ਪੰਜਾਬ ਦੇ 15 ਜ਼ਿਲ੍ਹਿਆਂ 'ਚ ਮੌਸਮ ਨੂੰ ਲੈ ਕੇ ਅਲਰਟ ਜਾਰੀ, ਸੋਚ-ਸਮਝ ਕੇ ਨਿਕਲੋ ਘਰੋਂ ਬਾਹਰ

Friday, Jan 05, 2024 - 11:16 AM (IST)

ਚੰਡੀਗੜ੍ਹ : ਮੌਸਮ ਵਿਭਾਗ ਨੇ ਅਗਲੇ 2 ਦਿਨਾਂ ਲਈ ‘ਸੰਘਣੀ ਤੋਂ ਸੰਘਣੀ’ ਧੁੰਦ ਦੀ ਚਿਤਾਵਨੀ ਜਾਰੀ ਕਰਦਿਆਂ ਸਾਵਧਾਨ ਰਹਿਣ ਦੀ ਐਡਵਾਈਜ਼ਰੀ ਕੀਤੀ ਹੈ ਕਿਉਂਕਿ ਮੌਸਮ ਦੇ ਅਗਾਊਂ ਅਨੁਮਾਨ ਮੁਤਾਬਕ ਠੰਡ 'ਚ ਅਜੇ ਹੋਰ ਵਾਧਾ ਹੋਵੇਗਾ। ਇਸੇ ਲੜੀ 'ਚ ਤਾਪਮਾਨ 'ਚ ਹੋਰ ਗਿਰਾਵਟ ਹੋਣੀ ਤੈਅ ਮੰਨੀ ਜਾ ਰਹੀ ਹੈ, ਜਿਸ ਨਾਲ ਆਮ ਜਨ-ਜੀਵਨ ਪ੍ਰਭਾਵਿਤ ਹੋਵੇਗਾ। ਦੂਜੇ ਪਾਸੇ ਬੀਤੇ ਦਿਨ ਫਿਰ ਤੋਂ ਸੂਰਜ ਦੇਵਤਾ ਦੇ ਦਰਸ਼ਨ ਨਾ ਹੋਣ ਕਰ ਕੇ ਸਾਰਾ ਦਿਨ ਕੰਬਣੀ ਵਾਲੀ ਠੰਡ ਮਹਿਸੂਸ ਹੋਈ। ਮੌਸਮ ਵਿਭਾਗ ਵੱਲੋਂ 15 ਜ਼ਿਲ੍ਹਿਆਂ 'ਚ ਆਰੇਂਜ ਅਲਰਟ, ਜਦੋਂ ਕਿ ਹੋਰ ਜ਼ਿਲ੍ਹਿਆਂ 'ਚ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ।

ਇਹ ਵੀ ਪੜ੍ਹੋ : ਜੰਗਲ 'ਚੋਂ ਭਟਕਦਾ ਜੰਗਲੀ ਸਾਂਬਰ ਅਚਾਨਕ ਘਰ ਅੰਦਰ ਵੜਿਆ, ਪਰਿਵਾਰ ਦੇ ਛੁੱਟੇ ਪਸੀਨੇ (ਤਸਵੀਰਾਂ)

ਜ਼ਿਲ੍ਹਾ ਸੰਗਰੂਰ, ਪਟਿਆਲਾ, ਲੁਧਿਆਣਾ, ਮੋਹਾਲੀ, ਸ਼ਹੀਦ ਭਗਤ ਸਿੰਘ ਨਗਰ, ਰੂਪਨਗਰ, ਮੋਗਾ, ਫਿਰੋਜ਼ਪੁਰ, ਜਲੰਧਰ, ਤਰਨਤਾਰਨ, ਕਪੂਰਥਲਾ, ਹੁਸ਼ਿਆਰਪੁਰ, ਅੰਮ੍ਰਿਤਸਰ, ਗੁਰਦਾਸਪੁਰ ਅਤੇ ਪਠਾਨਕੋਟ 'ਚ ਆਰੇਂਜ ਅਲਰਟ ਜਾਰੀ ਕੀਤਾ ਗਿਆ। ਇਸ ਦੇ ਨਾਲ ਹੀ 9 ਜਨਵਰੀ ਨੂੰ ਮੀਂਹ ਪੈਣ ਦੀ ਸੰਭਾਵਨਾ ਜ਼ਾਹਰ ਕੀਤੀ ਗਈ ਹੈ। ਇਸੇ ਵਿਚਕਾਰ ਘੱਟ ਤੋਂ ਘੱਟ ਤਾਪਮਾਨ 5 ਡਿਗਰੀ ਸੈਲਸੀਅਸ ਤੱਕ ਰਿਕਾਰਡ ਕੀਤਾ ਗਿਆ। ਵੱਧ ਤੋਂ ਵੱਧ ਤਾਪਮਾਨ 11-12 ਡਿਗਰੀ ਦੇ ਲਗਭਗ ਰਿਹਾ। ਅੰਕੜਿਆਂ ਮੁਤਾਬਕ ਘੱਟ ਤੋਂ ਘੱਟ ਅਤੇ ਵੱਧ ਤੋਂ ਵੱਧ ਤਾਪਮਾਨ ਵਿਚ 5 ਡਿਗਰੀ ਤੱਕ ਅੰਤਰ ਹੋਣਾ ਖ਼ਰਾਬ ਮੌਸਮ ਵੱਲ ਇਸ਼ਾਰਾ ਕਰ ਰਿਹਾ ਹੈ।

ਇਹ ਵੀ ਪੜ੍ਹੋ : ਪੰਜਾਬ ਦੇ ਘੋੜਾ ਮਾਲਕਾਂ ਲਈ ਵੱਡੀ ਖ਼ੁਸ਼ਖ਼ਬਰੀ, ਸਰਕਾਰ ਨੇ ਹਟਾ ਦਿੱਤੀ ਇਹ ਪਾਬੰਦੀ

ਇਸ ਤਰ੍ਹਾਂ ਨਾਲ ਦਿਨ ਅਤੇ ਰਾਤ ਦੇ ਤਾਪਮਾਨ 'ਚ ਅੰਤਰ ਹੋਣ ਕਾਰਨ ਬੇਹੱਦ ਸਾਵਧਾਨੀ ਅਪਣਾਉਣ ਦੀ ਲੋੜ ਹੈ ਕਿਉਂਕਿ ਹੱਡ ਜਮਾਉਣ ਵਾਲੀ ਠੰਡ 'ਚ ਜ਼ਰਾ ਜਿੰਨੀ ਲਾਪਰਵਾਹੀ ਭਾਰੀ ਪੈ ਸਕਦੀ ਹੈ। ਮਾਹਿਰਾਂ ਦਾ ਕਹਿਣਾ ਹੈ ਕਿ ਅਜਿਹੇ ਮੌਸਮ 'ਚ ਘਰਾਂ ਵਿਚੋਂ ਬਾਹਰ ਜਾਣ ਸਮੇਂ ਖ਼ਾਸ ਤੌਰ ’ਤੇ ਪੈਰਾਂ, ਸਿਰ ਅਤੇ ਕੰਨਾਂ ਨੂੰ ਕਵਰ ਕਰ ਕੇ ਰੱਖਣਾ ਚਾਹੀਦਾ ਹੈ ਕਿਉਂਕਿ ਪੈਰਾਂ ਅਤੇ ਸਿਰ ਤੋਂ ਲੱਗਣ ਵਾਲੀ ਠੰਡ ਸਿਹਤ ’ਤੇ ਸਿੱਧਾ ਪ੍ਰਭਾਵ ਪਾਉਂਦੀ ਹੈ, ਜਿਸ ਨੂੰ ਬੁਖ਼ਾਰ ਹੋਣ ਦਾ ਖ਼ਤਰਾ ਬਣਿਆ ਰਹਿੰਦਾ ਹੈ। ਦੂਜੇ ਪਾਸੇ ਸੀਤ ਲਹਿਰ ਦੇ ਨਾਲ-ਨਾਲ ਤਰੇਲ ਪੈਣ ਕਰ ਕੇ ਠੰਡ 'ਚ ਵਾਧਾ ਹੋ ਰਿਹਾ ਹੈ। ਬੁੱਧਵਾਰ ਨੂੰ ਧੁੱਪ ਨਿਕਲਣ ਤੋਂ ਬਾਅਦ ਰਾਤ ਸਮੇਂ ਪਈ ਭਾਰੀ ਤਰੇਲ ਕਾਰਨ ਸਵੇਰੇ 6-7 ਵਜੇ ਸੜਕਾਂ ਗਿੱਲੀਆਂ ਨਜ਼ਰ ਆਈਆਂ। ਸੜਕਾਂ ਇੰਝ ਗਿੱਲੀਆਂ ਹੋ ਚੁੱਕੀਆਂ ਸਨ, ਜਿਵੇਂ ਹਲਕੀ ਬੂੰਦਾਬਾਂਦੀ ਤੋਂ ਬਾਅਦ ਗਿੱਲੀਆਂ ਹੁੰਦੀਆਂ ਹਨ।

ਅਜਿਹੇ ਵਿਚ ਵਿੰਡ-ਸ਼ੀਟਰ ਪਹਿਨਣ ਦੀ ਲੋੜ ਹੁੰਦੀ ਹੈ। ਦੂਜੇ ਪਾਸੇ ਨੱਕ ਅਤੇ ਮੂੰਹ ਨੂੰ ਢੱਕ ਕੇ ਦੋਪਹੀਆ ਵਾਹਨ ਚਲਾਉਣਾ ਚਾਹੀਦਾ ਹੈ। ਮਾਹਿਰ ਡਾਕਟਰਾਂ ਦਾ ਕਹਿਣਾ ਹੈ ਕਿ ਧੁੰਦ ਦੀ ਤਰੇਲ ਨਾਲ ਗਲਾ ਖ਼ਰਾਬ ਹੋਣ ਅਤੇ ਛਾਤੀ ਜਾਮ ਹੋਣ ਦਾ ਡਰ ਸਭ ਤੋਂ ਜ਼ਿਆਦਾ ਰਹਿੰਦਾ ਹੈ। ਇਸੇ ਕਾਰਨ ਦੋਪਹੀਆ ਵਾਹਨ ਚਲਾਉਣ ਵਾਲੇ ਹੈਲਮੇਟ ਦੀ ਵਰਤੋਂ ਕਰਨ। ਗਰਮ ਟੋਪੀ ਤੇ ਮਾਸਕ ਨਾਲ ਨੱਕ-ਮੂੰਹ ਨੂੰ ਕਵਰ ਕਰ ਕੇ ਰੱਖਣ ਨਾਲ ਬਚਾਅ ਹੋਵੇਗਾ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8



 


Babita

Content Editor

Related News