ਵਿਧਾਇਕ ਰੋਜ਼ੀ ਬਰਕੰਦੀ ਨੂੰ ਸੌਂਪੀ ਦੂਸ਼ਿਤ ਪਾਣੀ ਵਾਲੀ ਬੋਤਲ ਤੇ ਮੰਗ-ਪੱਤਰ
Monday, Jun 11, 2018 - 07:36 AM (IST)
ਸ੍ਰੀ ਮੁਕਤਸਰ ਸਾਹਿਬ (ਪਵਨ, ਸੁਖਪਾਲ) - ਦਰਿਆਵਾਂ ’ਚ ਆ ਰਹੇ ਦੂਸ਼ਿਤ ਪਾਣੀ ਵਿਰੁੱਧ ਆਪਣਾ ਵਿਰੋਧ ਦਰਜ ਕਰਵਾਉਂਦਿਆਂ ‘ਆਪ’ ਦੇ ਹਲਕਾ ਇੰਚਾਰਜ ਜਗਦੀਪ ਸਿੰਘ ‘ਕਾਕਾ ਬਰਾਡ਼’ ਦੀ ਅਗਵਾਈ ਹੇਠ ਸਥਾਨਕ ਆਗੂਆਂ ਨੇ ਹਾਈ ਕਮਾਂਡ ਦੇ ਨਿਰਦੇਸ਼ਾਂ ’ਤੇ ਵਿਧਾਇਕ ਕੰਵਰਜੀਤ ਸਿੰਘ ਰੋਜ਼ੀ ਬਰਕੰਦੀ ਦੇ ਘਰ ਜਾ ਕੇ ਉਨ੍ਹਾਂ ਨੂੰ ਦੂਸ਼ਿਤ ਨਹਿਰੀ ਪਾਣੀ ਦੀ ਬੋਤਲ ਅਤੇ ਮੰਗ-ਪੱਤਰ ਸੌਂਪਿਆ। ਇਸ ਮੌਕੇ ਵਿਧਾਇਕ ਨਾਲ ਗੱਲਬਾਤ ਕਰਦਿਆਂ ਹਲਕਾ ਇੰਚਾਰਜ਼ ਕਾਕਾ ਬਰਾਡ਼ ਨੇ ਕਿਹਾ ਕਿ ਸੂਬੇ ਦੇ ਦਰਿਆਵਾਂ ’ਚ ਫੈਕਟਰੀਆਂ ਦਾ ਜ਼ਹਿਰੀਲਾ ਪਾਣੀ ਛੱਡ ਕੇ ਲੋਕਾਂ ਦੀ ਸਿਹਤ ਨਾਲ ਖਿਲਵਾਡ਼ ਕੀਤਾ ਜਾ ਰਿਹਾ ਹੈ। ਇਹ ਦੂਸ਼ਿਤ ਪਾਣੀ ਟੂਟੀਆਂ ਰਾਹੀਂ ਲੋਕਾਂ ਦੇ ਘਰਾਂ ਤੱਕ ਪਹੁੰਚ ਚੁੱਕਾ ਹੈ, ਜੋ ਕਿ ਬੇਹੱਦ ਹੀ ਖਤਰਨਾਕ ਹੈ। ਇਹ ਦੂਸ਼ਿਤ ਪਾਣੀ ਪੀਣ ਨਾਲ ਲੋਕ ਭਿਆਨਕ ਬੀਮਾਰੀਆਂ ਦਾ ਸ਼ਿਕਾਰ ਹੋ ਰਹੇ ਹਨ।
ਉਨ੍ਹਾਂ ਕਿਹਾ ਕਿ ਮਾਲਵਾ ਖੇਤਰ ਦੇ ਲੋਕ ਤਾਂ ਪਹਿਲਾਂ ਹੀ ਕੈਂਸਰ, ਕਾਲਾ ਪੀਲੀਆ ਅਤੇ ਹੋਰ ਭਿਆਨਕ ਬੀਮਾਰੀਆਂ ਨਾਲ ਪੀਡ਼ਤ ਹਨ, ਉੱਪਰੋਂ ਨਹਿਰਾਂ ’ਚ ਆ ਰਿਹਾ ਦੂਸ਼ਿਤ ਪਾਣੀ ਚਿੰਤਾ ਦਾ ਵਿਸ਼ਾ ਹੈ। ਸੱਤਾ ’ਤੇ ਕਾਬਜ਼ ਪੰਜਾਬ ਦੀ ਕੈਪਟਨ ਸਰਕਾਰ ਵੱਲੋਂ ਕਰੀਬ ਡੇਢ ਸਾਲ ਦਾ ਸਮਾਂ ਬੀਤਣ ਦੇ ਬਾਵਜੂਦ ਲੋਕ ਹਿੱਤ ਲਈ ਕੋਈ ਵੀ ਕੰਮ ਨਹੀਂ ਕੀਤਾ ਗਿਆ, ਸਗੋਂ ਨਵੇਂ-ਨਵੇਂ ਕਾਨੂੰਨ ਬਣਾ ਕੇ ਲੋਕਾਂ ਨੂੰ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ।
ਸ. ਬਰਾੜ ਨੇ ਕਿਹਾ ਕਿ ਆਮ ਆਦਮੀ ਪਾਰਟੀ ਲੋਕ ਹਿੱਤਾਂ ਲਈ ਹਮੇਸ਼ਾ ਹੀ ਲਡ਼ਦੀ ਸੀ, ਲਡ਼ਦੀ ਹੈ ਅਤੇ ਲਡ਼ਦੀ ਰਹੇਗੀ। ਪਾਣੀਆਂ ਦੇ ਮੁੱਦੇ ਸਬੰਧੀ ਵਿਰੋਧੀ ਧਿਰ ਦੇ ਆਗੂ ਸੁਖਪਾਲ ਸਿੰਘ ਖਹਿਰਾ ਵੱਲੋਂ ਬਡ਼ੇ ਧਡ਼ੱਲੇ ਨਾਲ ਸਰਕਾਰ ਨਾਲ ਲਡ਼ਾਈ ਲਡ਼ੀ ਜਾ ਰਹੀ ਹੈ। ਉਨ੍ਹਾਂ ਵਿਧਾਇਕ ਕੰਵਰਜੀਤ ਸਿੰਘ ਰੋਜ਼ੀ ਬਰਕੰਦੀ ਤੋਂ ਮੰਗ ਕੀਤੀ ਕਿ ਉਹ ਲੋਕ ਹਿੱਤਾਂ ਦੀ ਪੈਰਵੀ ਕਰਦਿਆਂ ਇਸ ਮੁੱਦੇ ਨੂੰ ਵਿਧਾਨ ਸਭਾ ’ਚ ਉਠਾਉਣ।
ਇਸ ਮੌਕੇ ਵਿਧਾਇਕ ਨੇ ਵਿਸ਼ਵਾਸ ਦਿਵਾਇਆ ਕਿ ਸ਼੍ਰੋਮਣੀ ਅਕਾਲੀ ਦਲ ਭਾਜਪਾ ਇਸ ਮੁੱਦੇ ’ਤੇ ਆਮ ਆਦਮੀ ਪਾਰਟੀ ਦੇ ਨਾਲ ਇਕਜੁਟ ਹੈ ਅਤੇ ਲੋਕਾਂ ਦੀ ਸਿਹਤ ਨਾਲ ਕੀਤੇ ਜਾ ਰਹੇ ਖਿਲਵਾਡ਼ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਇਸ ਸਮੇਂ ਬਾਬੂ ਸਿੰਘ ਧੀਮਾਨ, ਕੈਪਟਨ ਬਲਦੇਵ ਸਿੰਘ, ਜਗਮੀਤ ਸਿੰਘ ਜੱਗਾ, ਕੰਵਲਜੀਤ ਸਿੰਘ, ਸੁਖਜਿੰਦਰ ਸਿੰਘ ਬੱਬਲ ਬਰਾਡ਼, ਸੁਮਨ ਕੁਮਾਰ ਤੋਤੀ, ਬੋਹਡ਼ ਸਿੰਘ, ‘ਆਪ’ ਦੇ ਵਾਲੰਟੀਅਰ ਅਜੈ ਕੁਮਾਰ ਭੱਲਾ ਆਦਿ ਮੌਜੂਦ ਸਨ।
