ਹਥਿਆਰਾਂ ਦੇ ਜਾਅਲੀ ਲਾਇਸੈਂਸ ਬਣਾਉਣ ਵਾਲਾ ਮੁਲਜ਼ਮ ਗ੍ਰਿਫਤਾਰ, ਕਈ ਖੁਲਾਸੇ ਹੋਣ ਦੀ ਉਮੀਦ

Wednesday, Dec 06, 2017 - 12:03 PM (IST)

ਹਥਿਆਰਾਂ ਦੇ ਜਾਅਲੀ ਲਾਇਸੈਂਸ ਬਣਾਉਣ ਵਾਲਾ ਮੁਲਜ਼ਮ ਗ੍ਰਿਫਤਾਰ, ਕਈ ਖੁਲਾਸੇ ਹੋਣ ਦੀ ਉਮੀਦ

ਮੋਹਾਲੀ (ਰਾਣਾ) : ਫੇਜ਼-1 ਥਾਣਾ ਪੁਲਸ ਨੇ ਵੱਡੀ ਕਾਮਯਾਬੀ ਹਾਸਲ ਕਰਦੇ ਹੋਏ 6 ਮਹੀਨਿਆਂ ਤੋਂ ਫਰਾਰ ਚੱਲ ਰਹੇ ਹਥਿਆਰਾਂ ਦੇ ਜਾਅਲੀ ਲਾਇਸੈਂਸ ਬਣਾਉਣ ਵਾਲੇ ਮੁਲਜ਼ਮ ਨੂੰ ਗ੍ਰਿਫਤਾਰ ਕੀਤਾ ਹੈ, ਜਿਸ ਤੋਂ ਬਾਅਦ ਪੁਲਸ ਨੇ ਮੁਲਜ਼ਮ ਨੂੰ ਕੋਰਟ ਵਿਚ ਪੇਸ਼ ਕੀਤਾ, ਜਿਥੋਂ ਉਸ ਨੂੰ 3 ਦਿਨਾਂ ਦੇ ਪੁਲਸ ਰਿਮਾਂਡ 'ਤੇ ਭੇਜ ਦਿੱਤਾ। ਉਥੇ ਹੀ ਪੁਲਸ ਦਾ ਕਹਿਣਾ ਹੈ ਕਿ ਮੁਲਜ਼ਮ ਕੋਲੋਂ ਕਈ ਵੱਡੇ ਖੁਲਾਸੇ ਸਾਹਮਣੇ ਆਉਣਗੇ । ਮੁਲਜ਼ਮ ਦੀ ਪਛਾਣ ਅੰਮ੍ਰਿਤਸਰ ਨਿਵਾਸੀ ਅਵਤਾਰ ਸਿੰਘ ਦੇ ਰੂਪ ਵਿਚ ਹੋਈ ਹੈ ।
ਇਸ ਤਰ੍ਹਾਂ ਦਬੋਚਿਆ ਮੁਲਜ਼ਮ
ਫੇਜ਼-6 ਚੌਕੀ ਪੁਲਸ ਨੇ ਕੁਝ ਸਮਾਂ ਪਹਿਲਾਂ ਪਿੰਡ ਤੀੜਾ ਨਿਵਾਸੀ ਕੁਲਵੀਰ ਨੂੰ ਗ੍ਰਿਫਤਾਰ ਕੀਤਾ ਸੀ, ਜਿਸ ਕੋਲੋਂ ਹਥਿਆਰ ਬਰਾਮਦ ਹੋਏ ਸਨ ਤੇ ਜਾਂਚ ਕਰਨ ਤੋਂ ਬਾਅਦ ਪਤਾ ਲੱਗਾ ਸੀ ਕਿ ਉਹ ਹਥਿਆਰ ਜਾਅਲੀ ਲਾਇਸੈਂਸ 'ਤੇ ਲਏ ਗਏ ਹਨ । ਮੁਲਜ਼ਮ ਕੁਲਵੀਰ ਨੇ ਰਿਮਾਂਡ ਦੌਰਾਨ ਖੁਲਾਸਾ ਕੀਤਾ ਸੀ ਕਿ ਉਹ ਅੰਮ੍ਰਿਤਸਰ ਦੇ ਇਕ ਗੰਨ ਹਾਉੂਸ ਤੋਂ ਹਥਿਆਰ ਲੈ ਕੇ ਆਉਂਦਾ ਹੈ । ਉਸੇ ਸਮੇਂ ਤੋਂ ਪੁਲਸ ਨੇ ਅੰਮ੍ਰਿਤਸਰ ਦੇ ਅਵਤਾਰ ਦੀ ਭਾਲ ਵਿਚ ਛਾਪੇਮਾਰੀ ਸ਼ੁਰੂ ਕਰ ਦਿੱਤੀ ਪਰ ਉਸ ਦਾ ਕੋਈ ਸੁਰਾਗ ਹੱਥ ਨਹੀਂ ਲੱਗਾ। ਕੁਝ ਦਿਨ ਪਹਿਲਾਂ ਹੀ ਪੁਲਸ ਨੂੰ ਪਤਾ ਲੱਗਾ ਕਿ ਮੁਲਜ਼ਮ ਅਵਤਾਰ ਮੋਹਾਲੀ ਵਿਚ ਵਿਖਾਈ ਦਿੱਤਾ ਹੈ, ਜਿਸ ਤੋਂ ਬਾਅਦ ਪੁਲਸ ਦੇ ਅਫਸਰਾਂ ਨੇ ਫੇਜ਼-6 ਚੌਕੀ ਇੰਚਾਰਜ ਦੀ ਅਗਵਾਈ ਵਿਚ ਇਕ ਟੀਮ ਬਣਾਈ ਤੇ ਮੋਹਾਲੀ ਵਿਚ ਪੁਲਸ ਟੀਮ ਨੇ ਛਾਪੇਮਾਰੀ ਸ਼ੁਰੂ ਕਰ ਦਿੱਤੀ, ਜਿਸ 'ਤੇ ਪੁਲਸ ਨੇ ਅਵਤਾਰ ਨੂੰ ਗ੍ਰਿਫਤਾਰ ਕਰ ਲਿਆ।
ਕਈ ਲੋਕਾਂ ਨੂੰ ਜਾਅਲੀ ਲਾਇਸੈਂਸ ਬਣਾ ਕੇ ਦਿੱਤੇ
ਪੁਲਸ ਜਾਂਚ ਵਿਚ ਸਾਹਮਣੇ ਆਇਆ ਕਿ ਮੁਲਜ਼ਮ ਦਾ ਅੰਮ੍ਰਿਤਸਰ ਵਿਚ ਆਪਣਾ ਗੰਨ ਹਾਉੂਸ ਹੈ, ਜਿਥੋਂ ਉਹ ਆਪਣਾ ਧੰਦਾ ਚਲਾ ਰਿਹਾ ਹੈ । ਹਥਿਆਰ ਦੇਣ ਦੇ ਨਾਲ-ਨਾਲ ਮੁਲਜ਼ਮ ਉਨ੍ਹਾਂ ਦੇ ਜਾਅਲੀ ਲਾਇਸੈਂਸ ਵੀ ਬਣਵਾ ਕੇ ਦਿੰਦਾ ਸੀ । ਟਰਾਈਸਿਟੀ ਵਿਚ ਵੀ ਮੁਲਜ਼ਮ ਨੇ ਕਾਫੀ ਪਹੁੰਚ ਬਣਾਈ ਹੋਈ ਹੈ, ਜਿਸ ਕਾਰਨ ਲੋਕ ਉਸ ਤੋਂ ਹਥਿਆਰ ਲੈਣ ਲਈ ਅੰਮ੍ਰਿਤਸਰ ਪਹੁੰਚ ਜਾਂਦੇ ਸਨ ।
ਅੰਮ੍ਰਿਤਸਰ ਜਾਵੇਗੀ ਪੁਲਸ
ਜਾਣਕਾਰੀ ਅਨੁਸਾਰ ਅੰਮ੍ਰਿਤਸਰ ਸਥਿਤ ਗੰਨ ਹਾਊਸ ਵਿਚ ਰੇਡ ਕਰਨ ਲਈ ਪੁਲਸ ਟੀਮ ਬੁੱਧਵਾਰ ਜਾਵੇਗੀ ਤੇ ਉਥੋਂ ਜਿੰਨੇ ਵੀ ਹਥਿਆਰ ਤੇ ਕਾਗਜ਼-ਪੱਤਰ ਮਿਲਣਗੇ, ਨੂੰ ਕਬਜ਼ੇ ਵਿਚ ਲੈ ਲਿਆ ਜਾਵੇਗਾ, ਨਾਲ ਹੀ ਨੇੜੇ-ਤੇੜੇ ਦੇ ਲੋਕਾਂ ਤੋਂ ਵੀ ਪੁੱਛਗਿੱਛ ਕੀਤੀ ਜਾਵੇਗੀ । ਪੁਲਸ ਨੂੰ ਮੁਲਜ਼ਮ ਅਵਤਾਰ ਦੇ ਨਾਲ ਹੋਰ ਮੁਲਜ਼ਮਾਂ ਦੇ ਲਿੰਕ ਹੋਣ ਦਾ ਸ਼ੱਕ ਹੈ ਤੇ ਪੁਲਸ ਨੇ ਉਸ ਪਹਿਲੂ 'ਤੇ ਵੀ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ ।


Related News