''ਵੀਕੈਂਡ ਘਰ ਬੰਦੀ'' ਦੌਰਾਨ ਪਿਛਲੇ ਸ਼ਨੀਵਾਰ ਤੋਂ ਬਾਅਦ ਵਧੀਆਂ ਰੌਣਕਾਂ
Sunday, Jun 21, 2020 - 06:25 PM (IST)
ਅੰਮ੍ਰਿਤਸਰ (ਅਣਜਾਣ): ਸਰਕਾਰ ਵੱਲੋਂ 'ਵੀਕੈਂਡ ਘਰ ਬੰਦੀ' ਦੌਰਾਨ ਸ਼ਨੀਵਾਰ ਤੇ ਐਤਵਾਰ ਨੂੰ ਬੰਦ ਨੂੰ ਲੈ ਕੇ ਪਿਛਲੇ ਸ਼ਨੀਵਾਰ ਤੇ ਐਤਵਾਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਸਿਰਫ਼ ਨਾ ਮਾਤਰ ਹੀ ਸੰਗਤਾਂ ਦਰਸ਼ਨ ਦੀਦਾਰੇ ਵਾਸਤੇ ਆਈਆਂ ਸਨ। ਪਰ ਇਸ ਵਾਰ ਸਵੇਰ ਸਮੇਂ ਸੰਗਤਾਂ ਦੀਆਂ ਰੌਣਕਾਂ ਕੁਝ ਵੱਧਦੀਆਂ ਨਜ਼ਰ ਆਈਆਂ। ਪਰ ਬਾਅਦ ਦੁਪਹਿਰ ਫੇਰ ਸੰਗਤਾਂ ਦੀ ਆਮਦ ਵਿੱਚ ਕਮੀ ਜਾਪੀ। ਦਰਸ਼ਨ ਦੀਦਾਰੇ ਕਰਨ ਆਈਆਂ ਸੰਗਤਾਂ ਤੇ ਡਿਊਟੀ ਸੇਵਾਦਾਰਾਂ ਨੇ ਮਰਯਾਦਾ ਸੰਭਾਲੀ ਰੱਖੀ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਲਕੀ ਵਿੱਚ ਪਾਵਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਸੁਸ਼ੋਭਿਤ ਕਰਕੇ ਸ੍ਰੀ ਹਰਿਮੰਦਰ ਸਾਹਿਬ ਅੰਦਰ ਪ੍ਰਕਾਸ਼ਮਾਨ ਕਰਨ ਉਪਰੰਤ ਗ੍ਰੰਥੀ ਸਿੰਘ ਵੱਲੋਂ ਮੁਖ ਵਾਕ ਲਿਆ ਗਿਆ। ਜਿਸ ਦੀ ਕਥਾ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਹੋਈ। ਸੰਗਤਾਂ ਵੱਲੋਂ ਪ੍ਰੀਕਰਮਾ ਦੇ ਇਸ਼ਨਾਨ ਦੀ ਸੇਵਾ ਦੇ ਇਲਾਵਾ ਪਵਿੱਤਰ ਅੰਮ੍ਰਿਤ ਸਰੋਵਰ ਦੀ ਵੀ ਸਫ਼ਾਈ ਕੀਤੀ ਗਈ। ਗਰਮੀ ਦੇ ਮੌਸਮ ਨੂੰ ਲੈ ਕੇ ਠੰਢੇ-ਮਿੱਠੇ ਜਲ ਦੀਆਂ ਛਬੀਲਾਂ ਲਗਾਈਆਂ ਗਈਆਂ। ਦੂਰ-ਦੁਰਾਡੇ ਤੋਂ ਆਈਆਂ ਸੰਗਤਾਂ ਨੇ ਗੁਰੂ ਘਰ ਵਿੱਚ ਲੰਗਰ ਛਕਿਆ।
ਓਧਰ ਗੁਰਦੁਆਰਾ ਬਾਬਾ ਗੁਰਬਖਸ਼ ਸਿੰਘ ਜੀ ਸ਼ਹੀਦ ਵਿਖੇ ਸੰਗਤਾਂ ਨੇ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਉਪਰੰਤ ਕੋਰੋਨਾ ਮਹਾਂਮਾਰੀ ਤੋਂ ਫਤਿਹ ਪਾਉਣ ਲਈ ਪੂਰੇ ਵਿਸ਼ਵ ਦੇ ਭਲੇ ਲਈ ਅਰਦਾਸ ਕੀਤੀ, ਹੁਕਮਨਾਮਾ ਲਿਆ ਤੇ ਕੜਾਹ ਪ੍ਰਸ਼ਾਦਿ ਦੀ ਦੇਗ ਵਰਤਾਈ। ਉਪਰੰਤ ਗ੍ਰੰਥੀ ਸਿੰਘ ਨੇ ਸੰਗਤਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸਰਬ ਰੋਗ ਦਾ ਦਾਰੂ ਇਕ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਹੈ।ਜਿੱਥੇ ਕੋਈ ਸਹਾਈ ਨਹੀਂ ਹੁੰਦਾ ਓਥੇ ਵਾਹਿਗੁਰੂ ਸਿਮਰਨ ਹੀ ਭਵ ਸਾਗਰ ਤੋਂ ਪਾਰ ਉਤਾਰਦਾ ਹੈ। ਕੋਰੋਨਾ ਮਹਾਂਮਾਰੀ ਜਿਸ ਦਾ ਕੋਈ ਇਲਾਜ ਨਹੀਂ। ਜਿਸ ਅੱਗੇ ਸਾਰੇ ਇਲਾਜ ਲਾਇਲਾਜ ਹੋ ਗਏ। ਜਿਸ ਅੱਗੇ ਮਾਇਆ ਵੀ ਕੰਮ ਨਹੀਂ ਆਈ। ਉਸ ਲਈ ਸਿਰਫ਼ ਆਪਣੇ ਗੁਰੂ ਅੱਗੇ ਅਰਦਾਸ ਕਰਨੀ ਹੀ ਬਣਦੀ ਹੈ। ਵਾਹਿਗੁਰੂ ਕਿਰਪਾ ਕਰਨ ਇਹ ਮਹਾਂਮਾਰੀ ਸਾਰੇ ਸੰਸਾਰ 'ਚੋਂ ਖਤਮ ਹੋਵੇ ਤੇ ਸਾਰਾ ਸੰਸਾਰ ਖੁਸ਼ਹਾਲ ਹੋਵੇ।
ਹਾਲੇ ਵੀ ਤਿਆਰ ਹੁੰਦੇ ਨੇ ਗਰੀਬਾਂ ਲਈ ਲੋਹ ਲੰਗਰ ਸਕੱਤਰੇਤ ਦੇ ਬਾਹਰ
ਭਾਵੇਂ ਕੋਰੋਨਾ ਨੂੰ ਲੈ ਕੇ ਕਰਫਿਊ ਤੇ ਲਾਕ ਡਾਊਨ ਖੁਲ• ਚੁੱਕੇ ਨੇ ਤੋ ਲੋਕ ਆਪਣੇ-ਆਪਣੇ ਕਾਰੋਬਾਰ ਕਰ ਰਹੇ ਨੇ। ਪਰ ਹਾਲੇ ਵੀ ਸਕੱਤਰੇਤ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਬਾਹਰ ਸੰਗਤਾਂ ਵੱਲੋਂ ਗੁਰੂ ਕੇ ਲੰਗਰ ਤਿਆਰ ਕਰਕੇ ਗਰੀਬ ਗੁਰਬਿਆਂ ਨੂੰ ਪ੍ਰਸ਼ਾਸਨ ਦੀ ਆਗਿਆ ਨਾਲ ਵੰਡੇ ਜਾਂਦੇ ਨੇ। ਸੁਸਾਇਟੀ ਦੇ ਸੇਵਾਦਾਰ ਨੇ ਦੱਸਿਆ ਕਿ ਇਹ ਲੰਗਰ ਇਕ ਸਾਬਕਾ ਬੈਂਕ ਮੈਨੇਜਰ ਨੇ ਇਕ ਚਾਹ ਦੀ ਕੇਤਲੀ ਤੋਂ ਸ਼ੁਰੂ ਕੀਤਾ ਸੀ ਤੇ ਅੱਜ ਸੰਗਤਾਂ ਦੇ ਸਹਿਯੋਗ ਨਾਲ ਬਹੁਤ ਵੱਡਾ ਲੰਗਰ ਲੱਗਦਾ ਹੈ ਜਿਸ ਨੂੰ ਛਕ ਕੇ ਸੰਗਤਾਂ ਤ੍ਰਿਪਤ ਹੋ ਕੇ ਜਾਂਦੀਆਂ ਨੇ।