ਪਾਕਿਸਤਾਨੀ ਝੰਡੇ ਦੇ ਚੱਕਰ ''ਚ ਸਕੂਲੋਂ ਕੱਢੀ ਗਈ 11ਵੀਂ ਦੀ ਵਿਦਿਆਰਥਣ, ਜਾਣੋ ਪੂਰਾ ਮਾਮਲਾ

Thursday, May 01, 2025 - 06:12 PM (IST)

ਪਾਕਿਸਤਾਨੀ ਝੰਡੇ ਦੇ ਚੱਕਰ ''ਚ ਸਕੂਲੋਂ ਕੱਢੀ ਗਈ 11ਵੀਂ ਦੀ ਵਿਦਿਆਰਥਣ, ਜਾਣੋ ਪੂਰਾ ਮਾਮਲਾ

ਨੈਸ਼ਨਲ ਡੈਸਕ- ਉੱਤਰ ਪ੍ਰਦੇਸ਼ ਦੇ ਸਹਾਰਨਪੁਰ ਜ਼ਿਲ੍ਹੇ 'ਚ 11ਵੀਂ ਜਮਾਤ ਦੀ ਇਕ ਵਿਦਿਆਰਥਣ ਨੂੰ ਸੜਕ 'ਤੇ ਚਿਪਕੇ ਪਾਕਿਸਤਾਨੀ ਝੰਡੇ ਨੂੰ ਹਟਾਉਣ ਦੀ ਕੋਸ਼ਿਸ਼ ਕਰਨਾ ਮਹਿੰਗਾ ਪੈ ਗਿਆ। ਦਰਅਸਲ, ਇਹ ਵਿਦਿਆਰਥਣ ਸਕੂਟੀ 'ਤੇ ਜਾ ਰਹੀ ਸੀ ਕਿ ਉਸਨੇ ਦੇਖਿਆ ਕਿ ਸੜਕ ਦੇ ਵਿਚਕਾਰ ਪਾਕਿਸਤਾਨ ਦਾ ਝੰਡਾ ਚਿਪਕਿਆ ਹੋਇਾ ਹੈ ਅਤੇ ਉਸ ਤੋਂ ਵਾਹਨ ਲੰਘ ਰਹੇ ਹਨ। ਵਿਦਿਆਰਥਣ ਨੇ ਆਪਣੀ ਸਕੂਟੀ ਰੋਕੀ ਅਤੇ ਝੰਡੇ ਨੂੰ ਸੜਕ ਤੋਂ ਹਟਾਉਣ ਦੀ ਕੋਸ਼ਿਸ਼ ਕਰਨ ਲੱਗੀ। ਹਾਲਾਂਕਿ, ਉਹ ਇਸ ਵਿਚ ਸਫਲ ਨਹੀਂ ਹੋ ਸਕੀ। 

ਇਸ ਪੂਰੀ ਘਟਨਾ ਦੀ 12 ਸਕਿੰਟਾਂ ਦੀ ਇਕ ਵੀਡੀਓ ਕਿਸੇ ਰਾਹਗੀਰ ਨੇ ਬਣਾ ਲਈ ਅਤੇ ਸੋਸ਼ਲ ਮੀਡੀਆ 'ਤੇ ਪੋਸਟ ਕਰ ਦਿੱਤੀ। ਵੀਡੀਓ ਵਾਇਰਲ ਹੋਣ ਤੋਂ ਬਾਅਦ ਹੰਗਾਮਾ ਮਚ ਗਿਆ। ਲੋਕਾਂ ਨੇ ਵਿਦਿਆਰਥਣ ਦੀ ਹਰਕਤ ਦਾ ਵਿਰੋਧ ਸ਼ੁਰੂ ਕਰ ਦਿੱਤਾ। ਜਿਸ 'ਤੇ ਹੁਣ ਵਿਦਿਆਰਥਣ ਦੇ ਸਕੂਲ ਨੇ ਵੀ ਨੋਟਿਸ ਲਿਆ ਹੈ। 

ਸੜਕ 'ਤੇ ਚਿਪਕੇ ਪਾਕਿਸਤਾਨੀ ਝੰਡੇ ਨੂੰ ਹਟਾਉਣ ਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਹਿੰਦੁਵਾਦੀ ਸੰਗਠਨਾਂ 'ਚ ਗੁੱਸੇ ਦੀ ਲਹਿਰ ਫੈਲ ਗਈ ਅਤੇ ਉਨ੍ਹਾਂ ਨੇ ਇਸਨੂੰ ਦੇਸ਼ ਵਿਰੋਧੀ ਕੰਮ ਦੱਸਿਆ। ਅਗਲੇ ਹੀ ਦਿਨ ਕ੍ਰਾਂਤੀਸੈਨਾ ਸੰਗਠਨ ਦੇ ਲੋਕ ਸਕੂਲ ਪਹੁੰਚੇ ਅਤੇ ਪ੍ਰਬੰਧਨ 'ਤੇ ਦਬਾਅ ਬਣਾਉਂਦੇ ਹੋਏ ਵਿਦਿਆਰਥਣ ਨੂੰ ਸਕੂਲੋਂ ਕੱਢਣ ਦੀ ਮੰਗ ਕੀਤੀ। ਉਨ੍ਹਾਂ ਇਸਨੂੰ ਦੇਸ਼ਧ੍ਰੋਹ ਦਾ ਮਾਮਲਾ ਕਰਾਰ ਦਿੱਤਾ ਹੈ। 

ਫਿਲਹਾਲ, ਸਕੂਲ ਪ੍ਰਸ਼ਾਸਨ ਨੇ ਹਿੰਦੂ ਸੰਗਠਨਾਂ ਦੇ ਵਿਰੋਧ ਅਤੇ ਮਾਹੌਲ ਦੀ ਗੰਭਾਰਤਾ ਨੂੰ ਦੇਖਦੇ ਹੋਏ ਵਿਦਿਆਰਥਣ ਨੂੰ ਸਕਲੋਂ ਕੱਢ ਦਿੱਤਾ ਹੈ। ਵਿਦਿਆਰਥਣ ਮੁਸਲਿਮ ਭਾਈਚਾਰੇ 'ਚੋਂ ਹੈ ਅਤੇ ਸਹਾਰਨਪੁਰ ਦੇ ਗੰਗੋਹ ਇਲਾਕੇ ਦੀ ਰਹਿਣ ਵਾਲੀ ਦੱਸੀ ਜਾ ਰਹੀ ਹੈ। 

ਜਾਣਕਾਰੀ ਮੁਤਾਬਕ, 29 ਅਪ੍ਰੈਲ ਨੂੰ ਪਹਿਲਗਾਮ ਅੱਤਵਾਦੀ ਹਮਲੇ ਦੇ ਵਿਰੋਧ 'ਚ ਕੁਝ ਸੰਗਠਨਾਂ ਨੇ ਪਾਕਿਸਤਾਨ ਦਾ ਝੰਡਾ ਸੜਕ 'ਤੇ ਚਿਪਕਾਇਆ ਸੀ, ਜਿਸ ਨਾਲ ਲੋਕ ਉਸਨੂੰ ਪੈਰਾਂ ਹੇਠ ਰੌਲਦੇ ਰਹੇ ਪਰ ਕਥਿਤ ਤੌਰ 'ਤੇ ਵਿਦਿਆਰਥਣ ਨੂੰ ਇਹ ਚੰਗਾ ਨਹੀਂ ਲੱਗਾ ਅਤੇ ਉਹ ਇਸਨੂੰ ਸੜਕ ਤੋਂ ਹਟਾਉਣ ਦੀ ਕੋਸ਼ਿਸ਼ ਕਰਨ ਲੱਗੀ। ਜਿਸਦੀ ਕਿਸੇ ਰਾਹਗੀਰ ਨੇ ਵੀਡੀਓ ਬਣਾ ਲਈ ਅਤੇ ਵਾਇਰਲ ਕਰ ਦਿੱਤੀ। 


author

Rakesh

Content Editor

Related News