ਆਟਾ-ਦਾਲ ਸਕੀਮ ਤਹਿਤ ਘਟੀਆ ਪੱਧਰ ਦੀ ਵੰਡੀ ਜਾ ਰਹੀ ਐ ਕਣਕ

Wednesday, Sep 13, 2017 - 01:16 AM (IST)

ਆਟਾ-ਦਾਲ ਸਕੀਮ ਤਹਿਤ ਘਟੀਆ ਪੱਧਰ ਦੀ ਵੰਡੀ ਜਾ ਰਹੀ ਐ ਕਣਕ

ਰੂਪਨਗਰ, (ਕੈਲਾਸ਼)- ਰੂਪਨਗਰ ਨਾਲ ਲੱਗਦੇ ਪਿੰਡ ਰੈਲੋਂ ਕਲਾਂ 'ਚ ਜੋ ਗਰੀਬ ਲੋਕਾਂ ਨੂੰ ਕਣਕ ਫੂਡ ਐਂਡ ਸਪਲਾਈ ਵਿਭਾਗ ਵੱਲੋਂ ਬੀਤੇ ਦਿਨ ਵੰਡੀ ਗਈ, ਉਹ ਜਾਨਵਰਾਂ ਦੇ ਖਾਣ ਦੇ ਲਾਇਕ ਵੀ ਨਹੀਂ। ਲੋਕ ਉਸ ਨੂੰ ਕਿਵੇਂ ਖਾਣਗੇ? ਇਸ ਸਬੰਧ 'ਚ ਪਿੰਡ ਰੈਲੋਂ ਕਲਾਂ ਦੇ ਨਿਵਾਸੀ ਜਗਜੀਤ ਸਿੰਘ ਪੁੱਤਰ ਹਰਨਾਮ ਸਿੰਘ ਨੇ ਰੋਸ ਪ੍ਰਗਟ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਬੀਤੇ ਦਿਨ ਪਿੰਡ ਦੇ ਡਿਪੂ ਹੋਲਡਰ ਦੁਆਰਾ ਆਟਾ-ਦਾਲ ਸਕੀਮ ਤਹਿਤ ਜੋ ਕਣਕ ਵੰਡੀ ਗਈ, ਉਹ ਮਿੱਟੀ ਹੋ ਚੁੱਕੀ ਹੈ ਤੇ ਕਿਸੇ ਦੇ ਵੀ ਖਾਣ ਦੇ ਲਾਇਕ ਨਹੀਂ ਪਰ ਹੈਰਾਨੀ ਦੀ ਗੱਲ ਹੈ ਕਿ ਸਰਕਾਰ ਗਰੀਬ ਲੋਕਾਂ ਨੂੰ ਕਣਕ ਵੰਡ ਕੇ ਜਿਥੇ ਵਾਹ-ਵਾਹ ਲੁੱਟ ਰਹੀ ਹੈ, ਉਥੇ ਗਰੀਬ ਲੋਕ ਜ਼ਿਲਾ ਪ੍ਰਸ਼ਾਸਨ ਦੀ ਅਣਦੇਖੀ ਕਰ ਕੇ ਸ਼ੋਸ਼ਣ ਦਾ ਸ਼ਿਕਾਰ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਜਿਵੇਂ ਹੀ ਉਨ੍ਹਾਂ ਇਕ ਬੋਰੀ ਨੂੰ ਖੋਲ੍ਹਿਆ ਤਾਂ ਬੋਰੀ 'ਚ ਕਣਕ ਦੀ ਬਜਾਏ ਮਿੱਟੀ ਹੋ ਚੁੱਕਾ ਅਨਾਜ ਦੇਖਣ ਨੂੰ ਮਿਲਿਆ। ਇਸ ਤੋਂ ਇਲਾਵਾ ਉਨ੍ਹਾਂ ਦੋਸ਼ ਲਾਇਆ ਕਿ ਉਕਤ ਕਣਕ ਜੋ ਡਿਪੂ ਹੋਲਡਰ ਵੱਲੋਂ ਸੋਲਖੀਆਂ ਦੇ ਨੇੜੇ ਪੈਂਦੇ ਗੋਦਾਮ ਤੋਂ ਰੈਲੋਂ ਕਲਾਂ ਤੱਕ ਮੰਗਵਾਈ ਗਈ ਸੀ, ਉਸ ਦਾ ਕਿਰਾਇਆ ਵੀ ਡਿਪੂ ਹੋਲਡਰ ਨੂੰ ਮੰਗਣ 'ਤੇ ਅਦਾ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਉਸ ਨੂੰ ਆਪਣੇ ਘਰ ਲਈ ਚਾਰ ਜਦੋਂਕਿ ਉਸ ਦੇ ਲੜਕੇ ਲਈ ਦੋ ਬੋਰੀਆਂ ਮਿਲਣੀਆਂ ਸਨ, ਜਿਸ ਦੇ ਬਦਲੇ ਡਿਪੂ ਹੋਲਡਰ ਨੇ 100 ਰੁਪਏ ਕਿਰਾਏ ਦੇ ਰੂਪ 'ਚ ਮੰਗ ਕੀਤੀ ਤੇ ਉਸ ਨੇ 50 ਰੁਪਏ ਦੇ ਕੇ ਹੱਥ ਜੋੜ ਦਿੱਤੇ। 
ਇਸ ਤੋਂ ਇਲਾਵਾ ਜਦੋਂ ਕਣਕ ਵੰਡਣ ਲਈ ਪਰਚੀਆਂ ਕੱਟੀਆਂ ਗਈਆਂ ਤਾਂ ਰੈਲੋਂ ਕਲਾਂ ਡਿਪੂ ਤੋਂ ਸਰਪੰਚ ਦੇ ਘਰ ਤੱਕ ਕਣਕ ਪਹੁੰਚਾਉਣ ਲਈ ਵੀ ਦੋ-ਦੋ ਰੁਪਏ ਪ੍ਰਤੀ ਬੋਰੀ ਦੇ ਹਿਸਾਬ ਨਾਲ ਦਿੱਤੇ ਗਏ ਸਨ। ਉਨ੍ਹਾਂ ਜ਼ਿਲਾ ਪ੍ਰਸ਼ਾਸਨ ਨੂੰ ਅਪੀਲ ਕੀਤੀ ਕਿ ਪੰਜਾਬ ਸਰਕਾਰ ਦੇ ਨਿਰਦੇਸ਼ਾਂ 'ਤੇ ਗਰੀਬ ਲੋਕਾਂ ਨੂੰ 2 ਰੁਪਏ ਪ੍ਰਤੀ ਕਿਲੋ ਨਾਲ ਦਿੱਤਾ ਜਾਣ ਵਾਲਾ ਅਨਾਜ ਗਰੀਬਾਂ ਨਾਲ ਮਜ਼ਾਕ ਨਾ ਬਣਾਇਆ ਜਾਵੇ ਤੇ ਉਨ੍ਹਾਂ ਨੂੰ ਖਾਣਯੋਗ ਕਣਕ ਦਿੱਤੀ ਜਾਵੇ।


Related News