ਫੂਲਕਾ ਦੇ ਅਸਤੀਫੇ ਦੇ ਕੀ ਮਾਇਨੇ ?

08/09/2019 8:23:39 PM

ਜਗ ਬਾਣੀ ਵਿਸ਼ੇਸ਼ ਰਿਪੋਰਟ (ਜਸਬੀਰ ਵਾਟਾਂ ਵਾਲੀ) ਵਿਧਾਨ ਸਭਾ ਹਲਕਾ ਦਾਖਾ ਤੋਂ ਵਿਧਾਇਕ ਐੱਚ. ਐੱਸ. ਫੂਲਕਾ ਦਾ ਅਸਤੀਫਾ ਲੰਮੀ ਖਿੱਚੋਤਾਣ ਤੋਂ ਬਾਅਦ ਆਖਰਕਾਰ ਅੱਜ ਪ੍ਰਵਾਨ ਹੋ ਗਿਆ। ਇਸ ਅਸਤੀਫੇ ਦੇ ਪ੍ਰਵਾਨ ਹੋਣ ਤੋਂ ਬਾਅਦ ਸਿਆਸੀ ਹਲਕਿਆਂ ਵਿਚ ਨਵੀਂ ਚਰਚਾ ਛਿੜ ਗਈ ਹੈ ਕਿ ਫੂਲਕਾ ਦਾ ਅਸਤੀਫਾ ਦੇਣਾ ਸਹੀ ਸੀ ਜਾਂ ਗਲਤ ? ਕਨੂੰਨੀ ਤੌਰ ’ਤੇ ਫੂਲਕਾ ਨੇ ਇਹ ਅਸਤੀਫਾ ਸਾਲ 2018 ਅਕਤੂਬਰ ਮਹੀਨੇ ’ਚ ਦਿੱਤਾ ਸੀ। ਅਸਤੀਫਾ ਪ੍ਰਵਾਨ ਕੀਤੇ ਜਾਣ ਤੋਂ ਬਾਅਦ  ਫੂਲਕਾ ਹੁਣ ਪੰਜਾਬ ਵਿਧਾਨ ਸਭਾ ਦਾ ਹਿੱਸਾ ਨਹੀਂ ਰਹੇ। ਐੱਚ. ਐੱਚ. ਫੂਲਕਾ ਵਿਧਾਇਕ ਦੇ ਨਾਲ-ਨਾਲ 1984 ਸਿੱਖ ਕਤਲੇਆਮ ਮਾਮਲਿਆਂ ਦੀ ਪੈਰਵਾਈ ਕਰਨ ਵਾਲੇ ਸੀਨੀਅਰ ਵਕੀਲ ਵੀ ਹਨ।  

ਕਿਉਂ ਦਿੱਤਾ ਸੀ ਫੂਲਕਾ ਨੇ ਅਸਤੀਫਾ ?
ਫੂਲਕਾ ਨੇ ਇਹ ਅਸਤੀਫਾ ਬੇਅਦਬੀ ਮਾਮਲਿਆਂ ਸਬੰਧੀ ਵਿਧਾਨ ਸਭਾ ਵਿਚ ਪੇਸ਼ ਕੀਤੀ ਗਈ ਜਸਟਿਸ ਰਣਜੀਤ ਸਿੰਘ ਦੀ ਰਿਪੋਰਟ ਦੇ ਆਧਾਰ 'ਤੇ ਬਾਦਲਾਂ ਖਿਲਾਫ ਕਾਰਵਾਈ ਨਾ ਹੋਣ ਦੇ ਵਿਰੋਧ ਵਜੋਂ ਦਿੱਤਾ ਸੀ। ਉਨ੍ਹਾਂ ਕੈਪਟਨ ਸਰਕਾਰ ਨੂੰ ਬਾਦਲਾਂ ਖ਼ਿਲਾਫ ਕਾਰਵਾਈ ਕਰਨ ਦੀ ਚੇਤਾਵਨੀ ਦਿੰਦਿਆ ਕਿਹਾ ਸੀ ਕਿ ਜੇਕਰ ਸਰਕਾਰ ਵਲੋਂ 15 ਸਤੰਬਰ 2018 ਤਕ ਬਾਦਲਾਂ ਖਿਲਾਫ ਕਾਰਵਾਈ ਨਾ ਕੀਤੀ ਗਈ ਤਾਂ 16 ਸਤੰਬਰ ਨੂੰ ਉਹ ਵਿਧਾਨ ਸਭਾ 'ਚੋਂ ਅਸਤੀਫਾ ਦੇ ਦੇਣਗੇ। ਉਨ੍ਹਾਂ ਦਾ ਮੰਨਣਾ ਸੀ ਕਿ ਬੇਅਦਬੀ ਮਾਮਲੇ ’ਤੇ ਜਸਟਿਸ ਰਣਜੀਤ ਸਿੰਘ ਦੀ ਰਿਪੋਰਟ ਤੋਂ ਬਾਅਦ ਵੀ ਬਾਦਲਾਂ ਖਿਲਾਫ ਕਾਰਵਾਈ ਨਾ ਹੋਣ ਕਾਰਨ ਦੁਨੀਆਂ ਭਰ ਵਿਚ ਵੱਸਦੇ ਪੰਜਾਬੀ, ਖੁਦ ਨੂੰ ਠੱਗਿਆ ਮਹਿਸੂਸ ਕਰ ਰਹੇ ਹਨ। ਉਨ੍ਹਾਂ ਨੇ ਇਸ ਮਾਮਲੇ ਵਿਚ ਕੈਪਟਨ ਅਮਰਿੰਦਰ ਸਿੰਘ ਦੀ ਬਾਦਲਾਂ ਨਾਲ ਮਿਲੀਭੁਗਤ ਦੇ ਸਿੱਧੇ-ਸਿੱਧੇ ਦੋਸ਼ ਲਗਾਏ ਸਨ। ਉਨ੍ਹਾਂ ਦੇ ਨਾਲ-ਨਾਲ ਵਿਰੋਧੀ ਦੇ ਧਿਰ ਆਗੂਆਂ ਦਾ ਵੀ ਇਹ ਮੰਨਣਾ ਸੀ ਕਿ 'ਪੰਜਾਬ ਦੇ ਦੋ ਵੱਡੇ ਸਿਆਸੀ ਪਰਿਵਾਰਾਂ ਦਾ ਅੰਦਰ ਖਾਤੇ ਰਲੇਵਾਂ ਹੋ ਜਾਣ ਕਾਰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਵਾਲਿਆਂ ਅਤੇ ਬਹਿਬਲ ਕਲਾਂ ਗੋਲੀ ਕਾਂਡ ਦੇ ਦੋਸ਼ੀਆਂ ਖ਼ਿਲਾਫ ਕਾਰਵਾਈ ਨਹੀਂ ਹੋ ਰਹੀ। ਕੈਪਟਨ ਵਿਰੋਧੀ ਖੇਮੇ ਨੇ ਤਾਂ ਇਥੋਂ ਤੱਕ ਵੀ ਕਿਹਾ ਸੀ ਕਿ ਇਹ ਮਾਮਲਾ ਸਰਕਾਰ ਦੇ ਮੱਥੇ ’ਤੇ ਲੱਗਾ ਕਲੰਕ ਹੈ, ਜੋ ਇਤਿਹਾਸ ਦੇ ਪੰਨਿਆਂ 'ਚ ਦਰਜ ਹੋ ਜਾਵੇਗਾ। ਉਸ ਮੌਕੇ ਇਹ ਮਾਮਲਾ ਐਨਾ ਗਰਮਾਅ ਗਿਆ ਸੀ ਕਿ ਪੰਜਾਬ ਸਰਕਾਰ ਵੱਲੋਂ ਵਿਧਾਨ ਸਭਾ ਦੇ ਸਪੈਸ਼ਲ ਸੈਸ਼ਨ ਦੌਰਾਨ ਪੂਰਾ ਦਿਨ ਇਸ ਮਾਮਲੇ ’ਤੇ ਚਰਚਾ ਕੀਤੀ ਗਈ ਸੀ। 

ਫੂਲਕਾ ਵੱਲੋਂ ਦਿੱਤਾ ਗਿਆ ਅਸਤੀਫਾ ਸਹੀ ਸੀ ਜਾਂ ਗਲਤ ?
ਐੱਚ. ਐੱਸ. ਫੂਲਕਾ ਦੇ ਅਸਤੀਫੇ ਨੂੰ ਲੈ ਕੇ ਉਨ੍ਹਾਂ ਦੇ ਸਾਥੀ ਸਿਆਸਤਦਾਨਾਂ ਦੇ ਵੱਖ-ਵੱਖ ਵਿਚਾਰ ਹਨ। ਐੱਚ. ਐੱਸ. ਫੂਲਕਾ ਨੇ ਆਪਣੇ ਅਸਤੀਫੇ ਸਬੰਧੀ ਬੋਲਦਿਆਂ ਕਿਹਾ ਕਿ ਉਨ੍ਹਾਂ ਦਾ ਫੈਸਲਾ ਬਿਲਕੁਲ ਸਹੀ ਸੀ। ਫੂਲਕਾ ਨੇ ਕਿਹਾ ਕਿ ਉਹ ਜਾਣਦੇ ਸਨ ਕਿ ਕੈਪਟਨ ਅਮਰਿੰਦਰ ਸਿੰਘ ਇਸ ਮਾਮਲੇ ਵਿਚ ਬਾਦਲਾਂ ਖਿਲਾਫ ਕੋਈ ਕਾਰਵਾਈ ਨਹੀਂ ਕਰਨਗੇ। ਉਨ੍ਹਾਂ ਕਿਹਾ ਇਸ ਅਸਤੀਫੇ ਨਾਲ ਸਰਕਾਰ ਉੱਤੇ ਦਬਾਅ ਬਣੇਗਾ ਅਤੇ ਉਹ ਬਾਦਲਾਂ ਖਿਲਾਫ ਕਾਰਵਾਈ ਕਰਨ ਲਈ ਮਜਬੂਰ ਹੋਵੇਗੀ। ਫੂਲਕਾ ਦੇ ਅਸਤੀਫੇ ਦੀ ਪ੍ਰਵਾਨਗੀ ਤੋਂ ਬਾਅਦ ਆਮ ਆਦਮੀ ਪਾਰਟੀ 'ਚੋਂ ਬਰਖਾਸਤ ਵਿਧਾਇਕ ਕੰਵਰ ਸੰਧੂ ਨੇ ਐੱਚ. ਐੱਸ. ਫੂਲਕਾ ਦੇ ਪ੍ਰਵਾਨ ਹੋਏ ਅਸਤੀਫੇ 'ਤੇ ਦੁੱਖ ਜ਼ਾਹਰ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਵਿਧਾਇਕੀ ਤੋਂ ਅਸਤੀਫਾ ਨਹੀਂ ਦੇਣਾ ਚਾਹੀਦਾ ਸੀ। ਕੰਵਰ ਸੰਧੂ ਨੇ ਕਿਹਾ ਕਿ ਉਨ੍ਹਾਂ ਨੂੰ ਦੁੱਖ ਹੈ ਕਿ ਹੁਣ ਜ਼ਿਮਨੀ ਚੋਣਾਂ 'ਤੇ ਮੁੜ ਲੱਖਾਂ ਰੁਪਿਆ ਖਰਚ ਹੋਵੇਗਾ। ਇਸ ਦੇ ਉਲਟ ਆਮ ਆਦਮੀ ਪਾਰਟੀ ਦੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਫੂਲਕਾ ਦੇ 'ਅਸਤੀਫੇ ਸਬੰਧੀ ਬੋਲਦਿਆਂ ਕਿਹਾ ਕਿ ਚੰਗੀ ਗੱਲ ਹੈ ਕਿ ਉਨ੍ਹਾਂ ਦਾ ਅਸਤੀਫਾ ਪ੍ਰਵਾਨ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਹਲਕਾ ਦਾਖਾ ਵਾਸੀਆਂ ਨੂੰ ਹੁਣ ਜਲਦ ਹੀ ਆਪਣਾ ਨਵਾ ਨੁਮਾਇੰਦਾ ਮਿਲ ਜਾਵੇਗਾ। ਇਸੇ ਤਰ੍ਹਾਂ ਆਮ ਆਦਮੀ ਪਾਰਟੀ ਦੇ ਪੰਜਾਬ ਪ੍ਰਧਾਨ ਭਗਵੰਤ ਮਾਨ ਨੇ ਵੀ ਐੱਚ. ਐੱਸ. ਫੂਲਕਾ ਦੇ ਅਸਤੀਫੇ ਨੂੰ ਗਲਤ ਕਰਾਰ ਦਿੱਤਾ ਹੈ। ਮਾਨ ਨੇ ਕਿਹਾ ਕਿ ਹਰਵਿੰਦਰ ਸਿੰਘ ਫੂਲਕਾ ਨੇ ਇਹ ਫੈਸਲਾ ਨਿੱਜੀ ਪੱਧਰ 'ਤੇ ਲਿਆ ਸੀ। ਆਮ ਆਦਮੀ ਪਾਰਟੀ ਇਸ ਫੈਸਲੇ ਨਾਲ ਬਿਲਕੁਲ ਸਹਿਮਤ ਨਹੀਂ ਸੀ। ਉਨ੍ਹਾਂ ਕਿਹਾ ਕਿ ਇਹ ਅਸਤੀਫਾ ਲੋਕਾਂ ਅਤੇ ਲੋਕਤੰਤਰਿਕ ਕਦਰਾਂ ਕੀਮਤਾਂ ਦਾ ਨਿਰਾਦਰ ਹੈ ਕਿਉਂਕਿ ਦਾਖਾ ਹਲਕੇ ਦੇ ਲੋਕਾਂ ਨੇ ਬੜੀਆਂ ਉਮੀਦਾਂ ਨਾਲ ਉਨ੍ਹਾਂ ਨੂੰ ਹਲਕੇ ਦੀ ਨੁਮਾਇੰਦਗੀ ਬਖਸ਼ੀ ਸੀ। ਫੂਲਕਾ ਵੱਲੋਂ ਅੱਧਵਾਟੇ ਅਸਤੀਫਾ ਦੇਣ 'ਤੇ ਲੋਕ ਠੱਗੇ-ਠੱਗੇ ਮਹਿਸੂਸ ਕਰ ਰਹੇ ਹਨ।

ਇਸ ਤਰ੍ਹਾਂ ਵੀ ਕੀਤੀ ਜਾ ਸਕਦੀ ਸੀ ਬੇਅਦਬੀ ਮਾਮਲੇ ਦੀ ਪੈਰਵਾਈ
ਹੁਣ ਸਵਾਲ ਇਹ ਪੈਦਾ ਹੁੰਦਾ ਹੈ ਕਿ ਬੇਅਦਬੀ ਮਾਮਲੇ ਸਬੰਧੀ ਕਾਰਵਾਈ ਲਈ ਦਬਾਅ ਬਣਾਉਣ ਲਈ, ਕੀ ਫੂਲਕਾ ਵੱਲੋਂ ਅਸਤੀਫਾ ਦੇ ਦੇਣਾ ਹੀ ਇਕੋ-ਇਕ ਵਿਕਲਪ ਸੀ। ਸਿਆਸੀ ਮਾਹਰਾਂ ਦੀ ਮੰਨੀਏ ਤਾਂ ਉਹ ਵੀ ਫੂਲਕਾ ਦੇ ਅਸਤੀਫੇ ਨੂੰ ਸਹੀ ਨਹੀਂ ਮੰਨਦੇ। ਉਨ੍ਹਾਂ ਦਾ ਮੰਨਣਾ ਹੈ ਕਿ ਫੂਲਕਾ ਨੂੰ ਅਸਤੀਫਾ ਦੇਣ ਦੀ ਬਜਾਏ ਵਿਧਾਨ ਸਭਾ ਦੇ ਵਿਚ ਰਹਿ ਕੇ ਬੇਅਦਬੀ ਮਾਮਲੇ ਦੀ ਪੈਰਵਾਈ ਲਈ ਦਬਾਅ ਬਣਾਉਣਾ ਚਾਹੀਦਾ ਸੀ। ਵਿਧਾਨ ਸਭਾ ਵਿਚ ਰਹਿ ਕੇ ਉਹ ਬਿਹਤਰ ਢੰਗ ਨਾਲ ਇਸ ਮਾਮਲੇ ਨੂੰ ਚੁੱਕ ਸਕਦੇ ਸਨ। ਇਸ ਦੇ ਨਾਲ-ਨਾਲ ਵਿਧਾਨ ਸਭਾ ਤੋਂ ਅਸਤੀਫਾ ਦੇ ਕੇ ਜਿੱਥੇ ਉਨ੍ਹਾਂ ਨੇ ਹਲਕਾ ਦਾਖਾ ਦੇ ਲੋਕਾਂ ਲਈ ਮੁਸੀਬਤ ਖੜੀ ਕਰ ਦਿੱਤੀ ਹੈ, ਉੱਥੇ ਹੀ ਜ਼ਿਮਨੀ ਚੋਂਣ ਦਾ ਵਾਧੂ ਬੋਝ ਵੀ ਸੂਬੇ ਦੀ ਆਰਥਿਕਤਾ ਨੂੰ ਢਾਹ ਲਾਵੇਗਾ।


jasbir singh

News Editor

Related News