ਕਣਕ ਦੇ ਨਵੇਂ ਮੰਡੀਕਰਨ ਅਤੇ ਮੌਸਮ ਕਰਕੇ ਇਸ ਵਾਰ ਖੱਜਲ-ਖੁਆਰ ਹੋਇਆ ਕਿਸਾਨ

05/15/2020 9:45:57 AM

ਲੁਧਿਆਣਾ (ਸਰਬਜੀਤ ਸਿੰਘ ਸਿੱਧੂ) - ਇਸ ਸਾਲ ਕਣਕ ਦੀ ਫਸਲ ਤੇ ਮੀਂਹ ਬਹੁਤ ਭਾਰੂ ਰਿਹਾ। ਫਰਵਰੀ, ਮਾਰਚ ਅਤੇ ਅਪ੍ਰੈਲ ਦੇ ਸ਼ੁਰੂਆਤ ਵਿਚ ਮੀਂਹ ਲਗਾਤਾਰ ਹਫਤੇ ਦੋ ਹਫਤਿਆਂ ਦੇ ਵਕਫੇ ਨਾਲ ਪੈਂਦਾ ਰਿਹਾ। ਜਿਵੇਂ ਕਿ ਪਹਿਲਾਂ ਕਿਸਾਨਾਂ ਨੂੰ ਕਣਕ ਦੀ ਵਾਢੀ ਸਮੇਂ ਸਿਰਫ਼ ਮੀਂਹ ਦਾ ਹੀ ਡਰ ਰਹਿੰਦਾ ਸੀ ਪਰ ਇਸ ਵਾਰ ਕੋਰੋਨਾ ਕਾਰਨ ਮੰਡੀਕਰਨ ਦੇ ਨਵੇਂ ਦਿਸ਼ਾ ਨਿਰਦੇਸ਼ ਵੀ ਕਿਸੇ ਚੁਣੌਤੀ ਤੋਂ ਘੱਟ ਨਹੀਂ ਸਨ। ਮੰਡੀਕਰਨ ਲੰਬਾ ਹੋਣ ਕਰਕੇ ਪੱਕੀ ਕਣਕ ਖੇਤਾਂ ਅਤੇ ਦਾਣੇ ਮੰਡੀਆਂ ਵਿਚ ਖੱਜਲ-ਖੁਆਰ ਹੋਏ। ਇਸ ਸਾਲ 135 ਲੱਖ ਮੀਟ੍ਰਿਕ ਟਨ ਕਣਕ ਦੀ ਉਪਜ ਦਾ ਅਨੁਮਾਨ ਸੀ ਪਰ ਮਾਹਿਰਾਂ ਦਾ ਅੰਦਾਜ਼ਾ ਹੈ ਕਿ ਇਹ ਲਗਭਗ 124 ਲੱਖ ਮੀਟ੍ਰਿਕ ਟਨ ਹੀ ਰਹੇਗਾ । 

ਕਿਸਾਨ 

PunjabKesari

1. ਮਾਨਸਾ ਜ਼ਿਲ੍ਹੇ ਵਿਚ ਪੈਂਦੇ ਗੁਰਨੇ ਪਿੰਡ ਦੇ ਕਿਸਾਨ ਦਰਸ਼ਨ ਸਿੰਘ ਨੇ ਕਿਹਾ ਕਿ ਉਹ 17 ਅਪਰੈਲ ਨੂੰ ਕਣਕ ਦੀ ਬੋਲੀ ਲੱਗਣੀ ਸੀ ਪਰ ਮੀਂਹ ਪੈਣ ਕਾਰਨ ਦੋ ਦਿਨ ਮੰਡੀ ਵਿਚ ਹੀ ਰੁਕਣਾ ਪਿਆ। 19 ਅਪਰੈਲ ਨੂੰ ਕਣਕ ਵਿਕੀ ਜਿਸ ਵਿਚ ਨਮੀ ਦੀ ਮਾਤਰਾ 12 ਤੋਂ ਵੱਧਕੇ 14 ਪ੍ਰਤੀਸ਼ਤ ਹੋ ਗਈ ਸੀ, ਜਿਸ ਕਰਕੇ ਮੁੱਲ ਵੀ ਘੱਟ ਮਿਲਿਆ। ਉਨ੍ਹਾਂ ਕਿਹਾ ਕਿ ਲੰਬਾ ਮੰਡੀਕਰਨ ਛੋਟੇ ਕਿਸਾਨਾਂ ਲਈ ਬਹੁਤ ਨੁਕਸਾਨਦਾਇਕ ਰਿਹਾ ਹੈ, ਕਿਉਂਕਿ ਕਣਕ ਦੇ ਵਿਕਣ ਤੋਂ ਬਾਅਦ ਲਗਭਗ 25 ਦਿਨ ਆੜ੍ਹਤੀਏ ਨਾਲ ਹਿਸਾਬ ਕਿਤਾਬ ਨਹੀਂ ਹੁੰਦਾ । ਜਿਸ ਵਿਚ ਇਨ੍ਹਾਂ ਦਿਨਾਂ ਦਾ ਵਿਆਜ ਆੜ੍ਹਤੀਆਂ, ਬੈਂਕਾਂ, ਸੁਸਾਇਟੀਆਂ, ਕੰਬਾਈਨ ਵਾਲਾ, ਤੂੜੀ ਵਾਲਾ ਆਦਿ ਫਾਲਤੂ ਲੈਂਦੇ ਹਨ । 

PunjabKesari

2. ਭਾਈਰੂਪਾ ਦੇ ਕਿਸਾਨ ਬਲਦੇਵ ਸਿੰਘ ਨੇ ਕਿਹਾ ਕਿ ਲੰਬੇ ਮੰਡੀਕਰਨ ਨਾਲ ਕਣਕ ਦੀ ਫਸਲ ਬਹੁਤ ਰੁਲ਼ੀ ਹੈ। ਇਸ ਨਾਲ ਕਿਸਾਨ ਦਾ ਦੂਹਰਾ ਨੁਕਸਾਨ ਮਜ਼ਦੂਰੀ ਤੇ ਵਾਧੂ ਖਰਚਾ ਅਤੇ ਮੀਂਹ ਕਾਰਨ ਕਣਕ ਦੀ ਹੋਈ ਖਰਾਬੀ ਕਰਕੇ ਹੋਇਆ ਹੈ। ਬਹੁਤੇ ਘਰਾਂ ਦੀ 40 ਤੋਂ 50 ਮਣ ਕਣਕ ਭਿੱਜ ਕੇ ਹੀ ਖਰਾਬ ਹੋ ਗਈ ਜੋ ਕਿ ਵਿਕੀ ਹੀ ਨਹੀਂ ਅਤੇ ਬਾਕੀ ਨੂੰ ਨਮੀਂ ਨੇ ਪ੍ਰਭਾਵਿਤ ਕੀਤਾ। ਉਨ੍ਹਾਂ ਕਿਹਾ ਕਿ ਥੋੜ੍ਹਾ ਥੋੜ੍ਹਾ ਮੀਂਹ ਤਾਂ ਪੈਂਦਾ ਹੀ ਰਿਹਾ ਪਰ 3 ਮਈ ਨੂੰ, ਜੋ ਮੀਂਹ ਪਿਆ, ਇਸ ਨਾਲ ਖੇਤਾਂ ਅਤੇ ਮੰਡੀਆਂ ਵਿਚ ਪਈ ਕਣਕ ਬਹੁਤ ਖਰਾਬ ਹੋਈ। ਜੇਕਰ ਮੰਡੀਆਂ ਪਿਛਲੇ ਸਾਲਾਂ ਦੀ ਤਰ੍ਹਾਂ ਅਪਰੈਲ ਵਿਚ ਖ਼ਤਮ ਹੋ ਜਾਂਦੀਆਂ ਤਾਂ ਇਹ ਨਾ ਹੁੰਦਾ।

3. ਲੁਧਿਆਣੇ ਜ਼ਿਲ੍ਹੇ ਦੇ ਪਿੰਡ ਧਾਂਦਰਾ ਦੇ ਕਿਸਾਨ ਗੁਰਜੋਤ ਸਿੰਘ ਨੇ ਕਿਹਾ ਕਿ ਕੱਚੀਆਂ ਅਤੇ ਨੀਵੀਆਂ ਮੰਡੀਆਂ, ਜਿੱਥੇ ਪਾਣੀ ਖੜ੍ਹਦਾ ਹੈ ਉੱਥੇ ਕਣਕ ਦੇ ਦਾਣਿਆਂ ਦੀ ਬਹੁਤ ਬਰਬਾਦੀ ਹੋਈ। ਜੇਕਰ ਮੰਡੀਕਰਨ ਦਾ ਸਮਾਂ ਪਹਿਲਾਂ ਦੀ ਤਰ੍ਹਾਂ ਹੁੰਦਾ ਅਤੇ ਨਾਲ ਦੀ ਨਾਲ ਕਣਕ ਵਿਕਦੀ ਅਤੇ ਚੁਕਾਈ ਹੁੰਦੀ ਰਹਿੰਦੀ ਤਾਂ ਇਹ ਨੁਕਸਾਨ ਵੀ ਨਹੀਂ ਹੋਣਾ ਸੀ। ਮੀਂਹ ਕਰਕੇ ਖੜ੍ਹੀ ਕਣਕ ਦਾ ਨਹੀਂ ਬਲਕਿ ਮੰਡੀਆਂ ਵਿਚ ਜ਼ਿਆਦਾ ਨੁਕਸਾਨ ਹੋਇਆ ਹੈ। ਉਨ੍ਹਾਂ ਕਿਹਾ ਕਿ ਕਣਕ ਦੇਰੀ ਨਾਲ ਵੱਢੀ ਜਾਣ ਕਰਕੇ ਤੂੜੀ ਵੀ ਦੇਰੀ ਨਾਲ ਹੀ ਬਣਾਉਣੀ ਪਈ। ਕਣਕ ਦਾ ਨਾੜ ਮੀਂਹ ਨਾਲ ਭਿਜਣ ਕਰਕੇ ਤੂੜੀ ਘੱਟ ਨਿਕਲੀ ਅਤੇ ਕਾਲੀ ਹੋ ਗਈ ਹੈ। ਇਹ ਤੂੜੀ ਪਸ਼ੂਆਂ ਲਈ ਘੱਟ ਗੁਣਵੱਤਾ ਵਾਲੀ ਮੰਨੀ ਜਾਂਦੀ ਹੈ ।

PunjabKesari

4. ਪਟਿਆਲਾ ਜ਼ਿਲ੍ਹੇ ਵਿਚ ਪੈਂਦੇ ਅਗੇਤਾ ਪਿੰਡ ਦੇ ਕਿਸਾਨ ਹਰਵਿੰਦਰ ਸਿੰਘ ਨੇ ਕਿਹਾ ਕਿ ਜੇਕਰ ਸਮੇਂ ਸਿਰ ਪਾਸ ਨਾ ਮਿਲਣ ਅਤੇ ਘਰ ਵਿਚ ਵੀ ਜਗ੍ਹਾ ਨਾ ਹੋਣ ਕਰਕੇ ਬਹੁਤੇ ਕਿਸਾਨਾਂ ਨੂੰ ਕਣਕ ਖੇਤ ਵਿਚ ਤਰਪਾਲ ਪਾ ਕੇ ਉਨ੍ਹਾਂ ਸਮਾਂ ਰੱਖਣੀ ਪਈ ਜਦ ਤੱਕ ਪਾਸ ਨਹੀਂ ਮਿਲ ਜਾਂਦਾ। ਉਨ੍ਹਾਂ ਕਿਹਾ ਕਿ ਇਸ ਸਾਲ ਮੀਂਹ ਦੀ ਵਜ੍ਹਾ ਨਾਲ ਕਣਕ ਡਿੱਗਣ ਕਰਕੇ ਬਹੁਤ ਝਾੜ ਘਟਿਆ ਹੈ। ਦੂਜੇ ਪਾਸੇ ਮੰਡੀ ਦੀ ਗੱਲ ਕਰੀਏ ਤਾਂ ਜਿਹੜੇ ਆੜ੍ਹਤੀਏ ਕੋਲ ਜ਼ਿਆਦਾ ਕਿਸਾਨ ਜਾਂ ਜ਼ਿਆਦਾ ਕਣਕ ਆਉਂਦੀ ਸੀ ਉੱਥੇ ਕਿਸਾਨ ਦੀ ਕਣਕ ਦੀ ਤੁਲਾਈ ਦਾ ਨੰਬਰ ਵੀ ਦੇਰੀ ਨਾਲ ਲੱਗਦਾ ਸੀ। ਜ਼ਿਆਦਾ ਸਮਾਂ ਮੰਡੀ ਵਿਚ ਰਹਿਣ ਕਰਕੇ ਹੀ ਕਣਕ ਨੂੰ ਮੀਂਹ ਖਰਾਬ ਕੀਤਾ । 

ਕਿਸਾਨਾਂ ਦਾ ਇਹੀ ਕਹਿਣਾ ਹੈ ਕਿ ਪੱਕਣ ਤੋਂ ਬਾਅਦ ਕਣਕ ਦੀ ਫਸਲ ਅਜਿਹੀ ਹੈ ਜਿੰਨਾ ਛੇਤੀ ਹੋ ਸਕੇ ਦਾਣੇ ਕੱਢ ਕੇ ਵਿਕ ਜਾਣੀ ਚਾਹੀਦੀ ਹੈ। ਪੱਕਣ ਤੋਂ ਬਾਅਦ ਚੁਕਾਈ ਤੱਕ ਜਿੰਨਾ ਜ਼ਿਆਦਾ ਸਮਾਂ ਕਣਕ ਬਾਹਰ ਰਹੇਗੀ ਉਹ ਖਤਰੇ ਤੋਂ ਖਾਲੀ ਨਹੀਂ । 

ਭਾਰਤੀ ਕਿਸਾਨ ਯੂਨੀਅਨ  

PunjabKesari

ਭਾਰਤੀ ਕਿਸਾਨ ਯੂਨੀਅਨ ਦੇ ਪ੍ਰਧਾਨ ਬਲਬੀਰ ਸਿੰਘ ਰਾਜੇਵਾਲ ਨੇ ਕਿਹਾ ਕਿ ਇਸ ਸਾਲ ਕਣਕ ਦਾ ਝਾੜ ਕੀਤੇ ਗਏ ਦਾਅਵਿਆਂ ਤੋਂ 12 - 13 ਲੱਖ ਮੈਟ੍ਰਿਕ ਟਨ ਘਟੇਗਾ। ਜਿਸ ਦਾ ਅਸਲ ਕਾਰਨ ਲਗਾਤਾਰ ਪੈ ਰਹੇ ਮੀਂਹ ਅਤੇ ਹਨੇਰੀ ਦੇ ਨਾਲ ਨਾਲ ਮੰਡੀਕਰਨ ਦਾ ਤਰੀਕਾ ਵੀ ਹੈ। ਉਨ੍ਹਾਂ ਕਿਹਾ ਕਿ ਅਸਲੀਅਤ ਵਿੱਚ ਬਾਰਦਾਨਾ ਨਾ ਹੋਣ ਕਰਕੇ ਚੁਕਾਈ ਦੇਰੀ ਨਾਲ ਹੁੰਦੀ ਰਹੀ। ਫੇਰ ਲੋਕਲ ਪਲਾਸਟਿਕ ਦਾ ਬਾਰਦਾਨਾ ਲੈ ਕੇ ਮਾਲ ਭਰਵਾਇਆ ਗਿਆ। ਦੂਜੇ ਪਾਸੇ ਜੇਕਰ ਪਾਸਾਂ ਦੀ ਬਜਾਏ ਆੜ੍ਹਤੀਏ ਨੂੰ ਹੀ ਕਿਹਾ ਜਾਂਦਾ ਕਿ ਕਰੋਨਾ ਤੋਂ ਸੁਰੱਖਿਆ ਲਈ ਸਾਰੇ ਪ੍ਰਬੰਧ ਕਰਕੇ ਕਣਕ ਦੀ ਤੁਲਾਈ ਕਰਵਾਵੇ ਤਾਂ ਹੀ ਆੜ੍ਹਤੀਏ ਅਤੇ ਕਿਸਾਨ ਲਈ ਜ਼ਿਆਦਾ ਸੌਖਾ ਰਹਿਣਾ ਸੀ। ਪਾਸ ਸਿਸਟਮ ਨੇ ਕਿਸਾਨਾਂ ਨੂੰ ਬਹੁਤ ਖੱਜਲ ਕੀਤਾ। ਕਈ ਦਿਨ ਪਾਸ ਨਾ ਮਿਲਣਾ , ਕਈਆਂ ਨੂੰ ਇੱਕ ਪਾਸ ਮਿਲਣਾ ਅਤੇ ਕਈਆਂ ਨੂੰ ਤੀਜੇ ਦਿਨ ਜਾ ਕੇ ਪਾਸ ਮਿਲਦਾ ਰਿਹਾ ਹੈ। ਉਨ੍ਹਾਂ ਕਿਹਾ ਕਿ ਜੇਕਰ ਬਾਰਦਾਨਾ ਸਮੇਂ ਸਿਰ ਆਇਆ ਹੁੰਦਾ ਅਤੇ ਪਾਸ ਸਿਸਟਮ ਨਾ ਹੁੰਦਾ ਤਾਂ ਕਣਕ ਦਾ ਮੰਡੀਕਰਨ ਹੁਣ ਨੂੰ ਕਦੋਂ ਦਾ ਖ਼ਤਮ ਹੋ ਗਿਆ ਹੁੰਦਾ। ਸਰਕਾਰ ਦਾ ਮੰਡੀਆਂ ਦੀ ਗਿਣਤੀ ਚਾਰ ਹਜ਼ਾਰ ਤੋਂ ਵੱਧ ਕਰਨ ਦਾ ਫੈਸਲਾ ਬਿਲਕੁਲ ਚੰਗਾ ਸੀ ਪਰ ਦੂਜੇ ਪਾਸੇ ਸਰਕਾਰ ਨੇ ਦਾਅਵੇ ਵੱਡੇ ਕੀਤੇ ਅਤੇ ਅਸਲੀਅਤ ਕੁਝ ਹੋਰ ਰਹੀ । 

ਆੜ੍ਹਤੀਆ 

ਆੜ੍ਹਤੀਆ ਸੰਘਰਸ਼ ਕਮੇਟੀ ਪੰਜਾਬ ਦੇ ਚੇਅਰਮੈਨ ਪਿੱਪਲ ਸਿੰਘ ਦਾ ਕਹਿਣਾ ਹੈ ਕਿ ਬਾਰਦਾਨੇ ਦੀ ਕਮੀ ਅਤੇ ਚੁਕਾਈ ਵਿਚ ਦੇਰੀ ਕਰਕੇ ਇਸ ਸਾਲ ਕਣਕ ਦਾ ਮੰਡੀਕਰਨ ਬਹੁਤ ਪ੍ਰਭਾਵਿਤ ਹੋਇਆ ਹੈ। ਉਨ੍ਹਾਂ ਕਿਹਾ ਕਿ ਖਾਸ ਤੌਰ ਤੇ ਮਾਰਕਫੈੱਡ ਨੇ ਕਣਕ ਦੀਆਂ ਬੋਰੀਆਂ ਦੀ ਚੁਕਾਈ ਵਿੱਚ ਬਹੁਤ ਦੇਰੀ ਕੀਤੀ । ਜੇਕਰ ਕਣਕ ਜ਼ਿਆਦਾ ਸਮਾਂ ਮੰਡੀ ਵਿੱਚ ਰਹੇਗੀ ਤਾਂ ਮੀਂਹ ਪ੍ਰਭਾਵਿਤ ਕਰੇਗਾ ।

PunjabKesari

 ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਮੌਸਮੀ ਤਬਦੀਲੀ ਅਤੇ ਖੇਤੀਬਾੜੀ ਮੌਸਮ ਵਿਗਿਆਨ ਵਿਭਾਗ ਤੋਂ ਮਿਲੀ ਜਾਣਕਾਰੀ ਅਨੁਸਾਰ 17 ਅਪ੍ਰੈਲ ਤੋਂ ਬਾਅਦ ਪੰਜਾਬ ਵਿਚ ਲੱਗਭਗ ਹਰ ਹਫਤੇ ਮੀਂਹ ਪਿਆ ਹੈ । ਜਿਸ ਵਿਚ ਵੱਧ ਤੋਂ ਵੱਧ 14 ਮਈ ਨੂੰ 12.4 ਐੱਮ.ਐੱਮ.ਅਤੇ ਘੱਟ ਤੋਂ ਘੱਟ 10 ਮਈ ਨੂੰ 0.8 ਐੱਮ. ਐੱਮ.  ਦਰਜ ਕੀਤਾ ਗਿਆ ਹੈ । 

PunjabKesari

ਪੰਜਾਬ ਮੰਡੀ ਬੋਰਡ ਦੁਆਰਾ ਮਿਲੀ ਜਾਣਕਾਰੀ ਅਨੁਸਾਰ ਪਿਛਲੇ ਸਾਲ ਦੇ ਮੁਕਾਬਲੇ ਇਸ ਸਾਲ ਮੰਡੀ 15 ਅਪਰੈਲ ਨੂੰ ਸ਼ੁਰੂ ਹੋਈ । ਸ਼ੁਰੂਆਤ ਵਿਚ ਕਣਕ ਦੀ ਆਮਦ ਵਧੀ ਹੈ ਪਰ 22 ਅਪ੍ਰੈਲ ਤੋਂ ਬਾਅਦ ਘੱਟਣੀ ਸ਼ੁਰੂ ਹੋ ਗਈ। ਮਾਹਿਰਾਂ ਦਾ ਕਹਿਣਾ ਹੈ ਕਿ ਇਸਦਾ ਮੁੱਖ ਕਾਰਨ ਮੀਂਹ, ਬਾਰਦਾਨੇ ਵਿਚ ਕਮੀ ਅਤੇ ਕਣਕ ਦੀਆਂ ਬੋਰੀਆਂ ਦੀ ਚੁਕਾਈ ਵਿਚ ਦੇਰੀ ਹੈ। ਅੰਕੜਿਆਂ ਅਨੁਸਾਰ ਕਣਕ ਦੀ ਕੁੱਲ ਆਮਦ ਪਿਛਲੇ ਸਾਲ ਦੇ ਮੁਕਾਬਲੇ ਘਟਣ ਦੇ ਆਸਾਰ ਹਨ। 14 ਮਈ ਤੱਕ ਸਾਲ 2019 ਵਿਚ ਕਣਕ ਦੀ ਆਮਦ 126.14 ਲੱਖ ਮੀਟਰ ਟਨ ਹੋ ਗਈ ਸੀ ਪਰ ਇਸ ਸਾਲ 2020 ਵਿਚ ਸਿਰਫ਼ 121.01 ਮੀਟ੍ਰਿਕ ਟਨ ਦੀ ਆਮਦ ਹੀ ਹੋਈ ਹੈ।

PunjabKesari


rajwinder kaur

Content Editor

Related News