ਪੰਜਾਬ 'ਚ ਗੰਨ ਕਲਚਰ ਨੂੰ ਲੈ ਕੇ ਬੱਚੇ ਖ਼ਿਲਾਫ਼ ਦਰਜ ਮਾਮਲੇ ਤੋਂ ਪੁਲਸ ਨੇ ਲਿਆ ਸਬਕ, ਚੁੱਕਿਆ ਇਕ ਹੋਰ ਕਦਮ

Wednesday, Nov 30, 2022 - 09:58 AM (IST)

ਪੰਜਾਬ 'ਚ ਗੰਨ ਕਲਚਰ ਨੂੰ ਲੈ ਕੇ ਬੱਚੇ ਖ਼ਿਲਾਫ਼ ਦਰਜ ਮਾਮਲੇ ਤੋਂ ਪੁਲਸ ਨੇ ਲਿਆ ਸਬਕ, ਚੁੱਕਿਆ ਇਕ ਹੋਰ ਕਦਮ

ਚੰਡੀਗੜ੍ਹ (ਰਮਨਜੀਤ ਸਿੰਘ) : ਪੰਜਾਬ 'ਚ ਗੰਨ ਕਲਚਰ ਨੂੰ ਪ੍ਰਮੋਟ ਕਰਨ ਦੇ ਧੜਾਧੜ ਹੋ ਰਹੇ ਮਾਮਲਿਆਂ ’ਤੇ ਤਿੰਨ ਦਿਨ ਪਹਿਲਾਂ ਲਗਾਮ ਲਗਾਉਣ ਤੋਂ ਬਾਅਦ ਹੁਣ ਪੰਜਾਬ ਪੁਲਸ ਨੇ ਇਕ ਹੋਰ ਸਾਵਧਾਨੀ ਵਜੋਂ ਕਦਮ ਚੁੱਕਿਆ ਹੈ। ਅੰਮ੍ਰਿਤਸਰ ਜ਼ਿਲ੍ਹੇ 'ਚ ਇਕ ਛੋਟੇ ਬੱਚੇ ਖ਼ਿਲਾਫ਼ ਹਥਿਆਰਾਂ ਨੂੰ ਪ੍ਰਮੋਟ ਕਰਨ ਸਬੰਧੀ ਕੇਸ ਦਰਜ ਹੋਣ ਦੇ ਮਾਮਲੇ ਤੋਂ ਸਬਕ ਲੈਂਦਿਆਂ ਹੁਣ ਸਾਰੇ ਪੁਲਸ ਕਮਿਸ਼ਨਰਾਂ ਤੇ ਐੱਸ. ਐੱਸ. ਪੀਜ਼ ਨੂੰ ਨਿਰਦੇਸ਼ ਦਿੱਤੇ ਗਏ ਹਨ ਕਿ ਗਲੋਰੀਫਿਕੇਸ਼ਨ ਆਫ਼ ਵੈਪਨਜ਼ ਦੀ ਸ਼ਿਕਾਇਤ ਮਿਲਣ ਤੋਂ ਬਾਅਦ ਉਸ ਦੇ ਸਾਰੇ ਪਹਿਲੂਆਂ ਤੇ ਤੱਥਾਂ ਦੀ ਜਾਂਚ ਕੀਤੀ ਜਾਵੇ। ਇਸ ਤੋਂ ਬਾਅਦ ਹੀ ਮਾਮਲਾ ਦਰਜ ਕੀਤਾ ਜਾਵੇ। ਆਈ. ਜੀ. ਹੈੱਡਕੁਆਟਰ ਡਾ. ਸੁਖਚੈਨ ਸਿੰਘ ਗਿੱਲ ਨੇ ਕਿਹਾ ਕਿ ਸਰਕਾਰ ਵੱਲੋਂ ਗੰਨ ਕਲਚਰ ਨੂੰ ਰੋਕਣ ਸਬੰਧੀ ਜਾਰੀ ਕੀਤੇ ਗਏ ਹੁਕਮ ਤੋਂ ਬਾਅਦ ਲੋਕਾਂ 'ਚ ਕਈ ਤਰ੍ਹਾਂ ਦੀ ਗਲਤ ਜਾਣਕਾਰੀ ਫੈਲ ਗਈ ਹੈ, ਜਿਸ ’ਤੇ ਸਪੱਸ਼ਟਤਾ ਜ਼ਰੂਰੀ ਹੈ।

ਇਹ ਵੀ ਪੜ੍ਹੋ : ਨਵਜੋਤ ਸਿੱਧੂ ਜੇਲ੍ਹ 'ਚੋਂ ਜਲਦ ਹੋ ਸਕਦੇ ਨੇ ਰਿਹਾਅ! ਮੀਡੀਆ ਸਲਾਹਕਾਰ ਡੱਲਾ ਨੇ ਕੀਤਾ ਟਵੀਟ

ਉਨ੍ਹਾਂ ਕਿਹਾ ਕਿ ਗੰਨ ਕਲਚਰ ਨੂੰ ਰੋਕਣ ਲਈ ਕਈ ਕਦਮ ਚੁੱਕੇ ਜਾ ਰਹੇ ਹਨ ਪਰ ਇਸ ਦਾ ਇਹ ਮਤਲਬ ਨਹੀਂ ਹੈ ਕਿ ਪੁਲਸ ਕੇਸ ਹੀ ਦਰਜ ਕਰਦੀ ਜਾਵੇਗੀ। ਉਨ੍ਹਾਂ ਕਿਹਾ ਕਿ ਇੰਝ ਹੀ ਇਕ ਘਟਨਾਕ੍ਰਮ 'ਚ ਗਲਤੀ ਸਾਹਮਣੇ ਆਉਣ ’ਤੇ ਸਬੰਧਿਤ ਪੁਲਸ ਮੁਲਾਜ਼ਮ ਖ਼ਿਲਾਫ਼ ਵਿਭਾਗੀ ਐਕਸ਼ਨ ਲਿਆ ਗਿਆ ਹੈ। ਉਸ ਤੋਂ ਬਾਅਦ ਸਾਰੇ ਜ਼ਿਲ੍ਹਿਆਂ ਦੇ ਐੱਸ. ਐੱਸ. ਪੀਜ਼ ਤੇ ਪੁਲਸ ਕਮਿਸ਼ਨਰਾਂ ਨੂੰ ਨਿਰਦੇਸ਼ ਦਿੱਤਾ ਗਿਆ ਹੈ ਕਿ ਹਥਿਆਰਾਂ ਦੇ ਖ਼ਿਲਾਫ਼ ਸਖ਼ਤੀ ਜ਼ਰੂਰੀ ਹੈ ਪਰ ਐੱਫ. ਆਈ. ਆਰ. ਦਰਜ ਕਰਨ ਤੋਂ ਪਹਿਲਾਂ ਇਹ ਜ਼ਰੂਰ ਤੈਅ ਕਰ ਲਿਆ ਜਾਵੇ ਕਿ ਅਸਲੀਅਤ 'ਚ ਕਾਨੂੰਨ ਦਾ ਉਲੰਘਣ ਹੋਇਆ ਹੈ ਤੇ ਸਬੰਧਿਤ ਵਿਅਕਤੀ ਦੀ ਨੀਅਤ ਵੀ ਹਥਿਆਰਾਂ ਦੇ ਦਿਖਾਵੇ ਦੀ ਹੈ।

ਇਹ ਵੀ ਪੜ੍ਹੋ : ਪੰਜਾਬ ਦੇ ਸਾਬਕਾ DGP ਸੈਣੀ SIT ਅੱਗੇ ਨਹੀਂ ਹੋਏ ਪੇਸ਼, ਭੇਜਿਆ ਗਿਆ ਸੀ ਸੰਮਨ
ਲਾਇਸੈਂਸ ਧਾਰਕਾਂ ਨੂੰ ਆਰਮਜ਼ ਐਕਟ ਦੀ ਕਰਨੀ ਪਵੇਗੀ ਪਾਲਣਾ
ਹਥਿਆਰਾਂ ਨੂੰ ਲੈ ਕੇ ਚੱਲਣ ਦੇ ਮਾਮਲੇ 'ਚ ਪੁੱਛੇ ਜਾਣ ਸਬੰਧੀ ਆਈ. ਜੀ. ਗਿੱਲ ਨੇ ਕਿਹਾ ਕਿ ਹਥਿਆਰ ਨੂੰ ਲੈ ਕੇ ਚੱਲਣ ’ਤੇ ਵੀ ਕੋਈ ਪਾਬੰਦੀ ਨਹੀਂ ਹੈ ਪਰ ਲਾਇਸੈਂਸ ਧਾਰਕਾਂ ਤੋਂ ਆਰਮਜ਼ ਐਕਟ ਦੇ ਪਾਲਣ ਦੀ ਉਮੀਦ ਕੀਤੀ ਜਾਂਦੀ ਹੈ, ਕਿਉਂਕਿ ਜੇਕਰ ਛੋਟਾ ਹਥਿਆਰ ਭਾਵ ਕਿ ਪਿਸਤੌਲ ਜਾਂ ਰਿਵਾਲਵਰ ਹੈ ਤਾਂ ਉਸ ਨੂੰ ਕਮਰ ’ਤੇ ਲਗਾਇਆ ਜਾਣਾ ਚਾਹੀਦਾ ਹੈ, ਜਦੋਂ ਕਿ ਜੇਕਰ ਬੰਦੂਕ ਜਾਂ ਰਾਈਫ਼ਲ ਨਾਲ ਲਿਜਾਈ ਜਾ ਰਹੀ ਹੈ ਤਾਂ ਉਸ ਦਾ ਸਲੀਕਾ ਵੀ ਡਿਫੈਂਸਿਵ ਹੋਣਾ ਚਾਹੀਦਾ ਹੈ ਨਾ ਕਿ ਹਮਲਾਵਰ।
ਹੁਣ ਤੱਕ 137 ਐੱਫ. ਆਈ. ਆਰ. ਦਰਜ
ਇਕ ਸਵਾਲ ਦੇ ਜਵਾਬ 'ਚ ਡਾ. ਗਿੱਲ ਨੇ ਕਿਹਾ ਕਿ ਹਥਿਆਰਾਂ ਦੀ ਗਲੋਰੀਫਿਕੇਸ਼ਨ ਰੋਕਣ ਸਬੰਧੀ ਹੁਕਮ ਜਾਰੀ ਹੋਣ ਤੋਂ ਬਾਅਦ ਤੋਂ ਹੁਣ ਤੱਕ ਸੂਬੇ ਭਰ 'ਚ ਕੁੱਲ 137 ਐੱਫ. ਆਈ. ਆਰ. ਦਰਜ ਕੀਤੀਆਂ ਗਈਆਂ ਹਨ। ਇਸ ਤੋਂ ਇਲਾਵਾ ਇਕ ਐੱਫ. ਆਈ. ਆਰ. ਗਾਣੇ ਜਾਂ ਫ਼ਿਲਮ ਰਾਹੀਂ ਗੰਨ ਕਲਚਰ ਨੂੰ ਪ੍ਰਮੋਟ ਕਰਨ ਸਬੰਧੀ ਦਰਜ ਕੀਤੀ ਗਈ ਹੈ। ਉੱਥੇ ਹੀ ਨਫ਼ਰਤ ਫੈਲਾਉਣ ਵਾਲੇ ਭਾਸ਼ਣਾਂ ਦੇ 5 ਮਾਮਲੇ ਦਰਜ ਕੀਤੇ ਗਏ। ਇਕ ਹੋਰ ਸਵਾਲ ਦੇ ਜਵਾਬ ਵਿਚ ਡਾ. ਗਿੱਲ ਨੇ ਕਿਹਾ ਕਿ ਸੂਬੇ 'ਚ ਹਥਿਆਰ ਲਾਇਸੈਂਸ ਬਣਾਉਣ ’ਤੇ ਕਿਸੇ ਵੀ ਤਰ੍ਹਾਂ ਦੀ ਪਾਬੰਦੀ ਨਹੀਂ ਲਗਾਈ ਗਈ ਹੈ। ਹਾਂ ਇੰਨਾ ਜ਼ਰੂਰ ਹੈ ਕਿ ਸੂਬੇ ਭਰ 'ਚ ਮੌਜੂਦ ਕਰੀਬ ਸਾਢੇ ਤਿੰਨ ਲੱਖ ਹਥਿਆਰ ਲਾਇਸੈਂਸ ਧਾਰਕਾਂ ਦੀ ਵੈਰੀਫਿਕੇਸ਼ਨ ਕੀਤੀ ਜਾ ਰਹੀ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


author

Babita

Content Editor

Related News