ਲੁਧਿਆਣਾ ''ਚ ਤਾਪਮਾਨ ਦਾ 52 ਸਾਲ ਦਾ ਰਿਕਾਰਡ ਟੁੱਟਿਆ, ਮੀਂਹ ਪੈਣ ਨਾਲ ਸੁਹਾਵਣਾ ਹੋਇਆ ਮੌਸਮ

Saturday, Jun 18, 2022 - 11:01 AM (IST)

ਲੁਧਿਆਣਾ (ਸਲੂਜਾ) : ਲੁਧਿਆਣਾ ’ਚ 27.2 ਮਿਲੀਮੀਟਰ ਮੀਂਹ ਪੈਣ ਨਾਲ ਮੌਸਮ ਦਾ ਮਿਜਾਜ਼ ਸੁਹਾਵਣਾ ਬਣ ਗਿਆ ਹੈ, ਜਿਸ ਨਾਲ ਲੁਧਿਆਣਵੀਆਂ ਨੂੰ ਗਰਮੀ ਦੇ ਕਹਿਰ ਤੋਂ ਰਾਹਤ ਮਿਲ ਗਈ। ਇਸੇ ਦੇ ਨਾਲ ਹੀ ਵੱਧ ਤੋਂ ਵੱਧ ਤਾਪਮਾਨ ਦਾ 52 ਸਾਲਾਂ ਦਾ ਰਿਕਾਰਡ ਵੀ ਟੁੱਟ ਗਿਆ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਮੌਸਮ ਵਿਭਾਗ ਦੀ ਮੁਖੀ ਡਾ. ਪੀ. ਕੇ. ਕਿੰਗਰਾ ਨੇ ਦੱਸਿਆ ਕਿ ਬੀਤੇ ਦਿਨ ਵੱਧ ਤੋਂ ਵੱਧ ਤਾਪਮਾਨ 26 ਡਿਗਰੀ ਸੈਲਸੀਅਸ ਰਿਕਾਰਡ ਕੀਤਾ ਗਿਆ।

ਇਹ ਵੀ ਪੜ੍ਹੋ : ਲੁਧਿਆਣਾ 'ਚ ਕਹਿਰ ਬਣ ਕੇ ਵਰ੍ਹਿਆ ਮੀਂਹ, ਘਰ ਦੀ ਛੱਤ ਡਿੱਗਣ ਨਾਲ ਮਾਸੂਮ ਬੱਚੀ ਸਮੇਤ ਨੌਜਵਾਨ ਦੀ ਮੌਤ (ਤਸਵੀਰਾਂ)

ਉਨ੍ਹਾਂ ਦੱਸਿਆ ਕਿ 1970 ਤੋਂ ਲੈ ਕੇ ਜੂਨ ਮਹੀਨੇ ’ਚ ਪਹਿਲਾ ਮੌਕਾ ਹੈ, ਜਦੋਂ ਇੰਨਾ ਘੱਟ ਵੱਧ ਤੋਂ ਵੱਧ ਤਾਪਮਾਨ ਰਿਕਾਰਡ ਹੋਇਆ ਹੋਵੇ, ਜਦੋਂਕਿ ਘੱਟੋ-ਘੱਟ ਤਾਪਮਾਨ ਦਾ ਪਾਰਾ 22.4 ਡਿਗਰੀ ਸੈਲਸੀਅਸ ਰਿਹਾ। ਵੱਧ ਤੋਂ ਵੱਧ ਅਤੇ ਘੱਟ ਤੋਂ ਘੱਟ ਤਾਪਮਾਨ ਵਿਚ 3.6 ਡਿਗਰੀ ਸੈਲਸੀਅਸ ਦਾ ਫ਼ਰਕ ਰਿਹਾ। ਇੱਥੇ ਦੱਸ ਦੇਈਏ ਕਿ ਮੀਂਹ ਤੋਂ ਬਾਅਦ ਪਾਣੀ ਦੀ ਨਿਕਾਸੀ ਦੇ ਉਚਿਤ ਪ੍ਰਬੰਧ ਨਾ ਹੋਣ ਕਾਰਨ ਲੁਧਿਆਣਾ ਦੇ ਪਾਸ਼ ਅਤੇ ਸਲੱਮ ਇਲਾਕਿਆਂ ’ਚ ਹਾਲਾਤ ਅਜਿਹੇ ਬਣ ਗਏ ਜਿਵੇਂ ਕਿ ਹੜ੍ਹ ਆ ਗਿਆ ਹੋਵੇ, ਜਿਸ ਨਾਲ ਲੋਕਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ।

ਇਹ ਵੀ ਪੜ੍ਹੋ : ਅਹਿਮ ਖ਼ਬਰ : ਸਿੱਧੂ ਮੂਸੇਵਾਲਾ ਵੱਲੋਂ ਗਾਇਆ ਗਾਣਾ 'ਬੰਬੀਹਾ ਬੋਲੇ' ਬਣਿਆ ਕਤਲ ਦਾ ਅਹਿਮ ਕਾਰਨ

ਮੀਂਹ ਤੋਂ ਬਾਅਦ ਸੂਰਜ ਦੇਵਤਾ ਪ੍ਰਗਟ ਹੋ ਗਏ ਅਤੇ ਖਿੜਖਿੜਾਉਂਦੀ ਧੁੱਪ ਨਿਕਲ ਆਈ। ਲਗਾਤਾਰ ਪੈ ਰਹੀ ਗਰਮੀ ਤੋਂ ਰਾਹਤ ਪਾਉਣ ਲਈ ਲੋਕ ਮੀਂਹ ਦਾ ਇੰਤਜ਼ਾਰ ਕਰ ਰਹੇ ਸਨ, ਜੋ ਖ਼ਤਮ ਹੋ ਗਿਆ। ਹੁਣ ਲੋਕ ਚੰਗੇ ਮਾਨਸੂਨ ਦੀ ਵੀ ਉਮੀਦ ਕਰਨ ਲੱਗੇ ਹਨ। ਕਿਸਾਨੀ ਲਈ ਇਹ ਮੀਂਹ ਉਨ੍ਹਾਂ ਦੀ ਝੋਨੇ ਦੀ ਫ਼ਸਲ ਲਈ ਸੋਨੇ ’ਤੇ ਸੁਹਾਗੇ ਦਾ ਕੰਮ ਕਰ ਸਕਦਾ ਹੈ ਕਿਉਂਕਿ ਝੋਨੇ ਦੀ ਫ਼ਸਲ ਲਈ ਪਾਣੀ ਦੀ ਬਹੁਤ ਲੋੜ ਰਹਿੰਦੀ ਹੈ। ਮੀਂਹ ਪੈਣ ਨਾਲ ਬਿਜਲੀ ਦੀ ਮੰਗ ’ਚ ਵੀ ਕਮੀ ਆ ਸਕਦੀ ਹੈ, ਜਿਸ ਤੋਂ ਲੱਗਣ ਵਾਲੇ ਅਣਐਲਾਨੇ ਪਾਵਰਕੱਟ ਖ਼ਤਮ ਹੋ ਸਕਦੇ ਹਨ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


Babita

Content Editor

Related News