ਪੰਜਾਬ ਲਈ ਫਿਰ ਖਤਰੇ ਦੀ ਘੰਟੀ, ਹਥਿਆਰਾਂ ਦੀ ਤਸਕਰੀ ''ਚ ਤੇਜ਼ੀ

Wednesday, Oct 09, 2019 - 06:52 PM (IST)

ਪੰਜਾਬ ਲਈ ਫਿਰ ਖਤਰੇ ਦੀ ਘੰਟੀ, ਹਥਿਆਰਾਂ ਦੀ ਤਸਕਰੀ ''ਚ ਤੇਜ਼ੀ

ਚੰਡੀਗੜ੍ਹ : ਪਹਿਲਾਂ ਹੀ ਨਸ਼ੇ ਦਾ ਸੰਤਾਪ ਹੰਢਾਅ ਰਹੇ ਪੰਜਾਬ ਵਿਚ ਹੁਣ ਹਥਿਆਰਾਂ ਦੀ ਤਸਕਰੀ ਵੀ ਤੇਜ਼ ਹੋ ਗਈ ਹੈ। ਨਸ਼ਾ ਤਸਕਰੀ ਤੋਂ ਚਿੰਤਤ ਪੰਜਾਬ ਦੀਆਂ ਸੁਰੱਖਿਆ ਏਜੰਸੀਆਂ ਵੱਡੇ ਪੱਧਰ 'ਤੇ ਹੋ ਰਹੀ ਹਥਿਆਰਾਂ ਦੀ ਤਸਕਰੀ ਰੋਕਣ ਲਈ ਵੀ ਪੱਬਾਂ ਭਾਰ ਹੋ ਗਈ ਹੈ। ਸਰਹੱਦ ਪਾਰੋ ਐੱਮ. ਪੀ. 9 ਅਤੇ ਐੱਮ. ਪੀ. 5 ਸਬਮਸ਼ੀਨਗੰਨਾਂ ਦੀ ਤਸਕਰੀ ਹੋ ਰਹੀ ਹੈ। ਬੀਤੇ ਢਾਈ ਸਾਲਾਂ ਵਿਚ ਲਗਭਗ 200 ਤੋਂ ਵੱਧ ਆਧੁਨਿਕ ਹਥਿਆਰ ਫੜੇ ਜਾ ਚੁੱਕੇ ਹਨ ਜਿਨ੍ਹਾਂ ਵਿਚ ਕੁਝ ਖਾਸ ਕਿਸਮ ਦੇ ਹਥਿਆਰ ਵੀ ਸ਼ਾਮਲ ਹਨ। 

ਇਕ ਸੀਨੀਅਰ ਪੁਲਸ ਅਧਿਕਾਰੀ ਮੁਤਾਬਕ ਹਥਿਆਰ ਤਸਕਰੀ ਵਿਚ ਤੇਜ਼ੀ ਚਿੰਤਾ ਦਾ ਵਿਸ਼ਾ ਹੈ। ਇਸ ਤੋਂ ਪਹਿਲਾਂ ਸਰਹੱਦ ਪਾਰੋਂ ਹਥਿਆਰਾਂ ਦੀ ਤਸਕਰੀ ਦੀਆਂ ਕੁਝ ਘਟਨਾਵਾਂ ਵਾਪਰੀਆਂ ਸਨ। ਪੰਜਾਬ ਵਿਚ ਹਥਿਆਰਾਂ ਦੀ ਤਸਕਰੀ ਅਤੇ ਪਾਕਿ ਆਧਾਰਤ ਗਰੁੱਪਾਂ ਵੱਲੋਂ ਪੰਜਾਬ ਦੇ ਅੰਦਰੂਨੀ ਹਿੱਸਿਆਂ ਵਿਚ ਹਥਿਆਰ ਸੁੱਟਣ ਲਈ ਕੀਤੀ ਗਈ ਡਰੋਨਾਂ ਦੀ ਵਰਤੋਂ ਨੇ ਕੇਂਦਰ ਦਾ ਧਿਆਨ ਵੀ ਖਿੱਚਿਆ ਹੈ। 10 ਕਿਲੋ ਤਕ ਭਾਰ ਲਿਜਾਣ ਦੀ ਸਮਰੱਥਾ ਰੱਖਣ ਵਾਲੇ ਡਰੋਨਾਂ ਨੇ ਸਤੰਬਰ ਦੀ ਸ਼ੁਰੂਆਤ ਵਿਚ ਪੰਜ ਵਾਰ ਪੰਜਾਬ ਵਿਚ ਦਾਖਲ ਹੋਣ ਦੀ ਕੋਸ਼ਿਸ਼ ਕੀਤੀ ਅਤੇ ਹਥਿਆਰ ਸੁੱਟੇ। ਪੰਜਾਬ ਪੁਲਸ ਦੇ ਰਿਕਾਰਡ ਅਨੁਸਾਰ 2017 ਤੋਂ ਹੁਣ ਤਕ 151 ਪਿਸਤੌਲਾਂ ਅਤੇ ਰਿਵਾਲਵਰਾਂ ਤੋਂ ਇਲਾਵਾ 50 ਏ. ਕੇ. 47 ਅਤੇ ਏ. ਕੇ. 56 ਰਾਈਫਲਾਂ, ਸਬ ਮਸ਼ੀਨਗਨ ਅਤੇ ਕੁਝ ਹੋਰ ਬੰਦੂਕਾਂ ਬਰਾਮਦ ਹੋਈਆਂ ਹਨ। ਇਸ ਤੋਂ ਇਲਾਵਾ 320 ਕਿਲੋ ਆਰ. ਡੀ. ਐਕਸ. ਵੀ ਬਰਾਮਦ ਹੋਇਆ ਹੈ। ਇਹ ਹਥਿਆਰ 29 ਦਹਿਸ਼ਤੀ ਕਾਰਵਾਈਆਂ ਲਈ ਵਰਤੇ ਜਾਣੇ ਸਨ। ਇਨ੍ਹਾਂ ਹਥਿਆਰਾਂ ਸਮੇਤ 147 ਦਹਿਸ਼ਤਗਰਦਾਂ ਨੂੰ ਵੀ ਕਾਬੂ ਕੀਤਾ ਗਿਆ ਜਿਨ੍ਹਾਂ ਵਿਚ ਜ਼ਿਆਦਾਤਰ ਨੌਜਵਾਨ ਹਨ। ਇਸ ਨੂੰ ਸੁਰੱਖਿਆ ਏਜੰਸੀਆਂ ਦੀ ਮੁਸਤੈਦੀ ਹੀ ਕਿਹਾ ਜਾ ਸਕਦਾ ਹੈ ਕਿ ਕੋਈ ਵੀ ਵੱਡੀ ਘਟਨਾ ਨਹੀਂ ਵਾਪਰੀ।

ਸੁਰੱਖਿਆ ਅਧਿਕਾਰੀਆਂ ਨੇ ਦੱਸਿਆ ਕਿ ਸੂਬੇ ਵਿਚ ਤਸਕਰੀ ਚਿੰਤਾ ਦਾ ਇਕ ਵਿਸ਼ਾ ਹੈ। ਦੂਜਾ ਵਿਸ਼ਾ ਕਸ਼ਮੀਰੀ ਅੱਤਵਾਦੀਆਂ ਦੇ ਨਾਲ-ਨਾਲ ਖਾਲਿਸਤਾਨ ਪੱਖੀ ਲਹਿਰ ਦੇ ਪੰਜਾਬ ਆਧਾਰਤ ਸਰਹੱਦੀ ਲੋਕ ਜਾਂ ਸਲੀਪਰ ਸੈੱਲ ਹਨ। ਪੁਲਸ ਨੇ ਭਾਵੇਂ ਸਾਂਝੀ ਕਾਰਵਾਈ ਕੀਤੀ ਹੈ ਪਰ ਉਨ੍ਹਾਂ ਇਸ ਗੱਲ ਦਾ ਖੁਲਾਸਾ ਨਹੀਂ ਕੀਤਾ ਕਿ ਪੰਜਾਬ ਵਿਚ ਕਿਸ ਰਸਤਿਓਂ ਤਸਕਰੀ ਹੁੰਦੀ ਹੈ। ਕਠੂਆ ਅਤੇ ਜੰਮੂ ਵਿਚ ਤਿੰਨ ਦਹਿਸ਼ਤਗਰਦਾਂ ਤੋਂ ਕਈ ਏਕੇ-47 ਰਾਈਫਲਾਂ ਮਿਲਣ ਤੋਂ ਬਾਅਦ ਇਸ਼ਾਰਾ ਕੀਤਾ ਗਿਆ ਸੀ ਕਿ ਉਨ੍ਹਾਂ ਨੂੰ ਪੰਜਾਬ ਵਿਚੋਂ ਹੀ ਕਿਤਿਓਂ ਇਹ ਹਥਿਆਰ ਮਿਲੇ ਸਨ। ਇਸ ਦਾ ਖੁਲਾਸਾ ਹੋਣ ਦੇ ਇਕ ਮਹੀਨੇ ਬਾਅਦ ਵੀ ਪੰਜਾਬ ਅਤੇ ਜੰਮੂ ਪੁਲਸ ਇਨ੍ਹਾਂ ਹਥਿਆਰਾਂ ਬਾਰੇ ਕੋਈ ਸਬੂਤ ਹਾਸਲ ਨਹੀਂ ਕਰ ਸਕੀ। ਡੀ. ਜੀ. ਪੀ. ਦਿਨਕਰ ਗੁਪਤਾ ਨੇ ਕਿਹਾ ਕਿ ਏਜੰਸੀਆਂ ਅਤੇ ਵਿਦੇਸ਼ ਵਿਚ ਰਹਿੰਦੇ ਰਾਸ਼ਟਰ ਵਿਰੋਧੀ ਲੋਕ ਸਮੱਸਿਆ ਪੈਦਾ ਕਰਨਾ ਚਾਹੁੰਦੇ ਹਨ ਪਰ ਸੁਰੱਖਿਆ ਏਜੰਸੀਆਂ ਦੀ ਚੌਕਸੀ ਨੇ ਉਨ੍ਹਾਂ ਦੀਆਂ ਕੋਸ਼ਿਸ਼ਾਂ ਅਸਫਲ ਕਰ ਦਿੱਤੀਆਂ ਹਨ।


author

Gurminder Singh

Content Editor

Related News