ਭਾਰਤ ਦੇ 16 ਸੂਬਿਆਂ ਵਿਚ ‘ਕਰੋਨਾ ਵਾਇਰਸ’ ਦੇ ਕਹਿਰ ਦੇ ਜਾਣੋ ਕੀ ਹਨ ਅੰਕੜੇ

03/18/2020 5:46:06 PM

ਜਗਬਾਣੀ ਵਿਸ਼ੇਸ਼ ਰਿਪੋਰਟ (ਜਸਬੀਰ ਵਾਟਾਂਵਾਲੀ) ਚੀਨ ਦੇ ਵੂਹਾਨ ਤੋਂ ਫੈਲੇ ਕੋੋਰੋਨਾ ਵਾਇਰਸ ਨੇ ਮੌਜੂਦਾ ਸਮੇਂ ਵਿਚ ਪੂਰੀ ਦੁਨੀਆ ਨੂੰ ਆਪਣੀ ਲਪੇਟ ਵਿਚ ਲੈ ਲਿਆ। ਸਮੁੱਚੀ ਦੁਨੀਆ ਦੇ ਕੋਨੇ-ਕੋਨੇ ਵਿਚ ਇਸ ਵੇਲੇ ‘ਕੋਰੋਨਾ' ਦੀ ਹਾਹਾਕਾਰ ਹੈ। ਅਮਰੀਕੀ ਵੈੱਬਸਾਈਟ ਵਰਲਡਓਮੀਟਰ ਦੇ ਤਾਜ਼ਾ ਅੰਕੜਿਆਂ ਮੁਤਾਬਕਾ ਦੁਨੀਆ ਭਰ ਵਿਚ ਹੁਣ ਤੱਕ ਕੋਰੋਨਾ ਵਾਇਰਸ ਨਾਲ 7,989 ਮੌਤਾਂ ਹੋ ਚੁੱਕੀਆਂ ਹਨ। ਦੂਜੇ ਦੇਸ਼ਾਂ ਦੇ ਮੁਕਾਬਲੇ ਇਸ ਬੀਮਾਰੀ ਨੇ ਭਾਰਤ ਵਿਚ ਭਾਵੇਂ ਦੇਰੀ ਨਾਲ ਪੈਰ ਪਸਾਰੇ ਪਰ ਹੁਣ ਇੱਥੇ ਵੀ ਇਹ ਤੇਜੀ ਨਾਲ ਫੈਲ ਰਹੀ ਹੈ। ਸਿਹਤ ਵਿਭਾਗ ਅਤੇ ਪਰਿਵਾਰ ਕਲਿਆਣ ਦੀ ਵੈੱਬਸਾਈਟ ਦੇ ਤਾਜ਼ਾ ਅੰਕੜਿਆਂ ਮੁਤਾਬਕ ਭਾਰਤ ਵਿਚ ਹੁੁਣ ਤੱਕ ਕੋਰੋਨਾ ਵਾਇਰਸ ਕਾਰਨ 3 ਮੌਤਾਂ ਹੋ ਚੁੱਕੀਆਂ ਹਨ। ਭਾਰਤ ਵਿੱਚ ਕੋਰੋਨਾਵਾਇਰਸ ਨਾਲ ਪਹਿਲੀ ਮੌਤ ਕਰਨਾਟਕ ਦੇ ਕਲਬੁਰਗੀ 'ਚ ਹੋਈ ਸੀ। ਕੋਰੋਨਾ ਵਾਇਰਸ ਨਾਲ ਮਰਨ ਵਾਲਾ 76 ਸਾਲਾ ਇਹ ਸ਼ਖ਼ਸ ਸਊਦੀ ਅਰਬ ਤੋਂ ਭਾਰਤ ਪਰਤਿਆ ਸੀ। ਇਸ ਤੋਂ ਬਾਅਦ ਕੋਰੋਨਾਵਾਇਰਸ ਨਾਲ ਭਾਰਤ 'ਚ ਦੂਸਰੀ ਮੌਤ ਦਿੱਲੀ ਦੇ ਆਰ.ਐਮ.ਐਲ. ਹਸਪਤਾਲ 'ਚ 68 ਸਾਲ ਦੀ ਔਰਤ ਦੀ ਹੋਈ। ਸਰਕਾਰ ਨੇ ਇਸ ਨੂੰ ਵੀ ਆਪਣੇ ਵਿਦੇਸ਼ ਤੋਂ ਪਰਤੇ ਆਪਣੇ ਹੀ ਬੇਟਿਆਂ ਤੋਂ ਲਾਗ ਦਾ ਖਦਸ਼ਾ ਪ੍ਰਗਟਾਇਆ ਸੀ ਕਿਉਂਕਿ ਇਸ ਔਰਤ ਦੇ ਬੇਟੇ 5 ਫ਼ਰਵਰੀ ਤੋਂ 22 ਫ਼ਰਵਰੀ ਤੱਕ ਵਿਦੇਸ਼ ਵਿਚ ਸਨ। ਇਹ 23 ਫ਼ਰਵਰੀ ਨੂੰ ਸਵਿਟਜ਼ਰਲੈਂਡ ਅਤੇ ਇਟਲੀ ਤੋਂ ਹੁੰਦੇ ਹੋਏ ਭਾਰਤ ਪਰਤੇ ਸਨ। ਇਸ ਤੋਂ ਬਾਅਦ ਭਾਰਤ 'ਚ ਕੋਰੋਨਾਵਾਇਰਸ ਨਾਲ ਤੀਸਰੀ ਮੌਤ ਕੱਲ੍ਹ ਹੋਈ ਸੀ। ਇਹ ਮੌਤ ਮੁੰਬਈ ਦੇ ਕਸਤੂਰਬਾ ਹਸਪਤਾਲ 'ਚ 64 ਸਾਲਾ ਕੋਰੋਨਾਵਾਇਰਸ ਨਾਲ ਪੀੜਤ ਮਰੀਜ਼ ਦੀ ਹੋਈ ਹੈ। ਵੱਖ-ਵੱਖ ਸੂਬਿਆਂ ਵਿਚ ਕੋਰੋਨਾ ਵਾਇਰਸ ਨਾਲ ਪੀੜਤ ਅਤੇ ਮੌਤਾਂ ਦੇ ਸਿਹਤ ਵਿਭਾਗ ਅਤੇ ਪਰਿਵਾਰ ਕਲਿਆਣ ਵੱਲੋਂ ਹੁਣ ਤੱਕ ਦੇ ਜਾਰੀ ਕੀਤੇ ਗਏ ਅੰਕੜੇ ਇਸ ਪ੍ਰਕਾਰ ਹਨ :

 

 
 
ਪੀੜਤ ਭਾਰਤੀ ਮਰੀਜ਼ ਪੀੜਤ ਭਾਰਤੀ ਪਰਵਾਸੀ ਮਰੀਜ਼ ਠੀਕ ਹੋਏ ਮਰੀਜ਼ ਕੋਰੋਨਾ ਨਾਲ ਮੌਤਾਂ
1 ਆਂਧਰ ਪ੍ਰਦੇਸ਼ 1 0 0 0
2 ਦਿੱਲੀ 9 1 2 1
3 ਹਰਿਆਣਾ 2 14 0 0
4 ਕਰਨਾਟਕ 11 0 0 1
5 ਕੇਰਲਾ 25 2 3 0
6 ਮਹਾਰਾਸ਼ਟਰ 38 3 0 1
7 ਉਡੀਸ਼ਾ 1 0 0 0
8 ਪੰਜਾਬ 1 0 0 0
9 ਰਾਜਸਥਾਨ 2 2 3 0
10 ਤਮਿਲਨਾਡੂ 1 0 0 0
11 ਤੇਲੰਗਾਨਾ 3 2 1 0
12 ਜੰਮੂ ਕਸ਼ਮੀਰ 3 0 0 0
13 ਲੱਦਾਖ 8 0 0 0
14 ਉੱਤਰ ਪ੍ਰਦੇਸ਼ 15 1 5 0
15 ਉੱਤਰਾਖੰਡ 1 0 0 0
16 ਪੱਛਮੀ ਬੰਗਾਲ 1 0 0 0
ਕੁੱਲ   122 25 14 3

ਪੰਜਾਬ ਵਿਚ ਕੋਰੋਨਾ ਵਾਇਰਸ ਦੇ ਸ਼ੱਕੀ ਮਰੀਜ਼ਾਂ ਦੀ ਗਿਣਤੀ
ਹੁਣ ਤੱਕ ਦੀ ਰਿਪੋਰਟ ਮੁਤਾਬਕ ਪੰਜਾਬ ਵਿਚ ਕੋਰੋਨਾ ਵਾਇਰਸ ਦੇ 1187 ਸ਼ੱਕੀ ਮਰੀਜ਼ ਪਾਏ ਗਏ ਹਨ। ਇਨ੍ਹਾਂ ਵਿਚੋਂ 115 ਲੋਕਾਂ ਦੇ ਸੈਂਪਲ ਜਾਂਚ ਲਈ ਭੇਜੇ ਜਾ ਚੁੱਕੇ ਹਨ, ਜਿੰਨ੍ਹਾਂ ਵਿਚੋਂ 109 ਲੋਕਾਂ ਦੀ ਰਿਪੋਰਟ ਨੈਗੇਟਿਵ ਆਈ ਹੈ। ਪੂਰੇ ਸੂਬੇ 'ਚੋਂ ਹੁਣ ਤੱਕ ਸਿਰਫ ਇਕ ਵਿਅਕਤੀ ਦੀ ਰਿਪੋਰਟ ਹੀ ਕੋਰੋਨਾ ਵਾਇਰਸ ਸਬੰਧੀ ਪਾਜ਼ੀਟਿਵ ਆਈ ਹੈ। ਭੇਜੇ ਗਏ ਸੈਂਪਲਾਂ ਵਿਚੋਂ 5 ਲੋਕਾਂ ਦੀ ਰਿਪੋਰਟ ਦੀ ਅਜੇ ਉਡੀਕ ਹੈ। ਹੁਣ ਤੱਕ ਕੁੱਲ 14 ਲੋਕਾਂ 'ਚ ਕੋਰੋਨਾ ਵਾਇਰਸ ਦੇ ਲੱਛਣ ਪਾਏ ਗਏ ਹਨ ਅਤੇ ਇਹ ਲੋਕ ਹਸਪਤਾਲ'ਚ ਨਿਗਰਾਨੀ ਅਧੀਨ ਹਨ, ਜਦੋਂ ਕਿ 1173 ਲੋਕਾਂ ਨੂੰ ਘਰਾਂ 'ਚ ਨਿਗਰਾਨੀ ਅਧੀਨ ਰੱਖਿਆ ਗਿਆ ਹੈ। ਕੋਰੋਨਾ ਵਾਇਰਸ ਨੂੰ ਲੈ ਕੇ ਪੰਜਾਬ ਸਰਕਾਰ ਵੀ ਪੂਰੀ ਤਰ੍ਹਾਂ ਅਲਰਟ 'ਤੇ ਹੈ ਅਤੇ ਸੂਬੇ ਦੇ ਸਿਨੇਮਾ ਹਾਲ, ਸ਼ਾਪਿੰਗ ਮਾਲ, ਰੇਸਤਰਾਂ ਅਤੇ ਜਿੰਮ ਆਦਿ ਬੰਦ ਕਰਨ ਦੇ ਹੁਕਮ ਦਿੱਤੇ ਗਏ ਹਨ। ਕੋਰੋਨਾ ਵਾਇਰਸ ਦੇ ਕਾਰਨ ਅਹਿਤਿਆਤ ਵਜੋਂ 31 ਮਾਰਚ ਤੱਕ ਜਨਤਕ ਥਾਵਾਂ ਬੰਦ ਰੱਖਣ ਦੇ ਵੀ ਹੁਕਮ ਦਿੱਤੇ ਗਏ ਹਨ। ਪੰਜਾਬ ਵਿਚ ਹੁਣ ਤੱਕ ਕੋਰੋਨਾ ਵਾਇਰਸ ਦੇ ਜਿਸ ਇਕ ਹੀ ਮਰੀਜ਼ ਦੀ ਪੁਸ਼ਟੀ ਹੋਈ ਹੈ ਉਹ ਵੀ ਇਟਲੀ ਤੋਂ ਆਇਆ ਸੀ। ਉਸ ਦੀ ਅੰਮ੍ਰਿਤਸਰ ਹਵਾਈ ਅੱਡੇ 'ਤੇ ਜਾਂਚ ਕੀਤੀ ਗਈ ਸੀ, ਜਿਸ ਤੋਂ ਬਾਅਦ ਉਸ ਨੂੰ ਜੀ. ਐੱਮ. ਸੀ. ਅੰਮ੍ਰਿਤਸਰ ਦਾਖਲ ਕਰਵਾਇਆ ਗਿਆ ਹੈ। 

ਇਹ ਵੀ ਪੜ੍ਹੋ  :  ਹੋਮਿਓਪੈਥੀ ਅਤੇ ਅੰਗਰੇਜੀ ਦਵਾਈਆਂ ਨਾਲ ‘ਕੋਰੋਨਾ ਵਾਇਰਸ’ ਦੇ ਠੀਕ ਹੋਣ ਦਾ ਕੀ ਹੈ ਸੱਚ ?

ਇਹ ਖਾਸ ਰਿਪੋਰਟ ਵੀ ਪੜ੍ਹੋ  : ਕੀ ਗਊ ਮੂਤਰ ਨਾਲ ਵਾਕਿਆ ਹੀ ਖਤਮ ਹੁੰਦਾ ਹੈ ਕੋਰੋਨਾ ਵਾਇਰਸ ?


jasbir singh

News Editor

Related News