ਕਾਂਗਰਸ ਦੀ ਗੰਦੀ ਸਿਆਸਤ ਤੋਂ ਅਸੀਂ ਨਹੀਂ ਡਰਦੇ : ਸੁਖਬੀਰ

Friday, Dec 08, 2017 - 07:07 AM (IST)

ਕਾਂਗਰਸ ਦੀ ਗੰਦੀ ਸਿਆਸਤ ਤੋਂ ਅਸੀਂ ਨਹੀਂ ਡਰਦੇ : ਸੁਖਬੀਰ

ਫਿਰੋਜ਼ਪੁਰ/ਮੱਖੂ  (ਮਲਹੋਤਰਾ, ਕੁਮਾਰ, ਸ਼ੈਰੀ, ਪਰਮਜੀਤ, ਚੋਪੜਾ, ਵਾਹੀ) - ਨਗਰ ਪੰਚਾਇਤ ਮੱਲਾਂਵਾਲਾ ਤੇ ਮੱਖੂ ਦੀਆਂ ਚੋਣਾਂ ਲਈ ਨਾਮਜ਼ਦਗੀਆਂ ਭਰਨ ਦੇ ਅੰਤਿਮ ਦਿਨ ਬੁੱਧਵਾਰ ਅਕਾਲੀ-ਭਾਜਪਾ ਦੇ ਉਮੀਦਵਾਰਾਂ ਨੂੰ ਐੱਨ. ਓ. ਸੀ. ਨਾ ਦੇਣ ਅਤੇ ਉਨ੍ਹਾਂ 'ਤੇ ਹਮਲਾ ਕਰਨ, ਗੋਲੀਆਂ ਚਲਾਉਣ ਦੇ ਵਿਰੋਧ 'ਚ ਵੀਰਵਾਰ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਹੇਠ ਸੈਂਕੜੇ ਵਰਕਰਾਂ ਨੇ ਐੱਸ. ਐੱਸ. ਪੀ. ਦਫਤਰ ਦੇ ਬਾਹਰ ਹਾਈਵੇ ਜਾਮ ਕਰ ਕੇ ਧਰਨਾ ਲਾਇਆ। ਸੁਖਬੀਰ ਬਾਦਲ ਨੇ ਕਿਹਾ ਕਿ ਇਹ ਆਮ ਆਦਮੀ ਪਾਰਟੀ ਨਹੀਂ ਹੈ, ਸ਼੍ਰੋਮਣੀ ਅਕਾਲੀ ਦਲ ਦਾ ਇਤਿਹਾਸ ਸੰਘਰਸ਼ਾਂ ਭਰਿਆ ਹੈ। ਕਾਂਗਰਸ ਦੀ ਇਸ ਗੰਦੀ ਰਾਜਨੀਤੀ ਤੋਂ ਅਸੀਂ ਡਰਨ ਵਾਲੇ ਨਹੀਂ। ਇਕ ਸਾਲ 'ਚ ਹੀ ਕਾਂਗਰਸ ਨੂੰ ਪਤਾ ਲੱਗ ਗਿਆ ਹੈ ਕਿ ਉਹ ਨਗਰ ਪੰਚਾਇਤ ਤੇ ਨਗਰ ਪਾਲਿਕਾ ਦੀਆਂ ਚੋਣਾਂ ਜਿੱਤ ਨਹੀਂ ਸਕਦੀ, ਜਿਸ ਕਾਰਨ ਕਾਂਗਰਸੀਆਂ ਨੇ ਲੋਕਤੰਤਰ ਦਾ ਕਤਲ ਕਰ ਕੇ ਗਠਜੋੜ ਵਾਲਿਆਂ ਦੇ ਕਾਗਜ਼ ਖੋਹ ਲਏ ਤੇ ਐੱਨ. ਓ. ਸੀ. ਤੱਕ ਜਾਰੀ ਨਹੀਂ ਹੋਣ ਦਿੱਤਾ।
ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਵੱਲੋਂ ਇਸ ਘਟਨਾ 'ਚ ਪ੍ਰਮੁੱਖ ਰਹੇ ਪੁਲਸ ਅਧਿਕਾਰੀਆਂ ਤੇ ਕਾਂਗਰਸੀ ਆਗੂਆਂ ਵਿਰੁੱਧ ਕਾਰਵਾਈ ਦੀ ਮੰਗ 'ਤੇ ਬਾਦਲ ਨੇ ਕਿਹਾ ਕਿ ਜਦੋਂ ਤੱਕ ਇਨਸਾਫ ਨਹੀਂ ਮਿਲਦਾ ਉਦੋਂ ਤੱਕ ਸ਼੍ਰੋਮਣੀ ਅਕਾਲੀ ਦਲ ਹਰੀਕੇ ਪੱਤਣ ਦਾ ਪੁਲ ਜਾਮ ਕਰ ਕੇ ਉਥੇ ਧਰਨਾ ਜਾਰੀ ਰੱਖੇਗਾ। ਇਸ ਮੌਕੇ ਮਜੀਠੀਆ ਨੇ ਕਿਹਾ ਕਿ ਕਾਂਗਰਸ ਜਦੋਂ ਵੀ ਸੱਤਾ 'ਚ ਆਈ ਹੈ, ਇਸ ਪਾਰਟੀ ਨੇ ਧੱਕੇਸ਼ਾਹੀ ਨੂੰ ਬਲ ਦਿੱਤਾ ਹੈ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਅਜਿਹੀਆਂ ਪਾਰਟੀਆਂ ਹਨ, ਜੋ ਸੰਘਰਸ਼ 'ਚ ਹੀ ਸਥਾਪਤ ਹੋਈਆਂ ਤੇ ਇਨ੍ਹਾਂ ਦੇ ਵਰਕਰਾਂ ਨੇ ਸਾਰੀ ਉਮਰ ਸੰਘਰਸ਼ ਤੇ ਹਰ ਧੱਕੇਸ਼ਾਹੀ ਦਾ ਮੂੰਹ-ਤੋੜ ਜਵਾਬ ਦਿੱਤਾ ਹੈ। ਛੋਟੇ-ਛੋਟੇ ਕਸਬਿਆਂ ਦੀਆਂ ਚੋਣਾਂ 'ਚ ਕਾਂਗਰਸ ਆਗੂਆਂ ਦੀ ਘਬਰਾਹਟ ਇਸ ਗੱਲ ਦਾ ਸਬੂਤ ਹੈ ਕਿ ਇਹ ਪਾਰਟੀ ਜਨਤਾ ਦੀਆਂ ਉਮੀਦਾਂ 'ਤੇ ਖਰਾ ਉਤਰਨ ਦੀ ਬਜਾਏ ਧੱਕੇਸ਼ਾਹੀ ਨਾਲ ਸੱਤਾ 'ਤੇ ਕਾਬਜ਼ ਹੋਣਾ ਚਾਹੁੰਦੀ ਹੈ। ਉਨ੍ਹਾਂ ਚਿਤਾਵਨੀ ਦਿੱਤੀ ਕਿ ਪੂਰੇ ਪੰਜਾਬ ਦੀਆਂ ਸਥਾਨਕ ਸਰਕਾਰਾਂ ਦੀਆਂ ਚੋਣਾਂ ਤਾਂ ਬਾਅਦ ਦੀ ਗੱਲ ਹੈ, ਕਾਂਗਰਸ ਪਾਰਟੀ ਸਿਰਫ ਮੱਲਾਂਵਾਲਾ ਨਗਰ ਪੰਚਾਇਤ ਦੀਆਂ ਚੋਣਾਂ ਹੀ ਜਮਹੂਰੀਅਤ ਦੇ ਢੰਗ ਨਾਲ ਜਿੱਤ ਕੇ ਦਿਖਾ ਦੇਵੇ ਤਾਂ ਉਹ ਮੰਨ ਜਾਣਗੇ ਕਿ ਕਾਂਗਰਸ ਵੀ ਕੋਈ ਪਾਰਟੀ ਹੈ।
ਇਸੇ ਤਰ੍ਹਾਂ ਮੱਖੂ 'ਚ ਸੁਖਬੀਰ ਸਿੰਘ ਬਾਦਲ, ਹਲਕਾ ਖਡੂਰ ਸਾਹਿਬ ਦੇ ਮੈਂਬਰ ਪਾਰਲੀਮੈਂਟ ਰਣਜੀਤ ਸਿੰਘ ਬ੍ਰਹਮਪੁਰਾ, ਸਾਬਕਾ ਮੰਤਰੀ ਵਿਰਸਾ ਸਿੰਘ ਵਲਟੋਹਾ, ਸਾਬਕਾ ਮੰਤਰੀ ਹਰੀ ਸਿੰਘ ਜ਼ੀਰਾ ਦੀ ਅਗਵਾਈ ਹੇਠ ਨੈਸ਼ਨਲ ਹਾਈਵੇ 54 'ਤੇ ਪੈਂਦੇ ਬੰਗਾਲੀ ਵਾਲਾ ਪੁਲ 'ਤੇ ਧਰਨਾ ਲਾ ਕੇ ਜੰਮੂ-ਕਸ਼ਮੀਰ ਤੋਂ ਲੈ ਕੇ ਰਾਜਸਥਾਨ ਤੱਕ ਜਾਣ ਵਾਲੇ ਵਾਹਨਾਂ ਨੂੰ ਰੋਕ ਕੇ ਰੱਖਿਆ ਗਿਆ। ਸੰਬੋਧਨ ਕਰਦਿਆਂ ਛੋਟੇ ਤੋਂ ਲੈ ਕੇ ਹਰ ਵੱਡੇ ਅਹੁਦੇ ਤੱਕ ਦੇ ਅਕਾਲੀ ਆਗੂਆਂ ਨੇ ਕਿਹਾ ਕਿ ਹਲਕੇ ਦੇ ਵਿਧਾਇਕ ਅਤੇ ਉਸ ਦੇ ਪਿਤਾ ਵੱਲੋਂ ਕਾਂਗਰਸ ਸਰਕਾਰ ਦੀ ਆੜ ਹੇਠ ਧੱਕੇਸ਼ਾਹੀ ਕਰ ਕੇ ਜਿਥੇ ਲੋਕਤੰਤਰ ਦਾ ਘਾਣ ਕੀਤਾ ਗਿਆ ਹੈ।
ਅਕਾਲੀ ਦਲ ਦੀ ਸੀਨੀਅਰ ਲੀਡਰਸ਼ਿਪ ਨੇ ਧਰਨੇ ਵਾਲੀ ਥਾਂ 'ਤੇ ਬੈਠ ਕੇ ਐਲਾਨ ਕਰ ਦਿੱਤਾ ਹੈ ਕਿ ਜਦੋਂ ਤੱਕ ਪ੍ਰਸ਼ਾਸਨ ਦੋਸ਼ੀ ਪੁਲਸ ਮੁਲਾਜ਼ਮਾਂ ਤੇ ਹਮਲਾਵਰਾਂ ਖਿਲਾਫ਼ ਕਾਰਵਾਈ ਅਮਲ 'ਚ ਨਹੀਂ ਲਿਆਂਦਾ ਅਤੇ ਇਨ੍ਹਾਂ ਦੋਵਾਂ ਨਗਰ ਕੌਂਸਲਾਂ ਦੀ ਚੋਣ ਨੂੰ ਰੱਦ ਨਹੀਂ ਕਰਦਾ, ਉਦੋਂ ਤੱਕ ਧਰਨਾ ਜਾਰੀ ਰਹੇਗਾ। ਇਨ੍ਹਾਂ ਵਾਸਤੇ ਰਾਤ ਨੂੰ ਬੈਠਣ ਲਈ ਗੱਦਿਆਂ ਅਤੇ ਲੰਗਰ ਦਾ ਪ੍ਰਬੰਧ ਐਗਜ਼ੈਕਟਿਵ ਮੈਂਬਰ ਐੱਸ. ਜੀ. ਪੀ. ਸੀ. ਗੁਰਮੀਤ ਸਿੰਘ ਬੂਹ, ਸਾਬਕਾ ਚੇਅਰਮੈਨ ਕਾਰਜ ਸਿੰਘ ਆਹਲਾਂ, ਪ੍ਰੀਤਮ ਸਿੰਘ ਤਲਵੰਡੀ ਨਿਪਾਲਾਂ, ਪ੍ਰਗਟ ਸਿੰਘ ਤਲਵੰਡੀ ਨਿਪਾਲਾਂ, ਸਿਮਰਨਜੀਤ ਸਿੰਘ ਸੰਧੂ, ਸਰਬਜੀਤ ਸਿੰਘ ਬੂਹ, ਸ਼ਮਸ਼ੇਰ ਸਿੰਘ ਲਹਿਰਾ, ਸੁਖਮੰਦਰ ਸਿੰਘ ਲਹਿਰਾ, ਸਿਮਰਨਜੀਤ ਸਿੰਘ ਵਿਰਕ, ਜੁਗਰਾਜ ਸਿੰਘ ਸਰਪੰਚ ਪੀਰ ਮੁਹੰਮਦ, ਜਸਬੀਰ ਸਿੰਘ ਵੱਟੂਭੱਟੀ ਵੱਲੋਂ ਕੀਤਾ ਜਾ ਰਿਹਾ ਹੈ। ਲੋਕਾਂ 'ਚ ਇਹ ਵੀ ਚਰਚਾ ਹੈ ਕਿ ਜੇ ਚੱਲ ਰਹੇ ਧਰਨੇ 'ਚ ਸੁਖਬੀਰ ਸਿੰਘ ਬਾਦਲ, ਬਿਕਰਮ ਸਿੰਘ ਮਜੀਠੀਆ ਜਾਂ ਵਿਰਸਾ ਸਿੰਘ ਵਲਟੋਹਾ ਉੱਠ ਜਾਂਦੇ ਹਨ ਤਾਂ ਇਹ ਧਰਨਾ ਫ਼ਲਾਪ ਸਿੱਧ ਹੋ ਜਾਵੇਗਾ ਕਿਉਂਕਿ ਵੱਡੀ ਗਿਣਤੀ 'ਚ ਇਕੱਠੀ ਹੋਈ ਪੁਲਸ ਫ਼ੋਰਸ ਆਗੂ ਰਹਿਤ ਵਰਕਰਾਂ ਨੂੰ ਖਦੇੜਨ 'ਚ ਸਫ਼ਲ ਹੋ ਸਕਦੀ ਹੈ।
ਜਾਣਕਾਰੀ ਅਨੁਸਾਰ ਮੱਖੂ ਤੋਂ ਜਲੰਧਰ ਜਾਣ ਵਾਲੇ ਰੋਡ 'ਤੇ ਪੈਂਦਾ ਗਿੱਦੜਵਿੰਡੀ ਪੁਲ ਤੇ ਫ਼ਿਰੋਜ਼ਪੁਰ ਤੋਂ ਵਾਇਆ ਕੋਟ ਬੁੱਢਾ ਸਾਹਿਬ ਰਾਹੀਂ ਅੰਮ੍ਰਿਤਸਰ ਨੂੰ ਜਾਣ ਵਾਲਾ ਪੁਲ ਵੀ ਅਕਾਲੀ ਆਗੂਆਂ ਵੱਲੋਂ ਜਾਮ ਕਰ ਦਿੱਤਾ ਗਿਆ ਹੈ, ਜਿਸ ਨਾਲ ਆਵਾਜਾਈ 'ਚ ਭਾਰੀ ਵਿਘਨ ਪੈ ਰਿਹਾ ਹੈ।  


Related News