ਸਮਰਾਲਾ ''ਚ ਸਰਕਾਰੀ ਕਣਕ ਨਾਲ ਭਰਿਆ ਟਰੱਕ ਲੁੱਟਣ ਵਾਲਾ ਗਿਰੋਹ ਕਾਬੂ

Monday, Apr 26, 2021 - 12:21 PM (IST)

ਸਮਰਾਲਾ ''ਚ ਸਰਕਾਰੀ ਕਣਕ ਨਾਲ ਭਰਿਆ ਟਰੱਕ ਲੁੱਟਣ ਵਾਲਾ ਗਿਰੋਹ ਕਾਬੂ

ਸਮਰਾਲਾ (ਗਰਗ, ਬੰਗੜ) : ਸਥਾਨਕ ਪੁਲਸ ਨੇ ਅੱਜ ਵੱਡੀ ਕਾਰਵਾਈ ਕਰਦਿਆਂ ਸਰਕਾਰੀ ਕਣਕ ਦੀਆਂ ਬੋਰੀਆਂ ਨਾਲ ਭਰੇ ਟਰੱਕ ਨੂੰ ਲੁੱਟਣ ਵਾਲੇ ਗਿਰੋਹ ਦੇ 6 ਮੈਂਬਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਸ ਦੇ ਨਾਲ ਹੀ ਪੁਲਸ ਨੇ ਉਕਤ ਗਿਰੋਹ ਦੇ ਮੈਂਬਰਾਂ ਵੱਲੋਂ ਲੁੱਟਿਆ ਗਿਆ ਟਰੱਕ ਅਤੇ ਉਸ ਵਿੱਚ ਲੱਦੀਆਂ 500 ਬੋਰੀਆਂ ਕਣਕ ਦੀਆਂ ਵੀ ਬਰਾਮਦ ਕਰ ਲਈਆਂ ਹਨ। ਇਸ ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਥਾਣਾ ਸਮਰਾਲਾ ਦੇ ਐੱਸ. ਐੱਚ. ਓ. ਇੰਸਪੈਕਟਰ ਕੁਲਵੰਤ ਸਿੰਘ ਢਿੱਲੋਂ ਨੇ ਦੱਸਿਆ ਕਿ ਬੀਤੇ ਦਿਨ ਉਨ੍ਹਾਂ ਨੂੰ ਮਾਛੀਵਾੜਾ ਵਾਸੀ ਸੁਖਵੀਰ ਸਿੰਘ ਨੇ ਆ ਕੇ ਇਤਲਾਹ ਦਿੱਤੀ ਸੀ ਕਿ ਉਸ ਦੇ ਟੱਰਕ ਨੂੰ ਉਸ ਦਾ ਡਰਾਈਵਰ ਬਾਬੂ ਕੁਮਾਰ ਬੀਤੀ ਸ਼ਾਮ ਕਰੀਬ ਸਾਢੇ 6 ਵਜੇ ਮਾਛੀਵਾੜਾ ਟਲਾਜ ਮੰਡੀ ਤੋਂ ਸਰਕਾਰੀ ਕਣਕ ਦੀਆਂ 500 ਬੋਰੀਆਂ ਲੱਦ ਕੇ ਸਮਰਾਲਾ ਵਿਖੇ ਵੇਅਰ ਹਾਊਸ ਦੇ ਗੋਦਾਮ ਵਿੱਚ ਉਤਾਰਨ ਲਈ ਲੈ ਕੇ ਆ ਰਿਹਾ ਸੀ। ਇਸ ਦੌਰਾਨ ਉਸ ਨੂੰ ਉਸ ਦੇ ਇੱਕ ਜਾਣਕਾਰ ਬਲਵਿੰਦਰ ਸਿੰਘ ਨੇ ਆ ਕੇ ਦੱਸਿਆ ਕਿ ਉਸ ਦੇ ਡਰਾਈਵਰ ਨਾਲ ਕੁੱਟਮਾਰ ਕਰਦੇ ਹੋਏ ਕੁੱਝ ਵਿਅਕਤੀ ਉਸ ਦੇ ਡਰਾਈਵਰ ਨੂੰ ਸਮੇਤ ਟੱਰਕ ਅਗਵਾ ਕਰਕੇ ਲੈ ਗਏ ਹਨ। 
ਥਾਣਾ ਮੁੱਖੀ ਸ. ਢਿੱਲੋਂ ਨੇ ਦੱਸਿਆ ਕਿ ਪੁਲਸ ਨੇ ਮਾਮਲੇ ਦੀ ਗੰਭੀਰਤਾ ਨੂੰ ਵੇਖਦੇ ਹੋਏ ਤੁਰੰਤ ਕੇਸ ਦਰਜ ਕਰਕੇ ਅਗਵਾਕਾਰਾਂ ਦੀ ਤਲਾਸ਼ ਆਰੰਭ ਦਿੱਤੀ ਅਤੇ 24 ਘੰਟਿਆਂ ਦੇ ਅੰਦਰ ਹੀ ਸਾਰੇ 6 ਅਗਵਾਕਾਰ ਗ੍ਰਿਫ਼ਤਾਰ ਵੀ ਕਰ ਲਏ। ਉਨ੍ਹਾਂ ਦੱਸਿਆ ਕਿ ਇਹ ਸਰਕਾਰੀ ਕਣਕ ਲੁੱਟਣ ਵਾਲਾ ਇੱਕ ਬਹੁਤ ਵੱਡਾ ਗਿਰੋਹ ਹੈ, ਜਿਸ ਨੇ ਖੰਨਾ ਨੇੜੇ ਇੱਕ ਬਹੁਤ ਵੱਡਾ ਗੋਦਾਮ ਵੀ ਬਣਾ ਰੱਖਿਆ ਹੈ ਅਤੇ ਲੁੱਟੀ ਗਈ ਸਾਰੀ ਕਣਕ ਉੱਥੇ ਹੀ ਉਤਾਰੀ ਜਾਂਦੀ ਹੈ। ਸਮਰਾਲਾ ਤੋਂ ਲੁੱਟਿਆ ਗਿਆ ਟੱਰਕ ਵੀ ਪੁਲਸ ਨੇ ਉਸੇ ਗੋਦਾਮ ਕੋਲੋ ਬਰਾਮਦ ਕਰਦੇ ਹੋਏ ਇਸ ਵਾਰਦਾਤ ਲਈ ਦੋਸ਼ੀ ਮੰਨੇ ਜਾਂਦੇ 6 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ, ਜਿਨ੍ਹਾਂ ਦਾ ਪੁਲਸ ਰਿਮਾਂਡ ਲੈ ਕੇ ਅਗਲੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਐੱਸ. ਐੱਚ. ਓ. ਸ. ਢਿੱਲੋਂ ਨੇ ਗ੍ਰਿਫ਼ਤਾਰ ਕੀਤੇ ਦੋਸ਼ੀਆਂ ਬਾਰੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਨ੍ਹਾਂ ਵਿੱਚ ਗੋਦਾਮ ਦਾ ਮਾਲਕ ਖੰਨਾ ਨਿਵਾਸੀ ਸਤਪਾਲ ਗਰਗ ਤੋਂ ਇਲਾਵਾ ਲਖਵਿੰਦਰ ਸਿੰਘ ਵਾਸੀ ਪਿੰਡ ਚੱਕ ਮਾਫ਼ੀ, ਕਮਲਜੀਤ ਸਿੰਘ ਵਾਸੀ ਪਿੰਡ ਭੱਟੀਆ, ਰਾਜਿੰਦਰ ਕੁਮਾਰ ਵਾਸੀ ਕੁਰੂਕਸ਼ੇਤਰ ਹਰਿਆਣਾ, ਸੀਸ਼ਪਾਲ ਵਾਸੀ ਖੰਨਾ ਸ਼ਾਮਲ ਹਨ।


author

Babita

Content Editor

Related News