ਅਸੀਂ ਵੋਟਾਂ ਨਹੀਂ, ਪੰਜਾਬ ਬਚਾਉਣ ਦਾ ਮੌਕਾ ਮੰਗਣ ਆਏ ਹਾਂ : ਰਾਘਵ ਚੱਢਾ

Sunday, Feb 13, 2022 - 10:58 PM (IST)

ਕਪੂਰਥਲਾ\ਹੁਸ਼ਿਆਰਪੁਰ\ਚੰਡੀਗੜ੍ਹ (ਬਿਊਰੋ)-ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਸਹਿ-ਇੰਚਾਰਜ ਰਾਘਵ ਚੱਢਾ ਨੇ ਕਿਹਾ ਕਿ ਅਸੀਂ ਵੋਟਾਂ ਮੰਗਣ ਨਹੀਂ ਸਗੋਂ ਇਕ ਮੌਕਾ ਮੰਗਣ ਆਏ ਹਾਂ। ਅਸੀਂ ਆਮ ਆਦਮੀ ਪਾਰਟੀ ਨੂੰ ਜਿਤਾਉਣ ਦਾ ਨਹੀਂ, ਪੰਜਾਬ ਨੂੰ ਬਚਾਉਣ ਦਾ ਮੌਕਾ ਮੰਗਣ ਆਏ ਹਾਂ। ਪੰਜਾਬ ’ਚ ਅਕਾਲੀ ਦਲ ਅਤੇ ਕਾਂਗਰਸ ਨੇ 50 ਸਾਲ ਰਾਜ ਕੀਤਾ ਹੈ। ਇਨ੍ਹਾਂ 50 ਸਾਲਾਂ ’ਚ ਪੰਜਾਬ ਵਿਚ 26 ਸਾਲ ਕਾਂਗਰਸ ਅਤੇ 24 ਸਾਲ ਅਕਾਲੀ ਦਲ ਦੀ ਸਰਕਾਰ ਰਹੀ।  ਦੋਵੇਂ ਪਾਰਟੀਆਂ ਨੇ ਪੰਜਾਬ ਦਾ ਰੇਤਾ, ਕੇਬਲ ਟਰਾਂਸਪੋਰਟ ਵੇਚ ਦਿੱਤਾ। ਦੋਵਾਂ ਪਾਰਟੀਆਂ ਨੇ ਰਲ-ਮਿਲ ਕੇ ਬੱਚਿਆਂ ਦੀ ਪੜ੍ਹਾਈ ਅਤੇ ਭਵਿੱਖ ਨੂੰ ਵੇਚ ਦਿੱਤਾ ਹੈ।

ਇਹ ਵੀ ਪੜ੍ਹੋ : ਡੇਰਾ ਬਿਆਸ ਦੇ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਵੱਲੋਂ PM ਮੋਦੀ ਨਾਲ ਮੁਲਾਕਾਤ

ਚੱਢਾ ਨੇ ਕਿਹਾ ਕਿ ਇਸ ਵਾਰ ਲੋਕਾਂ ਕੋਲ ਪੰਜਾਬ ਨੂੰ ਬਚਾਉਣ ਦਾ ਮੌਕਾ ਹੈ। ਸੂਬੇ ਨੂੰ ਮੁੜ ਤੋਂ ਖੁਸ਼ਹਾਲ ਬਣਾਉਣ ਦਾ ਮੌਕਾ ਹੈ। ਇਕ ਮੌਕਾ ਹੈ ਆਮ ਆਦਮੀ ਨੂੰ ਬਚਾਉਣ ਦਾ। ਐਤਵਾਰ ਨੂੰ ਰਾਘਵ ਚੱਢਾ ਨੇ ਕਪੂਰਥਲਾ, ਦਸੂਹਾ ਅਤੇ ਉੜਮੁੜ ਵਿਧਾਨ ਸਭਾ ਹਲਕਿਆਂ ਦੇ ਵੱਖ-ਵੱਖ ਇਲਾਕਿਆਂ ’ਚ ਪ੍ਰਚਾਰ ਕੀਤਾ। ਉਨ੍ਹਾਂ ਕਪੂਰਥਲਾ ਤੋਂ ਉਮੀਦਵਾਰ ਮੰਜੂ ਰਾਣਾ, ਦਸੂਹਾ ਤੋਂ ਉਮੀਦਵਾਰ ਕਰਮਵੀਰ ਸਿੰਘ ਘੁੰਮਣ ਅਤੇ ਉੜਮੁੜ ਤੋਂ ਉਮੀਦਵਾਰ ਜਸਵੀਰ ਸਿੰਘ ਗਿੱਲ ਰਾਜਾ ਦੇ ਹੱਕ ਵਿਚ ਪ੍ਰਚਾਰ ਕੀਤਾ। ਚੱਢਾ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਇਸ ਵਾਰ ਇਕ ਮੌਕਾ ਭਗਵੰਤ ਮਾਨ ਅਤੇ ਅਰਵਿੰਦ ਕੇਜਰੀਵਾਲ ਦੀ ਜੋੜੀ ਨੂੰ ਦਿਓ, ਤੁਹਾਡੇ ਸਾਰੇ ਦੁੱਖ ਤੇ ਕੰਮਾਂ ਦੀ ਗਾਰੰਟੀ ਸਾਡੀ ਹੋਵੇਗੀ।

 ਇਹ ਵੀ ਪੜ੍ਹੋ : 2022 ਦੀਆਂ ਚੋਣਾਂ ਪੰਜਾਬ ਨੂੰ ਰਵਾਇਤੀ ਪਾਰਟੀਆਂ ਤੋਂ ਬਚਾਉਣ ਦਾ ਸੁਨਹਿਰੀ ਮੌਕਾ: ਅਰਵਿੰਦ ਕੇਜਰੀਵਾਲ

ਮੁੱਖ ਮੰਤਰੀ ਚੰਨੀ ’ਤੇ ਚੁਟਕੀ ਲੈਂਦਿਆਂ ਚੱਢਾ ਨੇ ਕਿਹਾ ਕਿ ਪੰਜਾਬ ’ਚ ਐਲਾਨਜੀਤ ਸਿੰਘ ਚੰਨੀ ਨਾਂ ਦਾ ਨਵਾਂ ਸੀਰੀਅਲ ਆਇਆ ਹੈ, ਜਿਨ੍ਹਾਂ ਦੇ ਭਤੀਜੇ ਦੇ ਘਰ ਈ.ਡੀ. ਦੀ ਛਾਪੇਮਾਰੀ ਵਿਚ ਕਰੋੜਾਂ ਰੁਪਏ ਬਰਾਮਦ ਹੋਏ, ਅਰਬਾਂ ਰੁਪਏ ਦੀ ਜਾਇਦਾਦ ਦੇ ਕਾਗਜ਼ ਮਿਲੇ, 12 ਲੱਖ ਦੀਆਂ ਵਿਦੇਸ਼ੀ ਘੜੀਆਂ ਅਤੇ ਲਗਜ਼ਰੀ ਗੱਡੀਆਂ ਸਮੇਤ ਪਤਾ ਨਹੀਂ ਕੀ ਕੀ ਬਰਾਮਦ ਹੋਇਆ ਹੈ। ਚੱਢਾ ਨੇ ਚੰਨੀ ਨੂੰ ਸਵਾਲ ਕੀਤਾ ਕਿ ਖੁਦ ਨੂੰ ਗ਼ਰੀਬ ਅਤੇ ਆਮ ਆਦਮੀ ਹੋਣ ਦਾ ਦਾਅਵਾ ਕਰਨ ਵਾਲੇ ਚੰਨੀ ਦੇ ਪਰਿਵਾਰ ਅਤੇ ਰਿਸ਼ਤੇਦਾਰਾਂ ਕੋਲ ਇੰਨੀ ਬੇਸ਼ੁਮਾਰ ਦੌਲਤ ਕਿੱਥੋਂ ਆਈ?  ਪੰਜਾਬ ਦੇ ਕਿਹੜੇ ਆਟੋ ਵਾਲੇ ਕੋਲ ਦਸ ਕਰੋੜ ਰੁਪਏ ਹਨ?  ਕਿਹੜੇ ਟੈਂਟ ਵਾਲੇ ਕੋਲ 54 ਕਰੋੜ ਰੁਪਏ ਦੀਆਂ ਬੈਂਕ ਐਂਟਰੀਆਂ ਹਨ। ਕਿਸ ਸਾਊਂਡ ਵਾਲੇ ਕੋਲ 12 ਲੱਖ ਦੀ ਘੜੀ ਹੈ?  ਕਿਹੜੇ ਪੰਕਚਰ ਵਾਲੇ ਕੋਲ ਕਰੋੜਾਂ ਰੁਪਏ ਦੇ ਫਾਰਮ ਹਾਊਸ ਹਨ।

ਚੱਢਾ ਨੇ ਕਿਹਾ ਕਿ ਇਹ ਸਾਰਾ ਪੈਸਾ ਚੰਨੀ ਅਤੇ ਉਸ ਦੇ ਰਿਸ਼ਤੇਦਾਰਾਂ ਨੇ ਪੰਜਾਬ ਦਾ ਰੇਤਾ ਵੇਚ ਕੇ ਅਤੇ ਭ੍ਰਿਸ਼ਟਾਚਾਰ ਤੋਂ ਕਮਾਇਆ ਹੈ।ਪੰਜਾਬ ’ਚ ਵੱਡਾ ਨਾਅਰਾ ਚੱਲ ਰਿਹਾ ਹੈ, 'ਜਦੋਂ ਤੋਂ ਸੀ. ਐੱਮ. ਬਣਿਆ ਚੰਨੀ-ਮੋਟਾ ਮਨੀ ਕਮਾ ਗਿਆ ਹਨੀ'। ਚੰਨੀ, ਹਨੀ ਅਤੇ ਮਨੀ ਦੇ ਇਸ ਪ੍ਰੇਮ ਤਿਕੋਣ ਨੇ 111 ਦਿਨਾਂ ’ਚ ਪੰਜਾਬ ਨੂੰ ਲੁੱਟ ਲਿਆ। ਚੰਨੀ ਦੇ ਭਤੀਜੇ ਨੇ ਈ.ਡੀ. ਸਾਹਮਣੇ ਆਪਣੇ ਕਬੂਲਨਾਮੇ ’ਚ ਦੱਸ ਚੁੱਕਿਆ ਹੈ ਕਿ ਇਹ ਪੈਸਾ ਚੰਨੀ ਦਾ ਹੈ ਅਤੇ 111 ਦਿਨਾਂ ’ਚ ਅਸੀਂ 325 ਕਰੋੜ ਰੁਪਏ ਕਮਾਏ। ਇੰਨਾ ਵੱਡਾ ਸਟ੍ਰਾਈਕ ਰੇਟ ਤਾਂ ਅਕਾਲੀ ਦਲ ਦਾ ਵੀ ਨਹੀਂ ਸੀ।


Manoj

Content Editor

Related News