ਹਿਮਾਚਲ ’ਚ ਇਕ ਪ੍ਰਾਈਵੇਟ ਬੱਸ ਦੀ ਬ੍ਰੇਕ ਹੋਈ ਫੇਲ, ਡਰਾਈਵਰ ਦੀ ਚੌਕਸੀ ਨਾਲ ਵੱਡਾ ਹਾਦਸਾ ਟਲਿਆ
Tuesday, Apr 29, 2025 - 10:59 PM (IST)

ਬਲਦਵਾੜਾ, (ਯੂ. ਐੱਨ. ਆਈ.)- ਮੰਗਲਵਾਰ ਸੁਪਰ ਹਾਈਵੇਅ ਊਨਾ-ਨੇਰਚੌਕ ’ਤੇ ਭੰਬਲਾ ਦੇ ਭੋਲਘਾਟ ਨੇੜੇ ਕੁੱਲੂ-ਕਾਂਗੜਾ ਰੂਟ ’ਤੇ ਚੱਲ ਰਹੀ ਇਕ ਪ੍ਰਾਈਵੇਟ ਬੱਸ ਦੀ ਬ੍ਰੇਕ ਅਚਾਨਕ ਫੇਲ ਹੋ ਗਈ ਪਰ ਡਰਾਈਵਰ ਦੀ ਚੌਕਸੀ ਨਾਲ ਇਕ ਵੱਡਾ ਹਾਦਸਾ ਟੱਲ ਗਿਆ।
ਬੱਸ ਮੰਡੀ ਤੋਂ ਜਾਹੂ ਆ ਰਹੀ ਸੀ ਕਿ ਭੋਲਘਾਟ ਨੇੜੇ ਬ੍ਰੇਕਾਂ ਨੇ ਕੰਮ ਕਰਨਾ ਬੰਦ ਕਰ ਦਿੱਤਾ। ਬੱਸ ਹੇਠਾਂ ਵੱਲ ਨੂੰ ਜਾ ਰਹੀ ਸੀ। ਡਰਾਈਵਰ ਨੇ ਬੱਸ ਦੀ ਸੜਕ ਦੇ ਕਿਨਾਰੇ ਇਕ ਪਹਾੜੀ ਨਾਲ ਟੱਕਰ ਮਾਰ ਦਿੱਤੀ, ਜਿਸ ਕਾਰਨ ਬੱਸ ਸੜਕ ’ਤੇ ਉਲਟ ਗਈ।
ਜਿਵੇਂ ਹੀ ਬੱਸ ਉਲਟੀ, ਮੁਸਾਫਰਾਂ ’ਚ ਚੀਕ-ਚਿਹਾੜਾ ਮਚ ਗਿਆ। ਘਟਨਾ ਦੀ ਸੂਚਨਾ ਮਿਲਦਿਆਂ ਹੀ ਥਾਣਾ ਹਟਲੀ ਤੋਂ ਥਾਣਾ ਇੰਚਾਰਜ ਬ੍ਰਿਜਲਾਲ ਸ਼ਰਮਾ ਆਪਣੀ ਟੀਮ ਸਮੇਤ ਮੌਕੇ ’ਤੇ ਪਹੁੰਚੇ ਅਤੇ ਰਾਹਤ ਅਤੇ ਬਚਾਅ ਕਾਰਜ ਸ਼ੁਰੂ ਕੀਤੇ। ਸਥਾਨਕ ਲੋਕਾਂ ਦੀ ਮਦਦ ਨਾਲ ਪੁਲਸ ਨੇ ਬੱਸ ’ਚ ਫਸੇ ਮੁਸਾਫਰਾਂ ਨੂੰ ਬਚਾਇਆ।
ਬੱਸ ’ਚ ਲਗਭਗ 15 ਮੁਸਾਫਰ ਸਨ। ਸਾਰੇ ਸੁਰੱਖਿਅਤ ਹਨ। 5 ਨੂੰ ਮਾਮੂਲੀ ਸੱਟਾਂ ਲੱਗੀਆਂ ਤੇ ਉਨ੍ਹਾਂ ਨੂੰ ਸਿਵਲ ਹਸਪਤਾਲ ਬਲਦਵਾੜਾ ਵਿਖੇ ਮੁੱਢਲੀ ਸਹਾਇਤਾ ਤੋਂ ਬਾਅਦ ਘਰ ਭੇਜ ਦਿੱਤਾ ਗਿਆ।
ਸਫ਼ਰ ਕਰ ਰਹੇ ਲੋਕਾਂ ਨੇ ਕਿਹਾ ਕਿ ਜੇ ਡਰਾਈਵਰ ਨੇ ਸਮੇਂ ਸਿਰ ਸਮਝਦਾਰੀ ਨਾ ਵਿਖਾਈ ਹੁੰਦੀ ਤਾਂ ਬੱਸ 50 ਮੀਟਰ ਅੱਗੇ ਖੱਡ ’ਚ ਡਿੱਗ ਸਕਦੀ ਸੀ।