ਬੀ. ਕੇ. ਯੂ. ਡਕੌਂਦਾ ਵਲੋਂ ਪੰਜਾਬ ਸਰਕਾਰ ਦੇ ਕਣਕ ਖ੍ਰੀਦਣ ਦੇ ਇੰਤਜ਼ਾਮਾਂ ਨੂੰ ਘੱਟ ਤੇ ਕਿਸਾਨ ਵਿਰੋਧੀ ਐਲਾਨਿਆ
Sunday, Apr 19, 2020 - 09:55 AM (IST)
ਲੁਧਿਆਣਾ (ਸਰਬਜੀਤ ਸਿੰਘ ਸਿੱਧੂ) - ਕਣਕ ਦੀ ਖ੍ਰੀਦ ਦੇ ਸ਼ੁਰੂ ਦੇ ਸਰਕਾਰੀ ਐਲਾਨ ਦੇ 3 ਦਿਨ ਬੀ. ਕੇ. ਯੂ. ਡਕੌਂਦਾ ਦੇ ਸੂਬਾਈ ਆਗੂਆਂ ਨੇ ਜਾਣਕਾਰੀ ਦਿੱਤੀ ਕਿ ਇਸ ਵਾਰੀ ਪੰਜਾਬ ਸਰਕਾਰ ਨੂੰ ਚਾਹੀਦਾ ਸੀ ਕਿ ਅਗੇਤੀ, ਤੇਜ਼ੀ ਅਤੇ ਬੇਹੱਦ ਨਿਗਰਾਨੀ ਨਾਲ ਕਰੋਨਾ ਮਹਾਮਾਰੀ ਤੋਂ ਬਚਾਅ ਕਰਦੇ ਹੋਏ, ਖੇਤੀ ਖੇਤਰ ਨੂੰ ਆਰਥਿਕ ਮੰਦਹਾਲੀ ਵੱਲ ਨਾ ਧੱਕਦੇ। ਆਗੂਆਂ ਨੇ ਜਾਣਕਾਰੀ ਦਿੱਤੀ ਕਿ ਪੰਜਾਬ ਦੇ ਖਾਸ ਤੌਰ 'ਤੇ ਮਾਲਵੇ ਦੇ ਇਲਾਕੇ ਵਿਚ ਧਰਾਤਲ 'ਤੇ ਸੱਚ ਇਹ ਹੈ ਕਿ ਸਰਕਾਰ ਦੇ ਕਣਕ ਖ੍ਰੀਦਣ ਦੇ ਪ੍ਰਬੰਧ ਨਿਗੂਣੇ ਸਾਬਤ ਹੋਏ ਹਨ ਅਤੇ ਪੰਜਾਬ ਦਾ ਕਿਸਾਨ ਸਦਮੇ ਵੱਲ ਧੱਕਿਆ ਜਾ ਰਿਹਾ ਹੈ। ਛੋਟੇ ਸੈਂਟਰ ਅਤੇ ਅਜੇ ਚਲੇ ਹੀ ਨਹੀਂ, ਦਰਮਿਆਨੀਆਂ ਅਤੇ ਵੱਡੀਆਂ ਮੰਡੀਆਂ ਵਿਚ ਸਰਕਾਰ ਈ-ਪਾਸ ਸਿਸਟਮ, ਕਰੋਨੇ ਤੋਂ ਬਚਣ ਦੇ ਪੁਖਤਾ ਪ੍ਰਬੰਧ ਫੇਲ੍ਹ ਹੋ ਕੇ ਰਹਿ ਗਏ ਹਨ।
ਆੜ੍ਹਤੀਆਂ ਦਾ ਵੱਡਾ ਹਿੱਸਾ ਇਕ ਜਾਂ ਦੂਜੇ ਕਾਰਨ ਕਰਕੇ ਹੜਤਾਲ 'ਤੇ ਹੈ, ਬਾਰਦਾਨਾ ਮੰਡੀਆਂ ਵਿਚ 10 ਤੋਂ 20 ਪ੍ਰਤੀਸ਼ਤ ਤੱਕ ਵੀ ਨਹੀਂ ਪਹੁੰਚਿਆ। ਖਰੀਦਣ ਦਾ ਤਰੀਕਾ ਅਮਲ ਵਿਚ ਲਾਗੂ ਹੋਣ ਵਾਲਾ ਨਹੀਂ। ਉਪਰੋਂ ਬੇਮੌਸਮੀ ਬਾਰਸ਼ਾਂ ਦੀ ਭਵਿੱਖਬਾਣੀ ਹੋ ਰਹੀ ਹੈ। ਪਹਿਲਾਂ ਹੀ ਬੇਮੌਸਮੀ ਬਾਰਸ਼ ਕਰਕੇ ਕਣਕ ਦਾ ਝਾੜ ਵੀ 15-20 ਪ੍ਰਤੀਸ਼ਤ ਘੱਟ ਨਿਕਲ ਰਿਹਾ ਹੈ। ਕਿਸਾਨ ਆਗੂਆਂ ਨੇ ਉਪਰੋਕਤ ਫਿਕਰਮੰਦੀ ਵਾਲੇ ਹਾਲਤਾਂ ਤੋਂ ਬਚਣ ਲਈ ਕਰੋਨਾ ਵਾਇਰਸ ਦੀ ਮਹਾਮਾਰੀ ਤੋਂ ਪੰਜਾਬ ਦੇ ਲੋਕਾਂ ਦੇ ਬਚਾਅ ਲਈ ਤੁਰੰਤ ਤੇਜ਼ੀ ਨਾਲ ਹਰਕਤ ਵਿਚ ਆ ਕੇ ਅਪਾਤਕਲੀਨ ਕਦਮ ਚੁਕਣੇ ਚਾਹੀਦੇ ਹਨ। ਇਨ੍ਹਾਂ ਆਗੂਆਂ ਨੇ ਮੰਗ ਕੀਤੀ ਕਿ ਤੁਰੰਤ ਸਮਾਜਿਕ ਦੂਰੀ ਨੂੰ ਬਰਕਰਾਰ ਰੱਖਦਿਆਂ ਅਤੇ ਕਿਸਾਨਾਂ ਦਾ ਠਹਿਰਾਅ ਮੰਡੀਆਂ ਵਿਚ ਘੱਟ ਤੋਂ ਘੱਟ ਸਮੇਂ ਦਾ ਕਰਨ ਲਈ ਫਰਸ਼ੀ ਕੰਡੇ ਨਾਲ ਟਰਾਲੀਆਂ ਦੀ ਤੁਲਾਈ ਕਰਕੇ ਤੁਰੰਤ ਕਿਸਾਨਾਂ ਨੂੰ ਵਿਹਲੇ ਕਰਕੇ ਵਾਪਸ ਭੇਜਣਾ ਚਾਹੀਦਾ ਹੈ।
ਪੜ੍ਹੋ ਇਹ ਵੀ ਖਬਰ - ਮੋਹਲੇਧਾਰ ਵਰਖਾ ਵੀ ਨਹੀਂ ਰੋਕ ਸਕੀ ਸੰਗਤਾਂ ਦਾ ਰਾਹ ਪਰ ਨਾਕਿਆਂ ਕਾਰਨ ਦਰਸ਼ਨਾਂ ਤੋਂ ਰਹੇ ਵਾਂਝੇ
ਜਿਸ ਕਿਸਾਨ ਦੀ ਕਣਕ ਮੰਡੀ ਵਿਚ ਆਉਣੀ ਸ਼ੁਰੂ ਹੁੰਦੀ ਹੈ ਉਸ ਦੀ ਲਗਾਤਾਰ ਸਾਰੀ ਕਣਕ ਨਾਲੋ-ਨਾਲ ਤੋਲ ਕੇ ਮੰਡੀ ਵਿਚ ਸੁਟਾ ਲੈਣੀ ਚਾਹੀਦੀ ਹੈ। ਬਾਕੀ ਸਾਰੇ ਪ੍ਰਬੰਧ, ਆੜ੍ਹਤੀਆਂ ਅਤੇ ਉਨ੍ਹਾਂ ਦੇ ਵਰਕਰ, ਸਫ਼ਾਈ ਕਰਨ ਵਾਲੇ ਮਜ਼ਦੂਰ ਮੰਡੀਕਰਨ ਬੋਰਡ ਦੇ ਮੁਲਾਜ਼ਮਾਂ ਦੀ ਨਿਗਰਾਨੀ ਵਿਚ ਹਰ ਤਰ੍ਹਾਂ ਦੇ ਜ਼ਰੂਰੀ ਹਦਾਇਤਾ 'ਕਰੋਨਾ' ਦੀ ਮਹਾਮਾਰੀ ਤੋਂ ਬਚਣ ਲਈ, ਨੂੰ ਲਾਗੂ ਕਰਦਿਆਂ, ਇਨ੍ਹਾਂ ਪ੍ਰਬੰਧਾਂ ਨੂੰ ਖਰੀਦ ਏਜੰਸੀਆਂ ਦੇ ਮੁਲਾਜ਼ਮਾਂ ਦੀ ਪੂਰੀ ਤੇ ਇਮਾਨਦਾਰੀ ਨਾਲ ਕੋਸ਼ਿਸ਼ ਨਾਲ ਇਹ ਸਾਰੇ ਪ੍ਰਬੰਧ ਸਿਰੇ ਚੜ੍ਹ ਸਕਦੇ ਹਨ। ਲੋੜ ਹੈ ਪੰਜਾਬ ਸਰਕਾਰ ਪੂਰੀ ਤਨਦੇਹੀ ਤੇ ਇਮਾਨਦਾਰੀ ਨਾਲ ਅਪਾਤਕਲੀਨ ਵਿਸ਼ੇਸ਼ ਕੋਸ਼ਿਸ਼ਾਂ ਕਰੇ।
ਆਗੂਆਂ ਨੇ ਅੱਗੇ ਦੱਸਿਆ ਕਿ ਸਾਡੇ ਤੱਕ ਪਹੁੰਚੀਆਂ ਜਾਣਕਾਰੀਆਂ ਮੁਤਾਬਕ ਚੋਰ ਬਾਜ਼ਾਰੀ/ਭ੍ਰਿਸ਼ਟਾਚਾਰੀ ਸ਼ੁਰੂ ਹੋ ਗਈ ਹੈ। ਵੱਡੀ ਕਾਟ ਕੱਟ ਕੇ ਜਾਂ ਫਿਰ ਘੱਟ ਰੇਟ ਦੇ ਕੇ ਕੁਝ ਥਾਵਾਂ 'ਤੇ ਗੈਰ ਕਾਨੂੰਨੀ ਢੰਗ ਨਾਲ ਕਣਕ ਖਰੀਦੀ ਜਾ ਰਹੀ ਹੈ। ਇਹ ਹਾਲਾਤ ਬਦ ਤੋਂ ਬਦਤਰ ਵੱਲ ਵਧ ਰਹੇ ਹਨ ਬਾਕੀ ਬੇਮੌਸਮੀ ਬਾਰਸ਼ ਦੀ ਸੰਭਾਵਨਾ ਬਣੀ ਹੋਈ ਹੈ। ਪੰਜਾਬ ਦਾ ਕਰਜ਼ੇ ਤੋਂ ਪੀੜਤ ਕਿਸਾਨ ਹੋਰ ਬੇਵੱਸ ਹੋ ਜਾਵੇਗਾ । ਸਰਕਾਰ ਨੂੰ ਇਸ ਸਭ ਕੁਝ ਤੋਂ ਬਚਾਅ ਲਈ ਅਪਾਤਕਲੀਨ ਉਪਰ ਦੱਸੇ ਕਦਮ ਅਤੇ ਹੋਰ ਕੋਸ਼ਿਸ਼ਆਂ ਕਰਨੀਆਂ ਚਾਹੀਦੀਆਂ ਹਨ।