ਅਸੀਂ ਦੂਜੀਆਂ ਪਾਰਟੀਆਂ ਵਾਂਗ ਸਿਆਸਤ ਦਾ ਕਾਰੋਬਾਰ ਨਹੀਂ ਕਰਦੇ, ਲੋਕ ਭਲਾਈ ਦੇ ਕੰਮ ਕਰਦੇ ਹਾਂ : ਭਗਵੰਤ ਮਾਨ

Monday, Apr 03, 2023 - 01:05 PM (IST)

ਜਲੰਧਰ (ਧਵਨ) : ਮੁੱਖ ਮੰਤਰੀ ਭਗਵੰਤ ਮਾਨ ਨੇ ਆਸਾਮ ’ਚ ਇਕ ਜਨ ਸਭਾ ਨੂੰ ਸੰਬੋਧਨ ਕਰਦਿਆਂ ਭਾਜਪਾ-ਕਾਂਗਰਸ ’ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਅਸੀਂ ਦੂਜੀਆਂ ਪਾਰਟੀਆਂ ਦੇ ਆਗੂਆਂ ਵਾਂਗ ਸੱਤਾ ’ਚ ਆ ਕੇ ਕਾਰੋਬਾਰ ਨਹੀਂ ਕਰਦੇ, ਅਸੀਂ ਲੋਕ ਭਲਾਈ ਅਤੇ ਵਿਕਾਸ ਦਾ ਕੰਮ ਕਰਦੇ ਹਾਂ। ਉਨ੍ਹਾਂ ਕਿਹਾ ਕਿ ਜਿਸ ਸੂਬੇ ਦਾ ਰਾਜਾ ਵਪਾਰੀ ਹੁੰਦਾ ਹੈ, ਉਸ ਸੂਬੇ ਦੇ ਲੋਕ ਭਿਖਾਰੀ ਹੁੰਦੇ ਹਨ। ਉਨ੍ਹਾਂ ਕਿਹਾ ਕਿ ਆਸਾਮ ’ਚ ਪਹਿਲੇ 5 ਸਾਲ ਭਾਜਪਾ ਅਤੇ ਕਾਂਗਰਸ ਇਕੱਠੇ ਰਾਜ ਕਰਦੇ ਸਨ। ਹੁਣ ਇੱਥੇ ਵੀ ਲੋਕਾਂ ਕੋਲ ਦਿੱਲੀ ਅਤੇ ਪੰਜਾਬ ਵਾਂਗ ਆਮ ਆਦਮੀ ਪਾਰਟੀ ਦੇ ਰੂਪ ’ਚ ਇਕ ਈਮਾਨਦਾਰ ਅਤੇ ਚੰਗੀ ਪਾਰਟੀ ਦਾ ਬਦਲ ਮੌਜੂਦ ਹੈ। ਮਾਨ ਨੇ ਆਪਣੇ ਕੰਮਾਂ ਦੀਆਂ ਪ੍ਰਾਪਤੀਆਂ ਦੱਸਦਿਆਂ ਕਿਹਾ ਕਿ ਅਸੀਂ ਪੰਜਾਬ ’ਚੋਂ ਭ੍ਰਿਸ਼ਟਾਚਾਰ ਨੂੰ ਪੂਰੀ ਤਰ੍ਹਾਂ ਖਤਮ ਕਰ ਦਿੱਤਾ ਹੈ। ਅਸੀਂ ਭ੍ਰਿਸ਼ਟਾਚਾਰੀਆਂ ਨੂੰ ਨੱਥ ਪਾਉਣ ਲਈ ਭ੍ਰਿਸ਼ਟਾਚਾਰ ਵਿਰੋਧੀ ਹੈਲਪਲਾਈਨ ਨੰਬਰ ਜਾਰੀ ਕੀਤਾ, ਜਿਸ ਤੋਂ ਬਾਅਦ 500 ਤੋਂ ਵੱਧ ਭ੍ਰਿਸ਼ਟ ਅਧਿਕਾਰੀਆਂ, ਕਰਮਚਾਰੀਆਂ ਅਤੇ ਨੇਤਾਵਾਂ ’ਤੇ ਕਾਰਵਾਈ ਹੋਈ। ਹੁਣ ਭ੍ਰਿਸ਼ਟ ਲੋਕਾਂ ਦੇ ਮਨਾਂ ’ਚ ਡਰ ਪੈਦਾ ਹੋ ਗਿਆ ਹੈ। ਅਸੀਂ ਪੰਜਾਬ ’ਚ ਬਿਜਲੀ ਮੁਫਤ ਕੀਤੀ। ਅੱਜ 90 ਫੀਸਦੀ ਤੋਂ ਵੱਧ ਘਰਾਂ ਦੇ ਬਿਜਲੀ ਬਿੱਲ ਜ਼ੀਰੋ ਆ ਰਹੇ ਹਨ। ਅਸੀਂ ਪੰਜਾਬ ’ਚ ਗਾਰੰਟੀ ਦਿੱਤੀ ਸੀ ਕਿ ਸਰਕਾਰ ਬਣਨ ’ਤੇ ਹਰ ਪਿੰਡ ’ਚ ਮੁਹੱਲਾ ਕਲੀਨਿਕ ਖੋਲ੍ਹੇ ਜਾਣਗੇ, ਇਕ ਸਾਲ ਦੇ ਅੰਦਰ ਅਸੀਂ 500 ਤੋਂ ਵੱਧ ਮੁਹੱਲਾ ਕਲੀਨਿਕ ਖੋਲ੍ਹੇ। ਇਸ ਤੋਂ ਇਲਾਵਾ ਅਸੀਂ 1 ਸਾਲ ਦੇ ਅੰਦਰ ਪੰਜਾਬ ਦੇ 28472 ਨੌਜਵਾਨਾਂ ਨੂੰ ਸਰਕਾਰੀ ਨੌਕਰੀਆਂ ਦਿੱਤੀਆਂ ਹਨ।

ਇਹ ਵੀ ਪੜ੍ਹੋ : ‘ਜਗ ਬਾਣੀ’ਦੀ ਖ਼ਬਰ ’ਤੇ ਮੰਤਰੀ ਨਿੱਝਰ ਨੇ ਲਾਈ ਮੋਹਰ, ਨਗਰ ਨਿਗਮ ਚੋਣਾਂ ਲਈ ਕਰਨਾ ਪਵੇਗਾ ਇੰਤਜ਼ਾਰ

ਮਾਨ ਨੇ ਕਿਹਾ ਕਿ ਭਾਜਪਾ ਵਾਲੇ ਨਫਰਤ ਦੀਆਂ ਗੱਲਾਂ ਕਰਦੇ ਹਨ। ਅਸੀਂ ਸਕੂਲਾਂ ਅਤੇ ਹਸਪਤਾਲਾਂ ਦੀ ਗੱਲ ਕਰਦੇ ਹਾਂ। ਅਰਵਿੰਦ ਕੇਜਰੀਵਾਲ ਨੇ ਦਿੱਲੀ ਦੇ ਸਰਕਾਰੀ ਸਕੂਲਾਂ ਨੂੰ ਨਵਾਂ ਰੂਪ ਦਿੱਤਾ ਹੈ। ਉਸ ਨੂੰ ਅੰਤਰਰਾਸ਼ਟਰੀ ਪੱਧਰ ਦਾ ਬਣਾ ਦਿੱਤਾ। ਪੰਜਾਬ ’ਚ ਵੀ ਅਸੀਂ ਸਕੂਲਾਂ ਦਾ ਕਾਇਆਕਲਪ ਕਰਨਾ ਸ਼ੁਰੂ ਕਰ ਦਿੱਤਾ ਹੈ। ਹੁਣ ਪ੍ਰਾਈਵੇਟ ਸਕੂਲਾਂ ਦੇ ਬੱਚੇ ਨਾਮ ਕੱਟ ਕੇ ਸਰਕਾਰੀ ਸਕੂਲਾਂ ’ਚ ਦਾਖਲਾ ਲੈ ਰਹੇ ਹਨ। ਪ੍ਰਧਾਨ ਮੰਤਰੀ ’ਤੇ ਨਿਸ਼ਾਨਾ ਸਾਧਦੇ ਹੋਏ ਮਾਨ ਨੇ ਕਿਹਾ ਕਿ ਪੀ. ਐੱਮ. ਮੋਦੀ ਬਚਪਨ ’ਚ ਰੇਲਵੇ ਸਟੇਸ਼ਨ ’ਤੇ ਚਾਹ ਵੇਚਿਆ ਕਰਦੇ ਸਨ। ਸਰਕਾਰ ਬਣਨ ਤੋਂ ਬਾਅਦ ਉਸ ਰੇਲਵੇ ਨੂੰ ਹੀ ਵੇਚ ਦਿੱਤਾ। ਉਨ੍ਹਾਂ ਨੂੰ ਇਸ ਗੱਲ ਦਾ ਕੋਈ ਅੰਦਾਜ਼ਾ ਨਹੀਂ ਹੈ ਕਿ ਲੋਕਤੰਤਰ ’ਚ ਜਨਤਾ ਕਿਸੇ ਵੀ ਸਮੇਂ ਕਿਸੇ ਨੂੰ ਵੀ ਹੇਠਾਂ ਲੈ ਆਉਂਦੀ ਹੈ। ਮੁੱਖ ਮੰਤਰੀ ਮਾਨ ਨੇ ਆਸਾਮ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਮ ਆਦਮੀ ਪਾਰਟੀ ਨੂੰ ਇਕ ਮੌਕਾ ਦੇਣ। ਅਸੀਂ ਦਿੱਲੀ ਅਤੇ ਪੰਜਾਬ ਵਾਂਗ ਇੱਥੇ ਵੀ ਬਦਲਾਅ ਲਿਆਵਾਂਗੇ। ਸਕੂਲਾਂ ਅਤੇ ਹਸਪਤਾਲਾਂ ਦੀ ਕਾਇਆਕਲਪ ਕਰਾਂਗੇ ਅਤੇ ਭ੍ਰਿਸ਼ਟਾਚਾਰ ਨੂੰ ਪੂਰੀ ਤਰ੍ਹਾਂ ਖਤਮ ਕਰਾਂਗੇ।

ਇਹ ਵੀ ਪੜ੍ਹੋ : ਕਰਨਾਟਕ ’ਚ ਵਿਧਾਨ ਸਭਾ ਚੋਣਾਂ ਦੇ ਜੋੜ-ਤੋੜ ’ਚ ਜੁਟੀਆਂ ਸਿਆਸੀ ਪਾਰਟੀਆਂ, ਰੋਜ਼ਾਨਾ ਬਦਲਣ ਲੱਗੇ ਸਮੀਕਰਨ!

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ


Anuradha

Content Editor

Related News