ਵਿਆਹ ਸਮਾਗਮ ’ਚ ਫਾਇਰਿੰਗ ਕਰਨ ’ਤੇ ਇਕ ਗ੍ਰਿਫ਼ਤਾਰ, 7 ਖ਼ਿਲਾਫ਼ ਮਾਮਲਾ ਦਰਜ
Wednesday, Mar 03, 2021 - 01:52 PM (IST)
ਕਪੂਰਥਲਾ (ਭੂਸ਼ਣ)- ਵਿਆਹ ਸਮਾਗਮ ਅਤੇ ਪਾਰਟੀਆਂ ’ਚ ਫਾਇਰਿੰਗ ਕਰਕੇ ਦਹਿਸ਼ਤ ਦਾ ਮਾਹੌਲ ਫੈਲਾਉਣ ਵਾਲੇ 7 ਮੁਲਜ਼ਮਾਂ ਖ਼ਿਲਾਫ਼ ਪੁਲਸ ਨੇ ਮਾਮਲਾ ਦਰਜ ਕਰ ਕੇ ਛਾਪੇਮਾਰੀ ਦੌਰਾਨ ਇਕ ਮੁਲਜ਼ਮ ਨੂੰ ਗ੍ਰਿਫ਼ਤਾਰ ਕੀਤਾ ਹੈ। ਜਾਣਕਾਰੀ ਅਨੁਸਾਰ ਐੱਸ. ਐੱਸ. ਪੀ. ਕੰਵਰਦੀਪ ਕੌਰ ਦੇ ਹੁਕਮਾਂ ’ਤੇ ਜ਼ਿਲ੍ਹੇ ’ਚ ਚੱਲ ਰਹੀ ਅਪਰਾਧ ਵਿਰੋਧੀ ਮੁਹਿੰਮ ਤਹਿਤ ਐੱਸ. ਪੀ. (ਡੀ.) ਵਿਸ਼ਾਲਜੀਤ ਸਿੰਘ ਤੇ ਡੀ. ਐੱਸ. ਪੀ. (ਡੀ.) ਸਰਬਜੀਤ ਰਾਏ ਦੀ ਨਿਗਰਾਨੀ ’ਚ ਸੀ. ਆਈ. ਏ. ਸਟਾਫ ਕਪੂਰਥਲਾ ਦੇ ਇੰਚਾਰਜ ਇੰਸਪੈਕਟਰ ਪਰਮਜੀਤ ਸਿੰਘ ਨੇ ਪੁਲਸ ਟੀਮ ਨਾਲ ਪਿੰਡ ਮਿਠੜਾ ਨੇੜੇ ਨਾਕਾਬੰਦੀ ਕੀਤੀ ਹੋਈ ਸੀ। ਇਸ ਦੌਰਾਨ ਇਕ ਮੁਖਬਰ ਖਾਸ ਨੇ ਪੁਲਸ ਟੀਮ ਨੂੰ ਸੂਚਨਾ ਦਿੱਤੀ ਸਤਬੀਰ ਸਿੰਘ ਉਰਫ ਸੱਤੂ ਪੁੱਤਰ ਬਲਵਿੰਦਰ ਸਿੰਘ ਵਾਸੀ ਸੰਧਰ ਜਗੀਰ ਦਾ ਵਿਆਹ ਨਵੰਬਰ 2020 ’ਚ ਸੀ ਤੇ ਯਾਦਵਿੰਦਰ ਸਿੰਘ ਉਰਫ ਯਾਦਾ ਪੁੱਤਰ ਤਰਲੋਚਨ ਸਿੰਘ ਵਾਸੀ ਸੰਧਰ ਜਗੀਰ ਦਾ ਵਿਆਹ ਜਨਵਰੀ 2021 ’ਚ ਸੀ।
ਇਨ੍ਹਾਂ ਦੋਵਾਂ ਮੁਲਜ਼ਮਾਂ ਨੇ ਆਪਣੇ ਘਰ ਤੇ ਘਰ ਦੇ ਬਾਹਰ ਲੱਗੇ ਟੈਂਟਾਂ ’ਚ ਅਮਰੀਕ ਸਿੰਘ ਉਰਫ ਮੀਕਾ ਪੁੱਤਰ ਗਰੀਬ ਸਿੰਘ, ਜੀਮਾ ਪੁੱਤਰ ਗਰੀਬ ਸਿੰਘ ਦੋਵੇਂ ਵਾਸੀ ਪਿੰਡ ਸੰਧਰ ਜਗੀਰ ਥਾਣਾ ਫੱਤੂਢੀਂਗਾ, ਬਲਜੀਤ ਸਿੰਘ ਉਰਫ ਦਰਸ਼ਨ ਸਿੰਘ, ਅਮਰਜੋਤ ਸਿੰਘ ਪੁੱਤਰ ਜਸਬੀਰ ਸਿੰਘ ਵਾਸੀ ਪਿੰਡ ਬਿਹਾਰੀਪੁਰ ਥਾਣਾ ਸਦਰ ਕਪੂਰਥਲਾ ਤੇ ਜੋਬਨ ਉਰਫ ਕੁੱਕੂ ਵਾਸੀ ਸਿਧਵਾਂ ਦੋਨਾ ਥਾਣਾ ਸਦਰ ਕਪੂਰਥਲਾ ਦੇ ਨਾਲ ਮਿਲ ਕੇ ਲਾਇਸੈਂਸੀ ਤੇ ਗੈਰ ਲਾਇਸੈਂਸੀ ਹਥਿਆਰਾਂ ਨਾਲ ਕਾਫੀ ਫਾਇਰ ਕੀਤੇ ਸਨ। ਇਨ੍ਹਾਂ ਫਾਇਰ ਕਰਨ ਸਮੇਂ ਵੀਡੀਓ ਵੀ ਬਣੀ ਹੈ। ਜਿਸ ’ਤੇ ਸੀ. ਆਈ. ਏ. ਸਟਾਫ ਪੁਲਸ ਨੇ ਸਾਰੇ ਮੁਲਜ਼ਮਾਂ ਖ਼ਿਲਾਫ਼ ਥਾਣਾ ਫੱਤੂਢੀਂਗਾ ’ਚ ਮਾਮਲਾ ਦਰਜ ਕਰਵਾ ਕੇ ਇਕ ਮੁਲਜ਼ਮ ਯਾਦਵਿੰਦਰ ਸਿੰਘ ਉਰਫ ਯਾਦਾ ਨੂੰ ਗ੍ਰਿਫ਼ਤਾਰ ਕਰ ਲਿਆ। ਜਿਸਦੀ ਨਿਸ਼ਾਨਦੇਹੀ ’ਤੇ ਇਕ ਲਾਇਸੈਂਸੀ ਰਿਵਾਲਵਰ 32 ਬੋਰ, 25 ਰੌਂਦ ਤੇ ਇਕ ਗਨ 315 ਬੋਰ ਤੇ 25 ਰੌਂਦ ਬਰਾਮਦ ਕਰ ਲਏ ਹਨ। ਮਾਮਲੇ ’ਚ ਸ਼ਾਮਲ ਹੋਰ ਮੁਲਜ਼ਮਾਂ ਦੀ ਭਾਲ ’ਚ ਛਾਪੇਮਾਰੀ ਜਾਰੀ ਹੈ।