ਨਵਜੋਤ ਸਿੱਧੂ ਨੂੰ ਪੰਜਾਬ ਪ੍ਰਧਾਨ ਬਣਾਉਣ’ਤੇ ਜਾਣੋ ਕੀ ਬੋਲੇ ਹਰੀਸ਼ ਰਾਵਤ

Monday, May 31, 2021 - 03:26 PM (IST)

ਜਲੰਧਰ : ਪੰਜਾਬ ਕਾਂਗਰਸ ’ਚ ਚੱਲ ਰਹੇ ਘਰ ਕਲੇਸ਼ ਸਬੰਧੀ ਕਾਂਗਰਸ ਹਾਈ ਕਮਾਨ ਨੇ ਤਿੰਨ ਮੈਂਬਰੀ ਕਮੇਟੀ ਗਠਿਤ ਕੀਤੀ ਹੈ, ਜੋ ਸੋਮਵਾਰ ਨੂੰ ਇਸ ਮਾਮਲੇ ਸਬੰਧੀ ਕਾਂਗਰਸ ਦੇ ਵਿਧਾਇਕਾਂ ਅਤੇ ਮੰਤਰੀਆਂ ਨਾਲ ਗੱਲਬਾਤ ਕਰੇਗੀ। ਸਿੱਧੂ, ਪ੍ਰਗਟ ਸਿੰਘ ਅਤੇ ਚੰਨੀ ਵੱਲੋਂ ਪਾਰਟੀ ’ਚ ਉਠਾਏ ਜਾ ਰਹੇ ਮੁੱਦਿਆਂ ਬਾਰੇ ਚੱਲ ਰਹੇ ਕਲੇਸ਼ ਸਬੰਧੀ ਕਾਂਗਰਸ ਦੇ ਪੰਜਾਬ ਮੁਖੀ ਹਰੀਸ਼ ਰਾਵਤ ਨਾਲ ਜਗ ਬਾਣੀ ਦੇ ਪ੍ਰਤੀਨਿਧੀ ਰਮਨਦੀਪ ਸਿੰਘ ਸੋਢੀ ਨੇ ਗੱਲਬਾਤ ਕੀਤੀ। ਪੇਸ਼ ਹਨ ਗੱਲਬਾਤ ਦੇ ਮੁੱਖ ਅੰਸ਼ -

ਸਵਾਲ : ਪਾਰਟੀ ’ਚ ਸਿੱਧੂ ਦਾ ਚੰਗਾ ਭਵਿੱਖ ਹੈ?
ਜਵਾਬ : ਸਿੱਧੂ ’ਚ ਕੁਝ ਤਾਂ ਅਜਿਹਾ ਹੋਵੇਗਾ ਕਿ ਹਾਈਕਮਾਨ ਨੇ ਇੰਨੇ ਸੀਨੀਅਰ ਨੇਤਾਵਾਂ ਦੀ 3 ਮੈਂਬਰੀ ਕਮੇਟੀ ਬਣਾਈ ਹੈ। ਮੈਨੂੰ ਆਸ ਹੈ ਕਿ ਜਿਵੇਂ ਪਾਰਟੀ ਸਿੱਧੂ ਦਾ ਸਨਮਾਨ ਕਰ ਰਹੀ ਹੈ, ਸਿੱਧੂ ਵੀ ਪਾਰਟੀ ਦਾ ਸਨਮਾਨ ਕਰੇ।

ਸਵਾਲ : ਕਿਹਾ ਜਾ ਰਿਹੈ ਕਿ ਕਾਂਗਰਸ ਹਾਈਕਮਾਨ ਸਿੱਧੂ ਨੂੰ ਪੰਜਾਬ ਪ੍ਰਦੇਸ਼ ਪ੍ਰਧਾਨ ਲਗਾ ਸਕਦੀ ਹੈ, ਇਸ ’ਚ ਕਿੰਨੀ ਸੱਚਾਈ ਹੈ?
ਜਵਾਬ : ਮੈਂ ਪਹਿਲਾਂ ਵੀ ਦੱਸਿਆ ਹੈ ਕਿ ਕਿਸੇ ਨੂੰ ਉਤਾਰਣ ਜਾਂ ਬਦਲਾਅ ਕਰਨ ਦੀ ਸਾਡੀ ਕੋਈ ਨੀਤੀ ਨਹੀਂ ਹੈ। ਅਸੀਂ ਪੰਜਾਬ ’ਚ ਸਾਰੇ ਕਾਂਗਰਸੀ ਵਿਧਾਇਕਾਂ ਅਤੇ ਹੋਰ ਸੀਨੀਅਰ ਨੇਤਾਵਾਂ ਨੂੰ ਇਕੱਠਾ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ।

ਸਵਾਲ : ਕੀ ਤੁਸੀਂ ਕੈਪਟਨ ਦੇ ਕੰਮ ਤੋਂ ਖੁਸ਼ ਨਹੀਂ ਹੋ?
ਜਵਾਬ : ਦੇਖੋ ਕੈਪਟਨ ਸਾਹਿਬ ਨੇ ਪੰਜਾਬ ਲਈ ਕਾਫੀ ਕੁਝ ਕੀਤਾ ਹੈ। ਫਿਰ ਵੀ ਮੈਂ ਉਨ੍ਹਾਂ ਨੂੰ ਕਿਹਾ ਹੈ ਕਿ ਕੈਪਟਨ ਸਾਹਿਬ ‘ਇਹ ਦਿਲ ਮਾਂਗੇ ਮੋਰ’! ਮੈਂ ਉਨ੍ਹਾਂ ਨੂੰ ਇਹ ਵੀ ਕਿਹਾ ਕਿ ਪਹਿਲਾਂ ਸਪਲੀਮੈਂਟਰੀ ਬਜਟ ਲਿਆਂਦਾ ਜਾਵੇ ਅਤੇ ਜੋ ਪੈਂਡਿੰਗ ਮਸਲੇ ਚੱਲ ਰਹੇ ਹਨ, ਉਨ੍ਹਾਂ ਦਾ ਵੀ ਨਿਪਟਾਰਾ ਕੀਤਾ ਜਾਵੇ।

ਇਹ ਵੀ ਪੜ੍ਹੋ : ਕੋਰੋਨਾ ਵੈਕਸੀਨ ਕੈਂਪ ਦੀ ਸ਼ੁਰੂਆਤ ਮੌਕੇ ਸੁਖਬੀਰ ਨੇ ਘੇਰੀ ਕੈਪਟਨ ਸਰਕਾਰ, ਕਿਹਾ- ਪੰਜਾਬ 'ਚ ਮੌਤ ਦਰ ਸਭ ਤੋਂ ਵੱਧ

ਸਵਾਲ : ਇਸ ਗੱਲ ’ਚ ਕਿੰਨੀ ਸੱਚਾਈ ਹੈ ਕਿ ਹਾਈਕਮਾਨ ਕੈਪਟਨ ਨੂੰ ਸਾਈਲੈਂਟ ਕਰਨ ਜਾ ਰਹੀ ਹੈ?
ਜਵਾਬ : ਕਮੇਟੀ ਕਿਸੇ ਨੂੰ ਸਾਈਲੈਂਟ ਕਰਨ ਦੇ ਵਿਚਾਰ ’ਤੇ ਕੰਮ ਨਹੀਂ ਕਰੇਗੀ। ਅਜਿਹਾ ਵਿਚਾਰ ਬਿਲਕੁਲ ਨਹੀਂ ਚੱਲ ਰਿਹਾ ਸਗੋਂ ਅਸੀਂ ਸਾਰਿਆਂ ਨੂੰ ਇਕੱਠਾ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ।

ਸਵਾਲ : ਕੀ 2022 ਦੀ ਚੋਣ ਕੈਪਟਨ ਦੀ ਅਗਵਾਈ ’ਚ ਲੜੀ ਜਾਵੇਗੀ?
ਜਵਾਬ : ਕੈਪਟਨ ਸਾਡੇ ਮੁੱਖ ਮੰਤਰੀ ਹਨ। ਸਾਡੀ ਪਾਰਟੀ ਦੀਆਂ ਕੁਝ ਰਵਾਇਤਾਂ ਹਨ। ਅਸੀਂ ਉਨ੍ਹਾਂ ਦਾ ਪਾਲਣ ਕਰਾਂਗੇ। ਮੁੱਖ ਮੰਤਰੀ ਵੀ ਆਪਣੀ ਟੀਮ ਦਾ ਕੈਪਟਨ ਹੁੰਦਾ ਹੈ। 2022 ’ਚ ਜਦੋਂ ਕਾਂਗਰਸ ਦੀ ਸਰਕਾਰ ਆਵੇਗੀ ਤਾਂ ਉਸ ਦਾ ਵੀ ਕੈਪਟਨ ਹੋਵੇਗਾ।

ਸਵਾਲ : ਪਾਰਟੀ ’ਚ ਸਿੱਧੂ ਦਾ ਕੀ ਸਟੇਟਸ ਹੈ?
ਜਵਾਬ : ਸਿੱਧੂ ਦਾ ਪਾਰਟੀ ’ਚ ਅਹਿਮ ਸਥਾਨ ਹੈ। ਕੋਸ਼ਿਸ਼ ਕਰਾਂਗੇ ਕਿ ਉਨ੍ਹਾਂ ਦੀਆਂ ਸੰਕਾਵਾਂ ਨੂੰ ਦੂਰ ਕੀਤਾ ਜਾਵੇ। ਸਿੱਧੂ ’ਚ ਪਾਰਟੀ ਦੇ ਵੱਡੇ ਨੇਤਾ ਹੋਣ ਦੇ ਸਾਰੇ ਗੁਣ ਹਨ। ਦੁਨੀਆ ਉਨ੍ਹਾਂ ਨੂੰ ਸੁਣਦੀ ਹੈ ਅਤੇ ਉਨ੍ਹਾਂ ਦੀ ਗੱਲ ਮੰਨਦੀ ਹੈ। ਇਸ ਲਈ ਸਿੱਧੂ ’ਤੇ ਵੀ ਵੱਡੀ ਜ਼ਿੰਮੇਵਾਰੀ ਹੈ ਕਿ ਉਹ ਪਾਰਟੀ ਨਾਲ ਮਿਲ ਕੇ ਚੱਲੇ। ਵੱਡਾ ਨੇਤਾ ਉਹੀ ਹੁੰਦਾ ਹੈ, ਜੋ ਸਭ ਨੂੰ ਨਾਲ ਲੈ ਕੇ ਚਲਦਾ ਹੈ। ਮੈਂ ਆਪਣੇ ਤਜ਼ਰਬੇ ਨਾਲ ਕਹਿਣਾ ਚਾਹੁੰਦਾ ਹਾਂ ਕਿ ਜਿਸ ਨੇ ਵੀ ਪਾਰਟੀ ਦੇ ਆਦੇਸ਼ ਨੂੰ ਮੰਨਿਆ ਹੈ, ਜਦ ਸਮਾਂ ਆਉਂਦਾ ਹੈ ਤਾਂ ਪਾਰਟੀ ਉਸ ਨੇਤਾ ਨਾਲ ਵੀ ਨਿਆਂ ਕਰਦੀ ਹੈ।

ਸਵਾਲ : ਪੰਜਾਬ ਦੇ ਇੰਚਾਰਜ ਬਣ ਕੇ ਕਿਹੋ ਜਿਹਾ ਮਹਿਸੂਸ ਕਰਦੇ ਹੋ?
ਜਵਾਬ : ਮੇਰੀ ਚੰਗੀ ਕਿਸਮਤ ਹੈ ਕਿ ਮੈਂ ਗੁਰੂਆਂ ਦੀ ਧਰਤੀ ’ਤੇ ਸੇਵਾ ਨਿਭਾ ਰਿਹਾ ਹਾਂ। ਪੰਜਾਬ ਦੇ ਲੋਕ ਬਹੁਤ ਸਪੱਸ਼ਟਵਾਦੀ ਹਨ, ਜੋ ਚੀਜ਼ਾਂ ਨੂੰ ਜ਼ਿਆਦਾ ਖੁੱਲ੍ਹ ਕੇ ਕਹਿ ਦਿੰਦੇ ਹਨ। ਮੈਂ ਵੀ ਲੀਡਰਸ਼ਿਪ ਨੂੰ ਇਹੀ ਸਲਾਹ ਦਿੱਤੀ ਹੈ ਕਿ ਤੁਸੀਂ ਜਨਤਕ ਤੌਰ ’ਤੇ ਖੁੱਲ੍ਹ ਕੇ ਬੋਲਣ ਦੀ ਬਜਾਏ ਮੈਨੂੰ ਦੱਸੋ। ਮੈਂ ਉਸ ਦਾ ਹੱਲ ਕਰਾਂਗਾ।

ਇਹ ਵੀ ਪੜ੍ਹੋ : ਸੰਗਰੂਰ ’ਚ ਕਾਂਗਰਸੀ ਆਗੂ ’ਤੇ ਕਾਤਲਾਨਾ ਹਮਲਾ, ਚੱਲੀਆਂ ਗੋਲ਼ੀਆਂ

ਨੋਟ — ਇਸ ਖ਼ਬਰ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਕੁਮੈਂਟ ਬਾਕਸ ’ਚ ਦਿਓ ਆਪਣੀ ਰਾਏ

 

 


Anuradha

Content Editor

Related News