇਤਰਾਂ 'ਚ ਕੀਤੀ ਗਈ ਛਾਪੇਮਾਰੀ
ਜ਼ਿਲਾ ਸਹਾਇਕ ਫੂਡ ਸੇਫਟੀ ਕਮਿਸ਼ਨਰ ਜੀ.ਐੱਸ ਪਨੂੰ ਨੇ ਦੱਸਿਆ ਕਿ ਉਨ੍ਹਾਂ ਦੇ ਅਧਾਰਿਤ ਟੀਮ ਵੱਲੋਂ ਜ਼ਿਲਾ ਫੂਡ ਸੇਫਟੀ ਕਮਿਸ਼ਨਰ ਵਰੁਣ ਰੁੰਜ਼ਮ ਅਤੇ ਸਿਵਲ ਸਰਜਨ ਡਾ. ਸ਼ਮਸ਼ੇਰ ਸਿੰਘ ਦੀਆਂ ਹਦਾਇਤਾਂ 'ਤੇ ਝਬਾਲ ਖੇਤਰ ਦੇ ਬੀੜ ਸਾਹਿਬ, ਗੰਡੀਵਿੰਡ, ਸਰਾਏ ਅਮਾਨਤ ਖਾਂ, ਢੰਡ, ਜੀਓਬਾਲਾ ਅਤੇ ਗੱਗੋਬੂਆ ਸਮੇਤ ਕਈ ਥਾਂਵਾਂ ਸਥਿਤ ਮਿਠਾਈਆਂ, ਕਰਿਆਨੇ ਦੀਆਂ ਦੁਕਾਨਾਂ, ਡੈਅਰੀਆਂ ਅਤੇ ਫਾਸਟ ਫੂਡ ਵਾਲੀਆਂ ਰੇਹੜੀਆਂ 'ਤੇ ਛਾਪਾ ਮਾਰੀ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਦੁਕਾਨਦਾਰਾਂ ਨੂੰ ਲਾਇਸੰਸ ਬਣਵਾਉਣ 'ਤੇ ਰਜਿਸਟ੍ਰੇਸ਼ਨਾਂ ਕਰਾਉਣ ਦੀਆਂ ਹਦਾਇਤਾਂ ਵੀ ਜਾਰੀ ਕੀਤੀਆਂ ਗਈਆਂ ਹਨ।
ਇਕ ਦਰਜ਼ਨ ਦੁਕਾਨਾਂ ਤੋਂ ਭਰੇ ਗਏ ਸੈਂਪਲ ਕੀਤੇ ਸੀਲ-ਡਾ. ਜੀ.ਐੱਸ.ਪਨੂੰ
ਜ਼ਿਲਾ ਸਹਾਇਕ ਕਮਿਸ਼ਨਰ ਫੂਡ ਸੇਫਟੀ ਡਾ. ਜੀ.ਐੱਸ.ਪਨੂੰ ਨੇ ਦੱਸਿਆ ਕਿ ਇਸ ਦੌਰਾਨ ਇਕ ਦਰਜਨ ਦੇ ਕਰੀਬ ਮਿਠਾਈਆਂ ਵਿਕਰੇਤਾ, ਕਰਿਆਨੇ ਵਾਲਿਆਂ ਅਤੇ ਦੁੱਧ ਵਾਲੀਆਂ ਡੈਅਰੀਆਂ ਦੇ ਸੈਂਪਲ ਭਰ ਕੇ ਸੀਲ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਸੀਲ ਕੀਤੇ ਗਏ ਸੈਂਪਲਾਂ ਨੂੰ ਚੰਡੀਗੜ ਸਥਿਤ ਲੈਬੋਟਰੀ 'ਚ ਭੇਜਿਆ ਜਾਵੇਗਾ, ਜਿੰਨ੍ਹਾਂ ਲੋਕਾਂ ਦੇ ਸੈਂਪਲ ਫੇਲ ਹੋਣਗੇ ਉਨ੍ਹਾਂ ਵਿਰੋਧ ਵਿਭਾਗੀ ਕਾਰਵਾਈ ਦੇ ਨਾਲ ਭਾਰੀ ਜੁਰਮਾਨੇ ਵੀ ਕੀਤੇ ਜਾਣਗੇ।