2024 ’ਚ ਖੁੱਡੇ ਲਾਵਾਂਗੇ ਸਾਰੀਆਂ ਵਿਰੋਧੀ ਪਾਰਟੀਆਂ : ਫਤਿਹ ਬਾਜਵਾ

Thursday, Dec 08, 2022 - 05:24 PM (IST)

2024 ’ਚ ਖੁੱਡੇ ਲਾਵਾਂਗੇ ਸਾਰੀਆਂ ਵਿਰੋਧੀ ਪਾਰਟੀਆਂ : ਫਤਿਹ ਬਾਜਵਾ

ਜਲੰਧਰ (ਰਮਨਦੀਪ ਸੋਢੀ) : ਪੰਜਾਬ ਵਿਚ ਵਿਕਾਸ, ਪਾਣੀ ਦੀ ਸੰਭਾਲ, ਫਸਲੀ ਵਿਭਿੰਨਤਾ, ਐੱਮ.ਐੱਸ.ਪੀ. ਦੇ ਨਾਲ ਇੰਡਸਟਰੀ ਲੈ ਕੇ ਆਉਣ ਨਾਲ ਪੰਜਾਬ ਦਾ ਵਿਕਾਸ ਗਾਰੰਟੀ ਨਾਲ ਹੋਵੇਗਾ। ਪੰਜਾਬੀ ਅਸਲ ਵਿਚ ਚੰਗੇ ਕਾਰੋਬਾਰੀ ਹਨ। ਇਸ ਤਰ੍ਹਾਂ ਦੇ ਮੌਕੇ ਪੰਜਾਬੀਆਂ ਤੇ ਪੰਜਾਬ ਨੂੰ ਨੰਬਰ ਵਨ ਬਣਾ ਦੇਣਗੇ। ਮੌਜੂਦਾ ਸਰਕਾਰ ਇਹ ਕੰਮ ਨਹੀਂ ਕਰ ਪਾ ਰਹੀ। ਭਾਜਪਾ ਇਸ ਲਈ ਕੰਮ ਕਰੇਗੀ ਅਤੇ ਪੰਜਾਬ ਤਰੱਕੀ ਕਰੇਗਾ। ਪੰਜਾਬ ਭਾਜਪਾ ਦੀ ਕੋਰ ਕਮੇਟੀ ਵਿਚ ਸ਼ਾਮਲ ਹੋਣ ਤੋਂ ਬਾਅਦ ਸੀਨੀਅਰ ਆਗੂ ਫਤਿਹਜੰਗ ਸਿੰਘ ਬਾਜਵਾ ਨੇ ਭਾਜਪਾ ਲੀਡਰਸ਼ਿਪ ਦਾ ਧੰਨਵਾਦ ਕੀਤਾ ਹੈ। ਫਤਿਹਜੰਗ ਬਾਜਵਾ ਨੇ ਜਗ ਬਾਣੀ ਦੇ ਸੀਨੀਅਰ ਪੱਤਰਕਾਰ ਰਮਨਦੀਪ ਸੋਢੀ ਨਾਲ ਖਾਸ ਗੱਲਬਾਤ ਕਰਦਿਆਂ ਕਿਹਾ ਕਿ ਭਾਜਪਾ ਅੱਜ ਦੇੇਸ਼ ਦੀ ਸਭ ਤੋਂ ਵੱਡੀ ਪਾਰਟੀ ਬਣ ਕੇ ਉੱਭਰੀ ਹੈ, ਜਿਸ ਦੀ ਪੰਜਾਬ ਵਿਚ ਸਭ ਤੋਂ ਵੱਧ ਲੋੜ ਹੈ। ਭਾਜਪਾ ਵਲੋਂ ਸੌਂਪੀ ਗਈ ਸੂਬਾ ਕੋਰ ਕਮੇਟੀ ਮੈਂਬਰ ਵਜੋਂ ਨਵੀਂ ਜ਼ਿੰਮੇਵਾਰੀ ਤੇ ਭਾਜਪਾ ਦੇ ਪੰਜਾਬ ਵਿਚਲੇ ਅਗਲੇ ਵਿਜ਼ਨ ਬਾਰੇ ਪਾਰਟੀ ਦੇ ਆਗੂ ਫਤਿਹਜੰਗ ਸਿੰਘ ਬਾਜਵਾ ਵਲੋਂ ਜਗ ਬਾਣੀ ਨਾਲ ਵਿਸ਼ੇਸ਼ ਗੱਲਬਾਤ ਦੌਰਾਨ ਖੁੱਲ੍ਹ ਕੇ ਚਰਚਾ ਕੀਤੀ ਗਈ। ਪੇਸ਼ ਹਨ ਗੱਲਬਾਤ ਦੇ ਮੁੱਖ ਅੰਸ਼-

ਪਾਰਟੀ ਦੇ ਭਰੋਸੇ ਨੂੰ ਕਿਵੇਂ ਵੇਖਦੇ ਹੋ?
ਭਾਰਤੀ ਜਨਤਾ ਪਾਰਟੀ ਦੇਸ਼ ’ਚ ਸਭ ਤੋਂ ਵੱਡੀ ਪਾਰਟੀ ਹੈ। ਪਾਰਟੀ ਲੀਡਰਸ਼ਿਪ ਨੂੰ ਲੈ ਕੇ ਪੰਜਾਬ ਦੇ ਲੋਕਾਂ ਅੰਦਰ ਖਾਸਾ ਉਤਸ਼ਾਹ ਹੈ। ਮੈਨੂੰ ਸੰਗਠਨ ਦਾ ਉੱਪ ਪ੍ਰਧਾਨ ਬਣਾਇਆ ਗਿਆ ਹੈ ਤੇ ਸੂਬਾ ਕੋਰ ਕਮੇਟੀ ਦਾ ਮੈਂਬਰ ਚੁਣਿਆ ਗਿਆ ਹੈ। ਮੈਂ ਇਸ ਲਈ ਪਾਰਟੀ ਦਾ ਧੰਨਵਾਦੀ ਹਾਂ। ਪਾਰਟੀ ਵਲੋਂ ਪੰਜਾਬ ਦੇ ਮੁੱਦਿਆਂ ਲਈ ਫੈਸਲੇ ਲੈਣ ਵਾਲੀ ਕਮੇਟੀ ਦਾ ਮੈਂਬਰ ਚੁਣਿਆ ਜਾਣਾ ਵੱਡੀ ਗੱਲ ਹੈ। ਇਸ ਕਮੇਟੀ ਰਾਹੀਂ ਪੰਜਾਬ ਨੂੰ ਫਿਰ ਤੋਂ ਲੀਹ ’ਤੇ ਲੈ ਕੇ ਆਉਣ ਲਈ ਕੰਮ ਕੀਤਾ ਜਾ ਸਕਦਾ ਹੈ ਅਤੇ ਪੰਜਾਬ ਨੂੰ ਧੁੰਦਲੇਪਣ ਤੋਂ ਨਿਜਾਤ ਦਿਵਾ ਸਕਦੇ ਹਾਂ।

ਕੋਰ ਕਮੇਟੀ ਮੈਂਬਰਾਂ ਦੀ ਨਵੀਂ ਸੂਚੀ ’ਚ ਮਾਲਵਾ ਦੀ ਅਣਦੇਖੀ ਕਿਉਂ?
ਪਾਰਟੀ ਵਿਚ ਵਿਧਾਨ ਸਭਾ ਚੋਣਾਂ ਦੌਰਾਨ ਕਈ ਨਵੇਂ ਚਿਹਰੇ ਸ਼ਾਮਲ ਹੋਏ ਸਨ। ਭਾਜਪਾ ਨੇ ਸਿੱਖ ਚਿਹਰਿਆਂ ਨੂੰ ਵਧੇਰੇ ਮੌਕਾ ਦਿੱਤਾ ਹੈ। ਪਾਰਟੀ ਹਮੇਸ਼ਾ ਸ਼ਹਿਰੀ ਸੀਟਾਂ ’ਤੇ ਚੋਣ ਲੜਦੀ ਰਹੀ ਹੈ। ਇਸ ਵਾਰ ਵਿਧਾਨ ਸਭਾ ਚੋਣਾਂ ਮੌਕੇ ਸਾਰੀਆਂ ਸੀਟਾਂ ’ਤੇ ਉਮੀਦਵਾਰ ਉਤਾਰੇ ਗਏ ਸਨ। ਕੈਪਟਨ ਧੜੇ ਨੂੰ ਨੁਮਾਇੰਦਗੀ ਦੀਆਂ ਗੱਲਾਂ ਬੇਬੁਨਿਆਦ ਹਨ। ਮਾਲਵੇ ਵਿਚ ਕਈ ਚੰਗੇ ਚਿਹਰੇ ਹਨ, ਹਾਲੇ 2024 ਦੀਆਂ ਚੋਣਾਂ ਲਈ ਸਮਾਂ ਹੈ। ਪਾਰਟੀ ’ਚ ਕਈ ਲੀਡਰਾਂ ਦਾ ਆਉਣਾ ਬਾਕੀ ਹੈ। ਭਾਜਪਾ ਬੇਦਾਗ ਚਿਹਰਿਆਂ ਨੂੰ ਪਾਰਟੀ ’ਚ ਨੁਮਾਇੰਦਗੀ ਦੇਵੇਗੀ।

ਰਾਜਾ ਵੜਿੰਗ ਦਾ ਕਹਿਣਾ ਕਿ ਪਾਰਟੀ ਨੇ ਚੱਲੇ ਕਾਰਤੂਸ ਸ਼ਾਮਲ ਕੀਤੇ?
ਰਾਜਾ ਵੜਿੰਗ ਆਪਣੀ ਪਾਰਟੀ ਨੂੰ ਤੋੜ ਰਹੇ ਹਨ। ਰਾਹੁਲ ਗਾਂਧੀ ਤਾਂ ਇਕ ਪਾਸੇ ਕਾਂਗਰਸ ਜੋੜਨ ਲਈ ਯਾਤਰਾ ਕੱਢ ਰਹੇ ਹਨ, ਦੂਜੇ ਪਾਸੇ ਰਾਜਾ ਵੜਿੰਗ ਸੂਬੇ ਅੰਦਰ ਪਾਰਟੀ ਤੋੜਨ ਦਾ ਕੰਮ ਕਰ ਰਹੇ ਹਨ। ਪਾਰਟੀ ’ਚ ਨਵਾਂ ਤਾਂ ਕੋਈ ਨਹੀਂ ਆ ਰਿਹਾ, ਸਗੋਂ ਪੁਰਾਣੇ ਵੀ ਛੱਡ ਕੇ ਜਾ ਰਹੇ ਹਨ। ਅਸਲ ਸਿਆਣਾ ਲੀਡਰ ਉਹ ਹੁੰਦਾ ਹੈ, ਜੋ ਆਪਣੀ ਪਾਰਟੀ ਦੀ ਗੱਲ ਕਰੇ, ਦੂਜੀਆਂ ਬੇਤੁਕੀਆਂ ਗੱਲਾਂ ਵੱਲ ਧਿਆਨ ਨਾ ਦੇਵੇ। ਭਾਜਪਾ ਨੇ ਕਿਸ ਨੂੰ ਸ਼ਾਮਲ ਕੀਤਾ, ਇਹ ਪਾਰਟੀ ਨੇ ਦੇਖਣਾ। ਭਾਜਪਾ ਉਨ੍ਹਾਂ ਹੀਰਿਆਂ ਨੂੰ ਕਿਵੇਂ ਤਰਾਸ਼ੇਗੀ ਇਹ ਪਾਰਟੀ ਨੇ ਵੇਖਣਾ।

ਰਾਜਾ ਵੜਿੰਗ ’ਤੇ ਲੱਗ ਰਹੇ ਇਲਜ਼ਾਮਾਂ ਨੂੰ ਕਿਵੇਂ ਵੇਖਦੇ ਹੋ?
ਰਾਜਾ ਵੜਿੰਗ ਦਾ ਜੇਕਰ ਕੋਈ ਆਪਣਾ ਬੰਦਾ, ਜੋ ਉਸ ਦੇ ਸਭ ਤੋਂ ਨੇੜੇ ਹੈ, ਉਹ ਹੈ ਕਮਲਜੀਤ ਬਰਾੜ। ਜੇਕਰ ਉਹ ਬੰਦਾ ਇਲਜ਼ਾਮ ਲਗਾਉਂਦਾ ਹੈ ਕਿ 10 ਕਰੋੜ ਰੁਪਏ ਸਿੱਧੂ ਮੂਸੇਵਾਲਾ ਤੋਂ ਲਏ ਗਏ ਤਾਂ ਇਸਦਾ ਮਤਲਬ ਹੈ ਕਿ ਦਾਲ ਵਿਚ ਕੁਝ ਕਾਲਾ ਹੈ। ਮੈਂ ਕਿਸੇ ’ਤੇ ਕੋਈ ਇਲਜ਼ਾਮ ਨਹੀਂ ਲਗਾਉਂਦਾ, ਮੈਂ ਤਾਂ ਇਹੀ ਆਖਦਾ ਕਿ ਜੇਕਰ ਕੋਈ ਕੁਝ ਕਰੇਗਾ ਤਾਂ ਉਹੀ ਭਰੇਗਾ। ਜ਼ਿੰਦਗੀ ਤੇ ਸਿਆਸਤ ਵਿਚ ਉਹੀ ਲੋਕ ਕਾਮਯਾਬ ਨੇ ਜੋ ਬੇਦਾਗ ਹੋਣ। ਇਹੀ ਕਾਰਨ ਹੈ ਕਿ ਲੋਕਾਂ ਨੇ ਪਿਛਲੇ 10-15 ਸਾਲਾਂ ਦੀ ਸਿਆਸਤ ਤੋਂ ਤੰਗ ਆ ਕੇ ਨਵੀਂ ਪਾਰਟੀ ਨੂੰ ਜਨਮ ਦਿੱਤਾ ਹੈ।

ਮੂਸੇਵਾਲਾ ਕੇਸ ’ਚ ਗੋਲਡੀ ਬਰਾੜ ਦੀ ਗ੍ਰਿਫਤਾਰੀ ’ਤੇ ਮੁੱਖ ਮੰਤਰੀ ਦੇ ਬਿਆਨ ਮਗਰੋਂ ਭਖੇ ਸਿਆਸੀ ਮਾਹੌਲ ਨੂੰ ਤੁਸੀਂ ਕਿਵੇਂ ਵੇਖਦੇ ਹੋ?
ਮੁੱਖ ਮੰਤਰੀ ਭਗਵੰਤ ਮਾਨ ਨੇ ਜਲਦਬਾਜ਼ੀ ਵਿਚ ਆ ਕੇ ਬਿਆਨ ਦੇ ਦਿੱਤਾ ਕਿ ਗੋਲਡੀ ਬਰਾੜ ਗ੍ਰਿਫਤਾਰ ਕਰ ਲਿਆ ਗਿਆ। ਦਰਅਸਲ ਗੁਜਰਾਤ ਚੋਣਾਂ ਦੌਰਾਨ ਪੰਜਾਬ ਦੀ ਮੰਦਹਾਲੀ ਦੇ ਸਵਾਲਾਂ ਵਿਚਕਾਰ ਉਨ੍ਹਾਂ ਨੇ ਇਹ ਜਵਾਬ ਦਿੱਤਾ। ਸੀ.ਐੱਮ. ਦੇ ਇਸ ਬਿਆਨ ਦੀ ਕੋਈ ਅਧਿਕਾਰਤ ਪੁਸ਼ਟੀ ਕੇਂਦਰੀ ਏਜੰਸੀਆਂ ਨੇ ਨਹੀਂ ਕੀਤੀ। ਜੇਕਰ ਗੋਲਡੀ ਬਰਾੜ ਗ੍ਰਿਫਤਾਰ ਹੋਇਆ ਹੁੰਦਾ ਤਾਂ ਫਿਰ ਉਸ ਦੀ ਦੁਬਾਰਾ ਆਡੀਓ ਵਾਇਰਲ ਕਿਵੇਂ ਹੋਈ?

ਪੰਜਾਬ ਵਿਚ ਵਿਜੀਲੈਂਸ ਕਾਰਵਾਈ ਬਾਰੇ ਕੀ ਕਹੋਗੇ?
ਵਿਜੀਲੈਂਸ ਕਾਰਵਾਈਆਂ ਬਾਰੇ ਪੁੱਛੇ ਗਏ ਸਵਾਲ ’ਤੇ ਫਤਿਹਜੰਗ ਸਿੰਘ ਬਾਜਵਾ ਨੇ ਕਿਹਾ ਕਿ ਜੇਕਰ ਕਿਸੇ ਨੇ ਕੁਝ ਕੀਤਾ ਹੈ ਤਾਂ ਕਾਰਵਾਈ ਤਾਂ ਬਣਦੀ ਹੈ ਪਰ ਜੇਕਰ ਵਿਜੀਲੈਂਸ ਦਾ ਗਲਤ ਇਸਤੇਮਾਲ ਕਰ ਕੇ ਸਿਆਸੀ ਲੀਡਰਾਂ ’ਤੇ ਸ਼ਿਕੰਜਾ ਕੱਸਿਆ ਜਾ ਰਿਹਾ ਹੈ ਤਾਂ ਇਹ ਗਲਤ ਹੈ। ਪਾਕ-ਸਾਫ ਬੰਦੇ ਨੂੰ ਕੋਈ ਡਰ ਨਹੀਂ। ਇਸ ਲਈ ਇਲਜ਼ਾਮ ਸਾਬਤ ਨਾ ਹੋਣ ਤਕ ਇਲਜ਼ਾਮ ਹੀ ਹੁੰਦੇ ਹਨ। ਲੀਡਰਾਂ ਨੂੰ ਡਰ ਵੀ ਜ਼ਰੂਰੀ ਹੈ ਤਾਂ ਜੋ ਉਹ ਲੋਕ-ਹਿੱਤ ਦੇ ਕੰਮ ਕਰਦੇ ਰਹਿਣ।

ਕੀ ਅਕਾਲੀ ਦਲ ਨਾਲ ਗਠਜੋੜ ਹੋਵੇਗਾ?
ਇਹ ਪਾਰਟੀ ਨੇ ਫੈਸਲਾ ਲੈਣਾ ਹੈ। ਪਾਰਟੀ ਲੀਡਰਸ਼ਿਪ ਜੋ ਵੀ ਫੈਸਲਾ ਲਵੇਗੀ, ਸਭ ਨੂੰ ਮਨਜ਼ੂਰ ਹੋਵੇਗਾ। ਅਸੀਂ ਮਿਹਨਤ ਕਰ ਰਹੇ ਹਾਂ। ਪਾਰਟੀ ਪਿੰਡਾਂ ’ਚ ਪੈਰ ਪਸਾਰ ਰਹੀ ਹੈ। ਲੋਕਾਂ ਦਾ ਸਮਰਥਨ ਮਿਲ ਰਿਹਾ ਹੈ।

ਪੰਜਾਬ ਦੇ ਰੁਕੇ ਹੋਏ ਫੰਡ ਕਦੋਂ ਜਾਰੀ ਹੋਣਗੇ ?
ਕੇਂਦਰ ਸਰਕਾਰ ਵਲੋਂ ਪੇਂਡੂ ਵਿਕਾਸ ਫੰਡ ਜਾਰੀ ਕਰਨ ਵਿਚ ਹੋ ਰਹੀ ਦੇਰੀ ਦੀ ਗੱਲ ਕਰਦਿਆਂ ਬਾਜਵਾ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਪੈਸੇ ਜਾਰੀ ਕਰਨ ਦੀ ਮੰਗ ਰੱਖੀ ਹੈ, ਕੇਂਦਰ ਸਮਾਂ ਆਉਣ ’ਤੇ ਪੈਸਾ ਰਿਲੀਜ਼ ਕਰੇਗਾ। ਅੱਜ ਪੰਜਾਬ ਦੀ ਅਮਨ-ਕਾਨੂੰਨ ਦੀ ਸਥਿਤੀ ਕਾਰਨ ਇੱਥੇ ਕੋਈ ਵੀ ਇਨਵੈਸਟਰ ਪੈਸਾ ਲਗਾਉਣ ਲਈ ਤਿਆਰ ਨਹੀਂ ਪਰ ਜਲਦ ਹਾਲਾਤ ਸੁਧਰਨਗੇ।

ਐੱਨ.ਆਰ.ਆਈਜ਼ ਲਈ ਪਾਰਟੀ ਦਾ ਕੀ ਪਲਾਨ ਹੈ ?
ਸੂਬਾ ਸਰਕਾਰ ਅੱਗੇ ਵਧੇ ਤਾਂ ਕੇਂਦਰ ਵੀ ਅੱਗੇ ਵਧ ਕੇ ਹੱਥ ਫੜੇਗਾ। ਸੂਬਾ ਸਰਕਾਰ ਕੋਈ ਸਮਾਗਮ ਕਰਾਵੇ, ਐੱਨ. ਆਰ. ਆਈਜ਼ ਨੂੰ ਆਪਣੇ ਵੱਲ ਉਤਸ਼ਾਹਿਤ ਕਰੇ। ਕੇਂਦਰ ਹਰ ਤਰ੍ਹਾਂ ਦੀ ਮਦਦ ਕਰੇਗਾ। ਅੱਜ ਇਸੇ ਤਰੀਕੇ ਗੁਜਰਾਤ ਤਰੱਕੀ ਵੱਲ ਵਧ ਰਿਹਾ ਹੈ। ਪੰਜਾਬ ਦੇ ਮੌਜੂਦਾ ਹਾਲਾਤ ਵਿਚ ਸੁਧਾਰ ਲਿਆਉਣ ਦੀ ਲੋੜ ਹੈ। ਕਈ ਐੱਨ. ਆਰ. ਆਈਜ਼ ਚਾਹੁੰਦੇ ਨੇ ਕਿ ਉਹ ਪੰਜਾਬ ਵਿਚ ਵਪਾਰ ਕਰਨ ਜਾਂ ਪੈਸਾ ਲਗਾਉਣ ਪਰ ਪੰਜਾਬ ਦੇ ਮਾਹੌਲ ਕਾਰਨ ਇਹ ਹਾਲੇ ਸੰਭਵ ਨਹੀਂ ਹੋ ਪਾ ਰਿਹਾ।

ਪੰਜਾਬ ਲਈ ਰੋਡ ਮੈਪ ਕੀ ਹੈ?
ਪੰਜਾਬ ’ਚ ਵਿਕਾਸ, ਪਾਣੀ ਦੀ ਸੰਭਾਲ, ਫ਼ਸਲੀ ਵਿਭਿੰਨਤਾ, ਐੱਮ. ਐੱਸ. ਪੀ. ਦੇ ਨਾਲ ਇੰਡਸਟਰੀ ਲੈ ਕੇ ਆਉਣ ਨਾਲ ਪੰਜਾਬ ਦਾ ਵਿਕਾਸ ਗਾਰੰਟੀ ਨਾਲ ਹੋਵੇਗਾ। ਪੰਜਾਬੀ ਅਸਲ ’ਚ ਚੰਗੇ ਕਾਰੋਬਾਰੀ ਹਨ। ਇਸ ਤਰ੍ਹਾਂ ਦੇ ਮੌਕੇ ਪੰਜਾਬੀਆਂ ਤੇ ਪੰਜਾਬ ਨੂੰ ਨੰਬਰ ਵਨ ਬਣਾ ਦੇਣਗੇ। ਮੌਜੂਦਾ ਸਰਕਾਰ ਇਹ ਕੰਮ ਨਹੀਂ ਕਰ ਪਾ ਰਹੀ। ਭਾਜਪਾ ਇਸ ਲਈ ਕੰਮ ਕਰੇਗੀ ਅਤੇ ਪੰਜਾਬ ਤਰੱਕੀ ਕਰੇਗਾ। 


author

Anuradha

Content Editor

Related News