ਹਥਿਆਰਾਂ ਦੀ ਨੋਕ ’ਤੇ ਲੁੱਟ-ਖੋਹ ਕਰਨ ਵਾਲੇ ਗਿਰੋਹ ਦੇ 2 ਮੈਂਬਰ ਕਾਬੂ
Wednesday, Dec 13, 2023 - 05:56 PM (IST)
ਫਿਰੋਜ਼ਪੁਰ/ਮੱਲਾਂਵਾਲਾ (ਕੁਮਾਰ, ਮਲਹੋਤਰਾ, ਪਰਮਜੀਤ, ਖੁੱਲਰ, ਆਨੰਦ, ਜ. ਬ.) : ਫਿਰੋਜ਼ਪੁਰ ਜ਼ਿਲ੍ਹੇ ਵਿਚ ਸਮਾਜ ਵਿਰੋਧੀ ਅਨਸਰਾਂ ਖਿਲਾਫ ਵਿੱਢੀ ਗਈ ਮੁਹਿੰਮ ਦੇ ਤਹਿਤ ਏ. ਐੱਸ. ਆਈ. ਗੁਰਦੀਪ ਸਿੰਘ ਦੀ ਅਗਵਾਈ ਹੇਠ ਥਾਣਾ ਮੱਲਾਂਵਾਲਾ ਦੀ ਪੁਲਸ ਨੇ ਪਿਸਤੌਲ ਦੀ ਨੋਕ ’ਤੇ ਲੁੱਟ-ਖੋਹ ਕਰਨ ਵਾਲੇ ਇਕ ਗਿਰੋਹ ਦੇ 2 ਮੈਂਬਰਾਂ ਨੂੰ ਕਾਬੂ ਕੀਤਾ ਹੈ, ਜਿਨ੍ਹਾਂ ਪਾਸੋਂ 2 ਦੇਸੀ ਪਿਸਤੌਲ, ਜ਼ਿੰਦਾ ਕਾਰਤੂਸ ਅਤੇ 2 ਮੋਟਰਸਾਈਕਲ ਬਰਾਮਦ ਕੀਤੇ ਗਏ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਐੱਸ. ਪੀ. ਇਨਵੈਸਟੀਗੇਸ਼ਨ ਫਿਰੋਜ਼ਪੁਰ ਰਣਧੀਰ ਕੁਮਾਰ ਨੇ ਦੱਸਿਆ ਕਿ ਜਦੋਂ ਏ. ਐੱਸ. ਆਈ. ਗੁਰਦੀਪ ਸਿੰਘ ਦੀ ਅਗਵਾਈ ਹੇਠ ਥਾਣਾ ਮੱਲਾਂਵਾਲਾ ਦੀ ਪੁਲਸ ਗਸ਼ਤ ਅਤੇ ਸ਼ੱਕੀ ਵਿਅਕਤੀਆਂ ਦੀ ਚੈਕਿੰਗ ਕਰਦੇ ਹੋਏ ਬਿਜਲੀ ਘਰ ਦੇ ਨਜ਼ਦੀਕ ਪਹੁੰਚੀ ਤਾਂ ਉਨ੍ਹਾਂ ਨੂੰ ਇਹ ਗੁਪਤ ਸੂਚਨਾ ਮਿਲੀ ਕਿ ਗੋਬਿੰਦਾ ਪੁੱਤਰ ਸੋਹਣ ਲਾਲ, ਮਾਈਕਲ, ਲਾਡੀ, ਪ੍ਰਿੰਸ ਪੁੱਤਰ ਮੁਕੱਦਰ ਅਤੇ ਹੈਪੀ ਪੁੱਤਰ ਜੀਤਾ ਵਾਸੀ ਮੱਲਾਂਵਾਲਾ ਨੇ ਇਕ ਗਿਰੋਹ ਬਣਾਇਆ ਹੋਇਆ ਹੈ, ਜਿਨ੍ਹਾਂ ਕੋਲ ਹਥਿਆਰ ਹਨ ਅਤੇ ਹਥਿਆਰਾਂ ਦੀ ਨੋਕ ’ਤੇ ਲੁੱਟ-ਖੋਹ ਕਰਦੇ ਹਨ, ਜੋ ਇਸ ਸਮੇਂ ਦਾਣਾ ਮੰਡੀ ਮੱਲਾਂਵਾਲਾ ਵਿਖੇ 2 ਮੋਟਰਸਾਈਕਲਾਂ ’ਤੇ ਹਥਿਆਰਾਂ ਨਾਲ ਲੈਸ ਹੋ ਕੇ ਕਿਸੇ ਲੁੱਟ ਦੀ ਵੱਡੀ ਘਟਨਾ ਨੂੰ ਅੰਜਾਮ ਦੇਣ ਦੀ ਤਿਆਰੀ ਕਰ ਰਹੇ ਹਨ।
ਇਸ ਸੂਚਨਾ ਦੇ ਆਧਾਰ ’ਤੇ ਪੁਲਸ ਪਾਰਟੀ ਵਲੋਂ ਦੱਸੇ ਗਏ ਸਥਾਨ ’ਤੇ ਤੁਰੰਤ ਛਾਪਾਮਾਰੀ ਕੀਤੀ ਗਈ, ਜਿੱਥੋਂ ਪੁਲਸ ਨੇ ਗੋਬਿੰਦਾ ਅਤੇ ਪ੍ਰਿੰਸ ਨੂੰ ਕਾਬੂ ਕਰ ਲਿਆ ਜਦਕਿ ਉਨ੍ਹਾਂ ਦੇ ਹੋਰ ਸਾਥੀ ਪੁਲਸ ਨੂੰ ਦੇਖ ਕੇ ਭੱਜ ਗਏ। ਪੁਲਸ ਵਲੋਂ ਤਲਾਸ਼ੀ ਲੈਣ ’ਤੇ ਇਨ੍ਹਾਂ ਲੁਟੇਰਿਆਂ ਕੋਲੋਂ ਇਕ 32 ਬੋਰ ਦਾ ਦੇਸੀ ਪਿਸਤੌਲ ਅਤੇ 3 ਜ਼ਿੰਦਾ ਕਾਰਤੂਸ, ਇਕ 315 ਬੋਰ ਦੇਸੀ ਪਿਸਤੌਲ ਸਮੇਤ 2 ਜ਼ਿੰਦਾ ਕਾਰਤੂਸ ਅਤੇ 2 ਮੋਟਰਸਾਈਕਲ ਬਰਾਮਦ ਹੋਏ। ਐੱਸ. ਪੀ. ਰਣਧੀਰ ਕੁਮਾਰ ਨੇ ਦੱਸਿਆ ਕਿ ਕਾਬੂ ਕੀਤੇ ਗਏ ਲੁਟੇਰਾ ਗਿਰੋਹ ਦੇ ਮੈਂਬਰਾਂ ਤੋਂ ਪੁਲਸ ਵਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਅਤੇ ਇਨ੍ਹਾਂ ਸਾਰੇ ਨਾਮਜ਼ਦ ਲੁਟੇਰਿਆਂ ਖ਼ਿਲਾਫ ਥਾਣਾ ਮੱਲਾਂਵਾਲਾ ਵਿਖੇ ਮਾਮਲਾ ਦਰਜ ਕਰ ਲਿਆ ਗਿਆ ਹੈ। ਪੁਲਸ ਵਲੋਂ ਫਰਾਰ ਹੋਏ ਲੁਟੇਰਿਆਂ ਨੂੰ ਫੜਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।