ਬਦਲ ਜਾਵੇਗਾ ਮੌਸਮ, 4 ਦਿਨ ਪਵੇਗਾ ਮੀਂਹ, ਤੂਫਾਨ ਤੇ ਗੜ੍ਹੇਮਾਰੀ ਦੀ ਚਿਤਾਵਨੀ ਜਾਰੀ
Monday, Apr 14, 2025 - 08:00 PM (IST)

ਨੈਸ਼ਨਲ ਡੈਸਕ : ਪੰਜਾਬ ਵਿੱਚ ਇਨੀਂ ਦਿਨੀਂ ਗਰਮੀ ਪੂਰੇ ਵੱਟ ਕੱਢ ਰਹੀ ਹੈ। ਮੌਸਮ ਵਿੱਚ ਕੁਝ ਨਮੀ ਹੋਣ ਕਾਰਨ ਬੇਸ਼ਕ ਸਵੇਰ ਦੇ ਸਮੇਂ ਲੋਕਾਂ ਨੂੰ ਕੁਝ ਰਾਹਤ ਜ਼ਰੂਰ ਮਿਲ ਰਹੀ ਹੈ ਪਰ ਇਸ ਦੇ ਬਾਵਜੂਦ ਅਪ੍ਰੈਲ ਮਹੀਨੇ ਵਿੱਚ ਹੀ ਗਰਮੀ ਨੇ ਆਪਣੇ ਰੰਗ ਦਿਖਾਉਣੇ ਸ਼ੁਰੂ ਕਰ ਦਿੱਤੇ ਹਨ ਪਰ ਇਸੇ ਵਿਚਾਲੇ ਇਕ ਰਾਹਤ ਭਰੀ ਖ਼ਬਰ ਪੰਜਾਬ ਦੇ ਗੁਆਂਢੀ ਸੂਬੇ ਤੋਂ ਸਾਹਮਣੇ ਆ ਰਹੀ ਹੈ। ਜਿਥੇ ਲਈ ਮੌਸਮ ਵਿਭਾਗ ਨੇ 4 ਦਿਨ ਲਈ ਮੀਂਹ, ਗੜ੍ਹੇਮਾਰੀ ਤੇ ਹਨ੍ਹੇਰੀ ਦੀ ਚਿਤਾਵਨੀ ਜਾਰੀ ਕੀਤੀ ਹੈ। ਜਿਸ ਕਾਰਨ ਪੰਜਾਬ ਅੰਦਰ ਵੀ ਗਰਮੀ ਤੋਂ ਕੁਝ ਰਾਹਤ ਮਿਲ ਸਕਦੀ ਹੈ।
ਹਿਮਾਚਲ ਪ੍ਰਦੇਸ਼ ਲਈ ਮੌਸਮ ਵਿਭਾਗ ਵਲੋਂ ਚਿਤਾਵਨੀ ਜਾਰੀ ਕੀਤੀ ਗਈ ਹੈ। ਆਉਣ ਵਾਲੇ 4 ਦਿਨਾਂ ਵਿੱਚ ਹਿਮਾਚਲ ਦੇ ਕਈ ਇਲਾਕਿਆਂ ਵਿੱਚ ਮੌਸਮ ਇੰਨਾ ਬਦਲਣ ਵਾਲਾ ਹੈ ਕਿ ਗਰਮੀ ਦੇ ਇਸ ਮੌਸਮ ਵਿੱਚ ਵੀ ਤਹਾਨੂੰ ਇਥੇ ਠੰਡ ਦਾ ਅਹਿਸਾਸ ਹੋ ਸਕਦਾ ਹੈ। ਮੌਸਮ ਮਾਹਿਰ ਦੱਸਦੇ ਹਨ ਕਿ ਹਿਮਾਚਲ ਪ੍ਰਦੇਸ਼ ਵਿੱਚ ਪੱਛਮੀ ਗੜਬੜੀ ਮੁੜ ਤੋਂ ਸਰਗਰਮ ਹੋਣ ਵਾਲੀ ਹੈ, ਜਿਸ ਕਾਰਨ 4 ਦਿਨ ਮੌਸਮ ਵਿੱਚ ਤਬਦੀਲੀ ਵੇਖਣ ਨੂੰ ਮਿਲੇਗੀ। ਮੌਸਮ ਮਾਹਿਰ ਦੱਸਦੇ ਹਨ ਕਿ ਅਪ੍ਰੈਲ ਮਹੀਨੇ ਦੀ 16 ਅਤੇ 17 ਮਿਤੀ ਨੂੰ ਹਿਮਾਚਲ ਪ੍ਰਦੇਸ਼ ਦੇ ਉਪਰਲੇ ਇਲਾਕਿਆਂ ਅੰਦਰ ਮੀਂਹ ਪੈਣ ਦਾ ਖਦਸ਼ਾ ਹੈ। 18 ਅਤੇ 19 ਅਪ੍ਰੈਲ ਨੂੰ ਸੂਬੇ ਦੇ ਬਹੁੱਤੇ ਹਿੱਸਿਆਂ ਵਿੱਚ ਮੀਂਹ ਦੀ ਸੰਭਾਵਨਾ ਜਤਾਈ ਗਈ ਹੈ। ਇਹ ਵੀ ਆਖਿਆ ਜਾ ਰਿਹਾ ਹੈ ਕਿ ਸੂਬੇ ਅੰਦਰ 19 ਅਪ੍ਰੈਲ ਨੂੰ ਭਾਰੀ ਮੀਂਹ ਪਵੇਗਾ। ਇਸ ਦੌਰਾਨ ਕੁਝ ਇਲਾਕਿਆਂ ਅੰਦਰ ਗੜ੍ਹੇਮਾਰੀ ਹੋ ਸਕਦੀ ਹੈ, ਹਨ੍ਹੇਰੀ ਤੇ ਤੂਫਾਨ ਦੀ ਸਥਿਤੀ ਬਣ ਜਾਵੇਗੀ। ਜਿਸ ਕਾਰਨ ਮੌਸਮ ਮਾਹਿਰਾਂ ਨੇ ਅਲਰਟ ਜਾਰੀ ਕੀਤਾ ਹੈ।
ਹਿਮਾਚਲ ਵਿੱਚ ਭਾਵੇਂ 16 ਅਤੇ 17 ਅਪ੍ਰੈਲ ਨੂੰ ਕੁਝ ਇਲਾਕਿਆਂ ਅੰਦਰ ਮੀਂਹ ਪੈਣ ਦੀ ਗੱਲ ਮੌਸਮ ਵਿਗਿਆਨੀਆਂ ਵਲੋਂ ਆਖੀ ਜਾ ਰਹੀ ਹੈ ਪਰ ਉਨ੍ਹਾਂ ਵਲੋਂ ਇਹ ਵੀ ਦਾਅਵਾ ਕੀਤਾ ਜਾ ਰਿਹਾ ਹੈ ਕਿ ਪੰਜਾਬ ਅੰਦਰ ਇਨ੍ਹਾਂ ਦੋਵਾਂ ਦਿਨਾਂ ਦੌਰਾਨ ਗਰਮੀ ਹੋਰ ਵੱਧ ਜਾਵੇਗੀ। ਜਿਸ ਕਾਰਨ ਇਨ੍ਹਾਂ ਦਿਨਾਂ ਲਈ ਮੌਸਮ ਵਿਭਾਗ ਨੇ ਪੰਜਾਬ ਵਾਸੀਆਂ ਲਈ ਯੈਲੋ ਅਲਰਟ ਜਾਰੀ ਕੀਤਾ ਹੈ।