ਮੰਡੀਆਂ 'ਚ ਕਣਕ ਦੀ ਆਮਦ 100 ਲੱਖ ਮੀਟ੍ਰਿਕ ਟਨ ਤੋਂ ਪਾਰ, ਕਿਸੇ ਵੀ ਕਿਸਾਨ ਨੂੰ ਨਹੀਂ ਕਰਨੀ ਪਈ ਉਡੀਕ

Friday, Apr 28, 2023 - 10:52 AM (IST)

ਚੰਡੀਗੜ੍ਹ (ਸ਼ਰਮਾ) : ਸੂਬੇ ਭਰ ਦੀਆਂ ਮੰਡੀਆਂ 'ਚ ਬੀਤੇ ਦਿਨ ਕਣਕ ਦੀ ਆਮਦ 100 ਲੱਖ ਮੀਟ੍ਰਿਕ ਟਨ ਨੂੰ ਪਾਰ ਕਰ ਗਈ ਹੈ। ਇਸ ਵਿਚੋਂ 99.5 ਲੱਖ ਟਨ ਸਰਕਾਰੀ ਏਜੰਸੀਆਂ ਅਤੇ ਪ੍ਰਾਈਵੇਟ ਵਪਾਰੀਆਂ ਵਲੋਂ ਪਹਿਲਾਂ ਹੀ ਖ਼ਰੀਦੀ ਜਾ ਚੁੱਕੀ ਹੈ। ਵਪਾਰੀਆਂ ਵਲੋਂ ਕਰੀਬ 3.5 ਲੱਖ ਮੀਟ੍ਰਿਕ ਟਨ, ਜਦਕਿ ਬਾਕੀ ਕਣਕ ਸਰਕਾਰ ਵਲੋਂ ਘੱਟੋ-ਘੱਟ ਸਮਰਥਨ ਮੁੱਲ ’ਤੇ ਖ਼ਰੀਦੀ ਗਈ ਹੈ। ਬੀਤੇ ਦਿਨ ਦੇ ਅਖ਼ੀਰ ਤੱਕ ਸਿਰਫ਼ 1 ਲੱਖ ਮੀਟ੍ਰਿਕ ਟਨ ਕਣਕ ਹੀ ਬਿਨਾਂ ਖ਼ਰੀਦੇ ਬਚੀ ਸੀ ਕਿਉਂਕਿ ਇਸਦੀ ਸਫ਼ਾਈ ਹੋਣੀ ਬਾਕੀ ਸੀ। ਇਹ ਜਾਣਕਾਰੀ ਦਿੰਦਿਆਂ ਖ਼ੁਰਾਕ, ਸਿਵਲ ਸਪਲਾਈ ਅਤੇ ਖ਼ਪਤਕਾਰ ਮਾਮਲੇ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਦੱਸਿਆ ਕਿ ਮੌਜੂਦ ਸੀਜ਼ਨ 'ਚ 100 ਲੱਖ ਮੀਟ੍ਰਿਕ ਟਨ ਕਣਕ ਦੀ ਖ਼ਰੀਦ ਦੇ ਅੰਕੜੇ ਨੂੰ ਪਾਰ ਕਰਕੇ ਪਿਛਲੇ ਸਾਲ ਹੋਈ ਕੁੱਲ 96 ਲੱਖ ਮੀਟ੍ਰਿਕ ਟਨ ਕਣਕ ਦੀ ਖ਼ਰੀਦ ਨੂੰ ਮਾਤ ਦਿੰਦਿਆਂ ਖ਼ਰੀਦ ਪ੍ਰਕਿਰਿਆ ਆਪਣੇ ਆਖ਼ਰੀ ਪੜਾਅ 'ਚ ਦਾਖ਼ਲ ਹੋ ਗਈ ਹੈ।

ਇਹ ਵੀ ਪੜ੍ਹੋ : ਅਹਿਮ ਖ਼ਬਰ : CM ਬਣਨ ਮਗਰੋਂ ਪਹਿਲੀ ਵਾਰ ਭਗਵੰਤ ਮਾਨ ਨੇ ਲੁਧਿਆਣਾ 'ਚ ਰੱਖੀ ਪੰਜਾਬ ਕੈਬਨਿਟ ਦੀ ਮੀਟਿੰਗ

ਪਿਛਲੇ ਸਾਲ ਦੌਰਾਨ ਕਣਕ ਦੀ ਆਮਦ ਦੀ ਤੁਲਨਾ ਕਰਦਿਆਂ ਮੰਤਰੀ ਨੇ ਕਿਹਾ ਕਿ ਇਹ ਮਾਣ ਵਾਲੀ ਗੱਲ ਹੈ ਕਿ ਦੇਸ਼ ਭਰ 'ਚ ਕਣਕ ਦੀ ਸਰਕਾਰੀ ਖ਼ਰੀਦ ਦਾ ਲਗਭਗ 50 ਫ਼ੀਸਦੀ ਹਿੱਸਾ ਸੂਬੇ ਵਲੋਂ ਪਾਇਆ ਗਿਆ ਹੈ, ਜਿਸ ਨਾਲ ਇਕ ਵਾਰ ਫਿਰ ਪੰਜਾਬ ਦੇਸ਼ ਦੇ ਅੰਨਦਾਤਾਵਾਂ ਵਿਚੋਂ ਮੋਹਰੀ ਰਿਹਾ ਹੈ। ਉਨ੍ਹਾਂ ਅੱਗੇ ਕਿਹਾ ਕਿ ਇਸ ਸਾਲ ਘੱਟੋ-ਘੱਟ ਸਮਰਥਨ ਮੁੱਲ ’ਤੇ ਕੁੱਲ ਸਰਕਾਰੀ ਖ਼ਰੀਦ ਪਿਛਲੇ ਸਾਲ ਦੇ ਮੁਕਾਬਲੇ ਘੱਟੋ-ਘੱਟ 30 ਫ਼ੀਸਦੀ ਵੱਧ ਹੋਣ ਦੀ ਉਮੀਦ ਹੈ, ਜੋ ਕਿ ਸੂਬੇ 'ਚ ਵਧੀ ਹੋਈ ਖੁਸ਼ਹਾਲੀ ਦਾ ਸੰਕੇਤ ਹੈ। ਖ਼ਰੀਦ ਪ੍ਰਕਿਰਿਆ ਦੀ ਰਫ਼ਤਾਰ ’ਤੇ ਤਸੱਲੀ ਪ੍ਰਗਟ ਕਰਦਿਆਂ ਮੰਤਰੀ ਨੇ ਕਿਹਾ ਕਿ ਪੂਰੇ ਸੀਜ਼ਨ ਦੌਰਾਨ ਦਿਨ ਦੇ ਅੰਤ 'ਚ ਬਿਨਾਂ ਖ਼ਰੀਦੇ ਬਚੀ ਕਣਕ ਦੀ ਮਾਤਰਾ ਕਦੇ ਵੀ ਉਸ ਦਿਨ ਦੀ ਆਮਦ ਦੇ 50 ਫ਼ੀਸਦੀ ਤੋਂ ਵੱਧ ਨਹੀਂ ਸੀ, ਜੋ ਇਸ ਤੱਥ ਵੱਲ ਸਪੱਸ਼ਟ ਤੌਰ ’ਤੇ ਇਸ਼ਾਰਾ ਕਰਦਾ ਹੈ ਕਿ ਜ਼ਿਆਦਾਤਰ ਕਿਸਾਨਾਂ ਦੀ ਕਣਕ ਉਸੇ ਦਿਨ ਹੀ ਖ਼ਰੀਦੀ ਗਈ ਹੈ, ਜਿਸ ਦਿਨ ਉਹ ਆਪਣੀ ਕਣਕ ਮੰਡੀ 'ਚ ਲੈ ਕੇ ਆਏ ਸਨ।

ਇਹ ਵੀ ਪੜ੍ਹੋ : ਮਾਤਾ ਵੈਸ਼ਨੋ ਦੇਵੀ ਤੋਂ ਆ ਰਹੀ ਸ਼ਰਧਾਲੂਆਂ ਨਾਲ ਭਰੀ ਬੱਸ ਪਲਟੀ, ਦੇਖੋ ਭਿਆਨਕ ਮੰਜ਼ਰ ਬਿਆਨ ਕਰਦੀਆਂ ਤਸਵੀਰਾਂ

ਕਣਕ ਦੀ ਚੁਕਾਈ ਸਬੰਧੀ ਮੰਤਰੀ ਨੇ ਕਿਹਾ ਕਿ ਇਸ ਸਾਲ ਮੰਡੀਆਂ 'ਚ 100 ਲੱਖ ਟਨ ਕਣਕ ਦੀ ਆਮਦ ਸਿਰਫ 15 ਦਿਨਾਂ ’ਚ ਹੀ ਹੋ ਗਈ ਹੈ, ਜਦਕਿ ਪਿਛਲੇ ਸਾਲ ਇਸੇ ਤਾਰੀਖ਼ ਤੱਕ 22 ਦਿਨਾਂ 'ਚ 94 ਲੱਖ ਮੀਟ੍ਰਿਕ ਟਨ ਕਣਕ ਦੀ ਆਮਦ ਹੋਈ ਸੀ। ਇਸ ਲਈ ਸੂਬੇ 'ਚ ਸੀਮਤ ਲੇਬਰ ਅਤੇ ਟਰਾਂਸਪੋਰਟ ਸਰੋਤਾਂ ’ਤੇ ਧਿਆਨ ਦੇਣਾ ਲਾਜ਼ਮੀ ਸੀ। ਉਨ੍ਹਾਂ ਅੱਗੇ ਕਿਹਾ ਕਿ ਚੁਕਾਈ ਖ਼ਰੀਦ ਏਜੰਸੀਆਂ ਦਾ ਅੰਦਰੂਨੀ ਮਾਮਲਾ ਹੈ ਅਤੇ ਇਸ ਦਾ ਕਿਸੇ ਵੀ ਦਿਨ ਕਿਸੇ ਵੀ ਤਰ੍ਹਾਂ ਨਾਲ ਕਣਕ ਦੀ ਤੁਰੰਤ ਖ਼ਰੀਦ ਅਤੇ ਅਦਾਇਗੀ ਸਬੰਧੀ ਕਿਸਾਨਾਂ ’ਤੇ ਪ੍ਰਭਾਵ ਨਹੀਂ ਪਿਆ। ਉਨ੍ਹਾਂ ਕਿਹਾ ਕਿ ਮੌਜੂਦਾ ਸਮੇਂ ਜ਼ਿਆਦਾਤਰ ਜ਼ਿਲ੍ਹਿਆਂ 'ਚ ਚੁਕਾਈ ਦੀ ਰਫ਼ਤਾਰ ਕਣਕ ਦੀ ਆਮਦ ਦੀ ਰਫ਼ਤਾਰ ਨਾਲੋਂ ਵੱਧ ਹੈ, ਇਸ ਲਈ ਚਿੰਤਾ ਕਰਨ ਦੀ ਕੋਈ ਗੱਲ ਨਹੀਂ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


Babita

Content Editor

Related News