ਪੰਜਾਬ ਦੇ ਲੋਕ ਭਲਕੇ ਘਰੋਂ ਨਿਕਲਣ ਤੋਂ ਪਹਿਲਾਂ ਜ਼ਰੂਰ ਪੜ੍ਹਨ ਇਹ ਖ਼ਬਰ, ਮੌਸਮ ਨੂੰ ਲੈ ਕੇ ਆਈ ਵੱਡੀ ਅਪਡੇਟ

Thursday, Mar 23, 2023 - 09:46 AM (IST)

ਚੰਡੀਗੜ੍ਹ (ਪਾਲ) : ਪੰਜਾਬ ਅਤੇ ਹਰਿਆਣਾ ਸਣੇ ਚੰਡੀਗੜ੍ਹ ਦੇ ਲੋਕ ਭਲਕੇ ਮਤਲਬ ਕਿ 24 ਮਾਰਚ ਨੂੰ ਘਰੋਂ ਨਿਕਲਣ ਤੋਂ ਪਹਿਲਾਂ ਜ਼ਰਾ ਧਿਆਨ ਦੇਣ ਕਿਉਂਕਿ ਭਲਕੇ ਭਾਰੀ ਮੀਂਹ ਦੀ ਸੰਭਾਵਨਾ ਜਤਾਈ ਗਈ ਹੈ। ਇਸ ਦਾ ਕਾਰਨ ਪੱਛਮੀ ਪੌਣਾਂ ਦਾ ਸਰਗਰਮ ਹੋਣਾ ਦੱਸਿਆ ਜਾ ਰਿਹਾ ਹੈ। ਮੌਸਮ ਵਿਭਾਗ ਨੇ ਬੁਲੇਟਿਨ ਜਾਰੀ ਕਰਦਿਆਂ ਦੱਸਿਆ ਹੈ ਕਿ 23 ਅਤੇ 24 ਮਾਰਚ ਨੂੰ ਪੰਜਾਬ ਸਮੇਤ ਚੰਡੀਗੜ੍ਹ ਅਤੇ ਹਰਿਆਣਾ 'ਚ ਵੀ ਪੱਛਮੀ ਪੌਣਾਂ ਸਰਗਰਮ ਹੋਣ ਕਾਰਨ ਮੀਂਹ ਦੀ ਸੰਭਾਵਨਾ ਵੱਧ ਗਈ ਹੈ। 23 ਮਾਰਚ ਨੂੰ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਦੀਆਂ ਕੁੱਝ ਥਾਵਾਂ 'ਤੇ ਗਰਜ਼ ਨਾਲ ਹਲਕੇ ਤੋਂ ਦਰਮਿਆਨੇ ਮੀਂਹ ਦੀ ਸੰਭਾਵਨਾ ਦੱਸੀ ਹੈ। ਪੰਜਾਬ ਦੇ ਉੱਤਰੀ ਹਿੱਸਿਆਂ 'ਚ 24 ਮਾਰਚ ਨੂੰ ਭਾਰੀ ਮੀਂਹ ਦੇ ਆਸਾਰ ਹਨ। ਹਾਲਾਂਕਿ ਮੀਂਹ ਤੋਂ ਬਾਅਦ ਵੱਧ ਤੋਂ ਵੱਧ ਤਾਪਮਾਨ 'ਚ ਕੋਈ ਜ਼ਿਆਦਾ ਬਦਲਾਅ ਦੇਖਣ ਨੂੰ ਨਹੀਂ ਮਿਲੇਗਾ। ਚੰਡੀਗੜ੍ਹ ਮੌਸਮ ਕੇਂਦਰ ਮੁਤਾਬਕ ਸ਼ਹਿਰ 'ਚ 40 ਤੋਂ 50 ਕਿਲੋਮੀਟਰ ਪ੍ਰਤੀ ਘੰਟਾ ਹਵਾਵਾਂ ਚੱਲਣ ਦੀ ਵੀ ਸੰਭਾਵਨਾ ਹੈ। ਨਾਲ ਹੀ ਪੰਜਾਬ ਅਤੇ ਹਰਿਆਣਾ 'ਚ ਕੁੱਝ ਜਗ੍ਹਾ ਗੜ੍ਹੇ ਵੀ ਪੈ ਸਕਦੇ ਹਨ। 

ਇਹ ਵੀ ਪੜ੍ਹੋ : ਸਦਨ 'ਚ ਪਾਣੀਆਂ ਦੇ ਮੁੱਦੇ 'ਤੇ ਬੋਲੇ CM ਮਾਨ, 'ਹਿਮਾਚਲ ਅਜਿਹਾ ਕੁੱਝ ਨਾ ਕਰੇ, ਜਿਸ ਨਾਲ ਰੌਲਾ ਪਵੇ'
ਦੂਜੀਆਂ ਪੱਛਮੀ ਪੌਣਾਂ ਸਰਗਰਮ, 26 ਡਿਗਰੀ ਪਹੁੰਚਿਆ ਦਿਨ ਦਾ ਪਾਰਾ
ਚੰਡੀਗੜ੍ਹ 'ਚ ਲਗਾਤਾਰ ਇਹ ਦੂਜੀ ਵਾਰ ਪੱਛਮੀ ਪੌਣਾਂ ਦਾ ਅਸਰ ਹੈ, ਜਿਸ ਕਾਰਨ ਮੀਂਹ ਦੀ ਸੰਭਾਵਨਾ ਬਣੀ ਹੋਈ ਹੈ। 1 ਹਫਤੇ ਤੋਂ ਸ਼ਹਿਰ ਦਾ ਵੱਧ ਤੋਂ ਵੱਧ ਤਾਪਮਾਨ 31 ਤੋਂ 32 ਡਿਗਰੀ ਸੈਲਸੀਅਸ ਤੱਕ ਪਹੁੰਚ ਗਿਆ ਸੀ ਪਰ ਮੀਂਹ ਤੋਂ ਬਾਅਦ ਦਿਨ ਦਾ ਪਾਰਾ 25 ਡਿਗਰੀ ਤੱਕ ਪਹੁੰਚ ਗਿਆ ਹੈ। ਬੁੱਧਵਾਰ ਦਿਨ ਦਾ ਪਾਰਾ 26 ਡਿਗਰੀ ਸੈਲਸੀਅਸ ਰਿਕਾਰਡ ਕੀਤਾ ਗਿਆ, ਜੋ ਆਮ ਨਾਲੋਂ ਚਾਰ ਡਿਗਰੀ ਘੱਟ ਹੈ। ਉੱਥੇ ਹੀ, ਹੇਠਲਾ ਤਾਪਮਾਨ 14 ਡਿਗਰੀ ਰਿਕਾਰਡ ਕੀਤਾ ਗਿਆ।

ਇਹ ਵੀ ਪੜ੍ਹੋ : ਪੰਜਾਬ 'ਚ ਮੁੜ ਦਸਤਕ ਦੇ ਰਿਹਾ 'ਕੋਰੋਨਾ', ਨਵੇਂ ਵੇਰੀਐਂਟ ਨੇ ਵਧਾਈ ਚਿੰਤਾ
ਮਾਰਚ ਤੋਂ ਹੁਣ ਤੱਕ ਸ਼ਹਿਰ ’ਚ 36.4 ਐੱਮ. ਐੱਮ. ਮੀਂਹ
ਤਿੰਨ ਸਾਲਾਂ 'ਚ ਪਹਿਲੀ ਵਾਰ ਹੈ ਕਿ ਮਾਰਚ ਮਹੀਨੇ 'ਚ ਇੰਨਾ ਮੀਂਹ ਰਿਕਾਰਡ ਕੀਤਾ ਗਿਆ ਹੈ। ਮਾਰਚ 2021 'ਚ ਕੁੱਲ 5.6 ਐੱਮ. ਐੱਮ. ਮੀਂਹ ਰਿਕਾਰਡ ਕੀਤਾ ਗਿਆ ਸੀ। 2020 'ਚ ਪੂਰੇ ਮਾਰਚ ਮਹੀਨੇ 'ਚ 76 ਐੱਮ. ਐੱਮ. ਮੀਂਹ ਦਰਜ ਹੋਇਆ ਸੀ। 24 ਘੰਟਿਆਂ ਦੌਰਾਨ ਸ਼ਹਿਰ 'ਚ 21.8 ਐੱਮ. ਐੱਮ. ਮੀਂਹ ਰਿਕਾਰਡ ਹੋਇਆ ਹੈ, ਜਦੋਂ ਕਿ ਪਹਿਲੀ ਮਾਰਚ ਤੋਂ ਹੁਣ ਤੱਕ ਸ਼ਹਿਰ 'ਚ 36.4 ਐੱਮ. ਐੱਮ. ਮੀਂਹ ਦਰਜ ਹੋ ਚੁੱਕਿਆ ਹੈ। ਮੌਸਮ ਵਿਭਾਗ ਨੇ ਆਉਣ ਵਾਲੇ 2 ਦਿਨਾਂ ਲਈ ਐਡਵਾਈਜ਼ਰੀ ਜਾਰੀ ਕਰਦਿਆਂ ਕਿਸਾਨਾਂ ਨੂੰ ਸਲਾਹ ਦਿੱਤੀ ਹੈ ਕਿ ਫ਼ਸਲ 'ਚ ਸਿੰਚਾਈ ਅਤੇ ਕੀਟਨਾਸ਼ਕ ਦੀ ਵਰਤੋਂ ਨਾ ਕਰੋ ਅਤੇ ਕੱਟੀ ਫ਼ਸਲ ਨੂੰ ਸੁਰੱਖਿਅਤ ਸਥਾਨਾਂ ’ਤੇ ਰੱਖੋ। ਗਰਜ਼ ਅਤੇ ਚਮਕ ਦੌਰਾਨ ਬਾਹਰ ਜਾਣ ਤੋਂ ਬਚੋ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
 


Babita

Content Editor

Related News