ਬੁੱਢੇ ਨਾਲੇ ਦਾ ਸੈਂਪਲ ਲੈਣ ਅਚਨਚੇਤ ਲੁਧਿਆਣਾ ਪੁੱਜੀ ਐੱਨ.ਜੀ.ਟੀ ਦੀ ਟੀਮ
Wednesday, Sep 11, 2019 - 12:19 PM (IST)
ਲੁਧਿਆਣਾ (ਨਰਿੰਦਰ) - ਬੁੱਢੇ ਨਾਲੇ ਦਾ ਸੈਂਪਲ ਲੈਣ ਲਈ ਐੱਨ.ਜੀ.ਟੀ ਦੀ ਟੀਮ ਅੱਜ ਦਿੱਲੀ ਤੋਂ ਅਚਨਚੇਤ ਲੁਧਿਆਣਾ ਪਹੁੰਚ ਗਈ ਹੈ। ਉਕਤ ਟੀਮ ਦੇ ਨਾਲ ਜਸਟਿਸ ਪ੍ਰੀਤਪਾਲ ਸਿੰਘ ਅਤੇ ਸੰਤ ਬਲਬੀਰ ਸਿੰਘ ਸੀਚੇਵਾਲ ਵਿਸ਼ੇਸ਼ ਤੌਰ 'ਤੇ ਮੌਜੂਦ ਹਨ, ਜਿਨ੍ਹਾਂ ਵਲੋਂ ਫੈਕਟਰੀਆਂ ਦਾ ਦੌਰਾ ਵੀ ਕੀਤਾ ਗਿਆ। ਪਾਣੀ ਦੇ ਸੈਂਪਲ ਲੈਣ ਪਹੁੰਚੀ ਐੱਨ.ਜੀ.ਟੀ ਦੀ ਟੀਮ ਸਭ ਤੋਂ ਪਹਿਲਾਂ ਪਿੰਡ ਗੌਂਸਪੁਰ 'ਚ ਪਾਏ ਜਾ ਰਹੇ ਗੰਦੇ ਪਾਣੀ ਦੇ ਸੈਂਪਲ ਲਏ। ਦੱਸ ਦੇਈਏ ਕਿ ਐੱਨ.ਜੀ.ਟੀ. ਦੇ ਚੇਅਰਮੈਨ ਜਸਟਿਸ ਪ੍ਰਿਤਪਾਲ ਸਿੰਘ ਬੁੱਢੇ ਨਾਲੇ ਦਾ ਦੌਰਾ ਕਰਦੇ ਸਮੇਂ ਆਪਣੇ ਮੂੰਹ 'ਤੇ ਰੁਮਾਲ ਰੱਖ ਕੇ ਸੈਂਪਲ ਇਕੱਤਰ ਕਰਵਾ ਰਹੇ ਸਨ।
ਫੈਕਟਰੀਆਂ ਦਾ ਦੌਰਾ ਕਰ ਰਹੇ ਜਸਟਿਸ ਪ੍ਰੀਤਪਾਲ ਸਿੰਘ ਨੇ ਕਿਹਾ ਕਿ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਅਧਿਕਾਰੀ ਇਸ ਕੰਮ ਨੂੰ ਕਰਨ 'ਚ ਢਿੱਲ ਵਰਤ ਰਹੇ ਹਨ, ਜੋ ਸਾਫ਼ ਤੌਰ 'ਤੇ ਵਿਖਾਈ ਦੇ ਰਿਹਾ ਹੈ। ਜੇਕਰ ਉਹ ਸਹੀ ਕੰਮ ਕਰ ਰਹੇ ਹੁੰਦੇ ਤਾਂ ਇੱਥੋਂ ਦੇ ਹਾਲਾਤ ਬਦ ਤੋਂ ਬਦਤਰ ਨਹੀਂ ਸੀ ਹੋਣੇ। ਖਰਾਬ ਹਾਲਾਤਾਂ ਨੂੰ ਸਹੀ ਕਰਨ ਲੋਕਾਂ ਨੂੰ ਸਮੇਂ ਸਿਰ ਆਵਾਜ਼ ਚੁੱਕਣੀ ਚਾਹੀਦੀ ਹੈ।
ਉੱਧਰ ਦੂਜੇ ਪਾਸੇ ਵਾਤਾਵਰਨ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਵੀ ਮੰਨਿਆ ਕਿ ਇੱਥੋਂ ਦੇ ਹਾਲਾਤ ਬਹੁਤ ਜ਼ਿਆਦਾ ਖਰਾਬ ਹੋ ਚੁੱਕੇ ਹਨ, ਜਿਸ ਦੇ ਸਬੰਧ 'ਚ ਕਾਰਵਾਈ ਹੋਣੀ ਚਾਹੀਦੀ ਹੈ। ਉਨ੍ਹਾਂ ਨੇ ਦੌਰੇ ਦੌਰਾਨ ਪ੍ਰਸ਼ਾਸਨ ਦੀ ਮਿਲੀਭੁਗਤ ਨੂੰ ਵੀ ਇਨਕਾਰ ਨਹੀਂ ਕੀਤਾ ਪਰ ਨਾਲ ਹੀ ਇਹ ਵੀ ਕਹਿ ਦਿੱਤਾ ਕਿ ਜੋ ਮਾਈਨਿੰਗ ਦੀ ਗੱਲ ਹੈ, ਉਸ 'ਤੇ ਕੰਟਰੋਲ ਕਰਨਾ ਸਰਕਾਰ ਦਾ ਕੰਮ ਹੈ।