ਪੰਜਾਬ ਵਿਚ 9 ਹਾਈਲੀ ਕੰਟੈਮੀਨੇਟਿਡ ਸਾਈਟਸ, ਰਿਹੈਬਲੀਟੇਸ਼ਨ ਦੀ ਲੋੜ
Wednesday, Jul 19, 2017 - 06:52 AM (IST)
ਪੰਜਾਬ ਵਿਚ 9 ਸਥਾਨਾਂ 'ਤੇ ਪ੍ਰਦੂਸ਼ਣ ਦਾ ਪੱਧਰ ਇਸ ਕਦਰ ਵਿਗੜ ਚੁੱਕਾ ਹੈ ਕਿ ਇਥੇ ਰਹਿਣ ਨਾਲ ਸਿਹਤ ਖਰਾਬ ਹੋ ਸਕਦੀ ਹੈ। ਇਹ ਖੁਲਾਸਾ ਕੇਂਦਰ ਸਰਕਾਰ ਦੀ ਉਸ ਰਿਪੋਰਟ ਵਿਚ ਹੋਇਆ ਹੈ, ਜਿਥੇ ਪ੍ਰਦੂਸ਼ਣ ਦੇ ਵਧਦੇ ਪੱਧਰ ਨੂੰ ਦੇਖਦਿਆਂ ਸੁਧਾਰ ਲਈ ਜਲਦੀ ਹੀ ਠੋਸ ਕਦਮ ਉਠਾਉਣ ਦੀ ਗੱਲ ਕਹੀ ਗਈ ਹੈ। ਰਿਪੋਰਟ ਵਿਚ ਕੁਝ ਪ੍ਰਦੂਸ਼ਿਤ ਥਾਵਾਂ ਨੂੰ ਰਿਹੈਬਲੀਟੇਸ਼ਨ ਮੁੜ-ਵਸੇਬਾ ਨੀਤੀ ਅਮਲ ਵਿਚ ਲਿਆਉਣ 'ਤੇ ਜ਼ੋਰ ਦਿੱਤਾ ਗਿਆ ਹੈ। ਮਾਲਵਾ ਵਿਚ ਕੰਟੈਮੀਨੇਟਿਡ ਸਾਈਟਸ ਦੀ ਗਿਣਤੀ ਸਭ ਤੋਂ ਵੱਧ ਹੈ।
ਇਨ੍ਹਾਂ ਥਾਵਾਂ 'ਤੇ ਪ੍ਰਦੂਸ਼ਕਾਂ ਦੇ ਲਗਾਤਾਰ ਸੰਪਰਕ ਵਿਚ ਰਹਿਣ ਨਾਲ ਪੈ ਰਿਹਾ ਸਿਹਤ 'ਤੇ ਮਾੜਾ ਅਸਰ
ਥਾਂ ਲੈਂਡ ਯੂਜ਼ ਹਾਨੀਕਾਰਕ ਤੱਤ
ਬੁੱਢਾ ਨਾਲਾ, ਲੁਧਿਆਣਾ ਵਾਟਰ ਬਾਡੀ ਨਿਕਲ, ਕੈਡਮੀਅਮ, ਲੈਡ, ਪੈਸਟੀਸਾਈਡ ਆਦਿ
ਤਾਜਪੁਰ ਰੋਡ, ਮਿਊਂਸਪਲ ਸਾਲਿਡ ਵੇਸਟ ਸਾਈਟ, ਲੁਧਿਆਣਾ ਡੰਪ ਸਾਈਟ ਨਿਕਲ, ਹਾਈਡ੍ਰੋਕਾਰਬਨ, ਪੈਸਟੀਸਾਈਡ, ਨਾਈਟ੍ਰੇਟ, ਸਲਫੇਟ ਆਦਿ
ਹਬਰਣ ਮਾਰਗ, ਮਿਊਂਸਪਲ ਸਾਲਿਡ ਵੇਸਟ ਡੰਪ ਸਾਈਟ, ਲੁਧਿਆਣਾ ਡੰਪ ਸਾਈਟ ਕਲੋਰਾਈਡ, ਅਮੋਨੀਆ, ਪੋਟਾਸ਼ੀਅਮ, ਹੈਵੀ ਮੈਟਲ ਆਦਿ
ਕਾਲਾ ਸੰਘਿਆਂ ਡ੍ਰੇਨ, ਜਲੰਧਰ ਵਾਟਰ ਬਾਡੀ ਐਸਡਿਕ ਕੈਮੀਕਲ, ਮਰਕਰੀ, ਜ਼ਿੰਕ, ਲੈਡ, ਪੈਸਟੀਸਾਈਡ ਆਦਿ
ਪੀ. ਐੱਸ. ਆਈ. ਈ. ਸੀ., ਲੈਦਰ ਕੰਪਲੈਕਸ ਜਲੰਧਰ ਇੰਡਸਟ੍ਰੀਅਲ ਕ੍ਰੋਮੀਅਮ ਆਦਿ
ਬਸਤੀ ਸ਼ੇਖ, ਜਲੰਧਰ ਮਿਕਸਡ ਪੀ. ਏ. ਐੱਚ. ਕੰਪੋਨੈਂਟ, ਫਿਨੋਲਿਕ ਕੰਪਾਊਂਡ, ਪੈਸਟੀਸਾਈਡ ਆਦਿ
ਅਜਨਾਲੀ ਪਿੰਡ, ਮੰਡੀ ਗੋਬਿੰਦਗੜ੍ਹ ਇੰਡਸਟ੍ਰੀਅਲ ਆਇਲ/ਯੂਲ, ਹਾਈਡ੍ਰੋਕਾਰਬਨ, ਕੈਡਮੀਅਮ, ਹੈਵੀ ਮੈਟਲ ਆਦਿ
ਨਸਰਾਲੀ ਪਿੰਡ, ਮੰਡੀ ਗੋਬਿੰਦਗੜ੍ਹ ਇੰਡਸਟ੍ਰੀਅਲ ਆਰਸੈਨਿਕ ਆਦਿ
ਮਹਾਲਕਸ਼ਮੀ ਆਰਗੋ ਕੈਮੀਕਲ, ਨਾਭਾ ਰੋਡ, ਸੰਗਰੂਰ ਐਗਰੀਕਲਚਰ ਲੈਂਡ ਫਿਨਾਈਲ ਆਦਿ
ਅਸ਼ਵਨੀ ਕੁਮਾਰ
ਪਹਿਲਾਂ 27 ਥਾਵਾਂ ਸਨ ਕੰਟੈਮੀਨੇਟਿਡ ਸਾਈਟਸ ਦੀ ਸੂਚੀ 'ਚ
ਵਾਤਾਵਰਣ, ਵਣ ਤੇ ਜਲਵਾਯੂ ਪਰਿਵਰਤਨ ਮੰਤਰਾਲਾ ਵਲੋਂ ਸੰਭਾਵਿਤ ਕੰਟੈਮੀਨੇਟਿਡ ਸਾਈਟਸ ਇਨ ਇੰਡੀਆ ਦੀ ਤਿਆਰ ਕੀਤੀ ਰਿਪੋਰਟ ਵਿਚ ਉਂਝ ਤਾਂ ਪੰਜਾਬ ਦੀਆਂ 27 ਸੰਭਾਵਿਤ ਥਾਵਾਂ ਨੂੰ ਸ਼ਾਮਲ ਕੀਤਾ ਗਿਆ ਸੀ ਪਰ ਬਾਅਦ ਵਿਚ ਮਾਹਿਰਾਂ ਨਾਲ ਚਰਚਾ ਤੋਂ ਬਾਅਦ 18 ਸਥਾਨਾਂ ਨੂੰ ਸੂਚੀ ਵਿਚੋਂ ਬਾਹਰ ਕਰ ਦਿੱਤਾ ਗਿਆ। ਬਾਕੀ ਦੀਆਂ 9 ਥਾਵਾਂ 'ਤੇ ਕੇਂਦਰ ਵਲੋਂ ਤਾਇਨਾਤ ਵਿਸ਼ੇਸ਼ ਟੀਮ ਨੇ ਮੌਕੇ ਦਾ ਮੁਆਇਨਾ ਕੀਤਾ, ਨਾਲ ਹੀ ਪੰਜਾਬ ਪਾਲਿਊਸ਼ਨ ਕੰਟ੍ਰੋਲ ਬੋਰਡ ਤੋਂ ਵੀ ਰਿਪੋਰਟ ਤਲਬ ਕੀਤੀ ਗਈ। ਬੋਰਡ ਨੇ ਇਨ੍ਹਾਂ ਸਾਰੀਆਂ ਥਾਵਾਂ ਦੀ ਕੰਟੈਮੀਨੇਟਿਡ ਸਾਈਟਸ ਦੇ ਤੌਰ 'ਤੇ ਨਿਸ਼ਾਨਦੇਹੀ ਕਰਦਿਆਂ ਆਪਣੀ ਰਿਪੋਰਟ ਮੰਤਰਾਲਾ ਨੂੰ ਭੇਜ ਦਿੱਤੀ ਹੈ। ਜਿਨ੍ਹਾਂ 9 ਥਾਵਾਂ ਨੂੰ ਸੂਚੀ ਵਿਚ ਪਾਇਆ ਗਿਆ ਹੈ, ਉਥੇ ਆਰਸੈਨਿਕ, ਕੈਡਮੀਅਮ, ਪੋਟਾਸ਼ੀਅਮ, ਅਮੋਨੀਆ, ਕਲੋਰਾਈਡ, ਨਾਈਟ੍ਰੇਟ ਸਲਫੇਟ ਜਿਹੇ ਕਈ ਘਾਤਕ ਰਸਾਇਣ ਪਾਏ ਗਏ ਹਨ। ਇਨ੍ਹਾਂ ਪ੍ਰਦੂਸ਼ਕਾਂ ਦੇ ਲਗਤਾਰ ਸੰਪਰਕ ਵਿਚ ਰਹਿਣ 'ਤੇ ਸਿਹਤ 'ਤੇ ਬੁਰੇ ਅਸਰ ਪੈ ਸਕਦੇ ਹਨ।
ਪੰਜਾਬ ਦੇ ਭੂ-ਜਲ 'ਚ ਆਰਸੈਨਿਕ, ਫਲੋਰਾਈਡ, ਨਾਈਟ੍ਰੇਟ, ਹੈਵੀ ਮੈਟਲ
ਪ੍ਰਦੂਸ਼ਣ ਨੇ ਸੂਬੇ ਦੇ ਭੂ-ਜਲ ਨੂੰ ਵੀ ਵੱਡੇ ਪੱਧਰ 'ਤੇ ਪ੍ਰਦੂਸ਼ਿਤ ਕੀਤਾ ਹੈ। ਸੂਬੇ ਦੇ ਕਈ ਹਿੱਸਿਆਂ ਵਿਚ ਭੂ-ਜਲ ਵਿਚ ਆਰਸੈਨਿਕ, ਫਲੋਰਾਈਡ, ਨਾਈਟ੍ਰੇਟ ਤੇ ਹੈਵੀ ਮੈਟਲ ਦੀ ਬਹੁਤਾਤ ਸਾਹਮਣੇ ਆ ਰਹੀ ਹੈ, ਜੋ ਇਥੋਂ ਦੇ ਨਿਵਾਸੀਆਂ ਨੂੰ ਬੀਮਾਰ ਕਰ ਰਹੀ ਹੈ।
ਹੈਵੀ ਮੈਟਲ ਕਰ ਰਿਹਾ ਪੀਣ ਵਾਲੇ ਪਾਣੀ ਨੂੰ ਦੂਸ਼ਿਤ
ਹਾਲ ਹੀ ਵਿਚ ਪੇ ਜਲ ਤੇ ਸਵੱਛਤਾ ਮੰਤਰਾਲਾ ਪੰਜਾਬ ਨੇ ਦੂਸ਼ਿਤ ਪਾਣੀ ਤੋਂ ਪ੍ਰਭਾਵਿਤ ਆਬਾਦੀ ਦਾ ਅੰਕੜਾ ਜਾਰੀ ਕੀਤਾ। ਇਸ ਵਿਚ ਸਾਹਮਣੇ ਆਇਆ ਹੈ ਕਿ ਸੂਬੇ ਵਿਚ 1,990 ਆਬਾਦੀ ਵਾਲੇ ਖੇਤਰ ਹੈਵੀ ਮੈਟਲ ਵਾਲੇ ਪੇ ਜਲ ਤੋਂ ਪ੍ਰਭਾਵਿਤ ਹਨ। ਇਸੇ ਲੜੀ ਵਿਚ ਜਿਥੇ ਪੇ ਜਲ ਵਿਚ ਆਰਸੈਨਿਕ ਦੀ ਮਾਤਰਾ ਵੱਧ ਹੈ, ਉਥੇ ਹੀ 475 ਆਬਾਦੀ ਵਾਲੇ ਖੇਤਰ, ਫਲੋਰਾਈਡ ਨਾਲ 281 ਆਬਾਦੀ ਵਾਲੇ ਖੇਤਰ ਤੇ ਨਾਈਟ੍ਰੇਟ ਨਾਲ 141 ਆਬਾਦੀ ਵਾਲੇ ਖੇਤਰ ਬੁਰੀ ਤਰ੍ਹਾਂ ਪ੍ਰਭਾਵਿਤ ਹਨ। ਇਸੇ ਲੜੀ ਵਿਚ ਜਿਥੇ ਭੂ-ਜਲ ਦੀ ਮਾਤਰਾ ਕਾਫੀ ਵੱਧ ਹੈ, ਉਥੇ ਹੀ 221 ਆਬਾਦੀ ਵਾਲੇ ਖੇਤਰ ਸਿੱਧੇ ਤੌਰ 'ਤੇ ਪ੍ਰਭਾਵਿਤ ਹੋ ਰਹੇ ਹਨ।
ਪਹਿਲਾਂ ਇਨ੍ਹਾਂ ਨੂੰ ਵੀ ਰੱਖਿਆ ਗਿਆ ਸੀ ਸੰਭਾਵਿਤ ਸੂਚੀ 'ਚ
ਮਾਹਿਰਾਂ ਦੀ ਚਰਚਾ ਦੇ ਬਾਅਦ ਜਿਨ੍ਹਾਂ 18 ਥਾਵਾਂ ਨੂੰ ਕੰਟੈਮੀਨੇਟਿਡ ਸਾਈਟਸ ਤੋਂ ਬਾਹਰ ਕੀਤਾ ਗਿਆ, ਉਨ੍ਹਾਂ 'ਚ ਤਰਨਤਾਰਨ ਦੇ ਗੋਇੰਦਵਾਲ, ਲੁਧਿਆਣਾ ਦੇ ਚੰਦਰ ਨਗਰ, ਫਾਜ਼ਿਲਕਾ ਦੇ ਪਿੰਡ ਤੇਜਾ ਰੁਹੇਲਾ, ਮੰਡੀ ਗੋਬਿੰਦਗੜ੍ਹ ਦੇ ਪਿੰਡ ਅੰਬੇ ਮਾਜਰਾ, ਰਾਜਪੁਰਾ ਦੇ ਪਿੰਡ ਢਕਾਨਸੂ-ਜਨਸੂਆ, ਅੰਮ੍ਰਿਤਸਰ 'ਚ ਮਜੀਠਾ ਰੋਡ, ਅੰਮ੍ਰਿਤਸਰ ਦੇ ਮਾਹਿਲ ਕਲਾਂ 'ਚ ਤੁੰਗਢਾਬ ਡ੍ਰੇਨ, ਰਾਜਪੁਰਾ ਦੇ ਬਨੂੜ, ਫਤਿਹਗੜ੍ਹ ਚੂੜੀਆਂ ਦੀ ਖੰਨਾ ਪੇਪਰ ਮਿੱਲ, ਲੁਧਿਆਣਾ ਦੇ ਢੰਡਾਰੀ ਕਲਾਂ 'ਚ ਜਿਓਤੀ ਇੰਡਸਟ੍ਰੀਅਲ ਏਰੀਆ, ਬਟਾਲਾ 'ਚ ਬੈਕਯਾਰਡ ਲੇਡ ਸਮੈਲਟਿੰਗ ਯੂਨਿਟ, ਮੰਡੀ ਗੋਬਿੰਦਗੜ੍ਹ 'ਚ ਅਜਨਾਲੀ ਇੰਡਸਟ੍ਰੀਅਲ ਡੰਪਿੰਗ ਗ੍ਰਾਊਂਡ, ਅੰਮ੍ਰਿਤਸਰ 'ਚ ਹੁਡਿਆਰਾ ਡ੍ਰੇਨ, ਫਤਿਹਗੜ੍ਹ ਸਾਹਿਬ 'ਚ ਲੁਧਿਆਣਾ ਬਾਈਪਾਸ, ਨਵਾਂਸ਼ਹਿਰ 'ਚ ਮਾਂਟਾਰੀ ਇੰਡਸਟ੍ਰੀ ਲਿਮਟਿਡ, ਬਨੂੜ 'ਚ ਚੰਡੀਗੜ੍ਹ ਡਿਸਟਲਰੀਜ਼, ਜਲੰਧਰ 'ਚ ਲੈਦਰ ਕੰਪਲੈਕਸ ਯੂਨਿਟ ਤੇ ਅੰਮ੍ਰਿਤਸਰ 'ਚ ਮੁਰਾਦਪੁਰ ਪਿੰਡ ਸ਼ਾਮਲ ਹਨ।
ਮਾਨਸਿਕ ਬੀਮਾਰੀ ਦੇ ਸ਼ਿਕਾਰ ਹੋ ਰਹੇ ਬੱਚੇ
ਪੰਜਾਬ 'ਚ ਕਈ ਸਵੈ-ਸੇਵੀ ਸੰਸਥਾਵਾਂ ਨੇ ਸਰਵੇ 'ਚ ਪਾਇਆ ਹੈ ਕਿ ਪੰਜਾਬ 'ਚ ਫਾਜ਼ਿਲਕਾ ਖੇਤਰ 'ਚ ਕੁਝ ਥਾਵਾਂ ਅਜਿਹੀਆਂ ਹਨ, ਜਿਥੇ ਪੈਦਾ ਹੋਣ ਵਾਲੇ ਬੱਚੇ ਸੈਰੇਬ੍ਰਲ ਪਲਸੀ ਭਾਵ ਦਿਮਾਗੀ ਲਕਵੇ ਦੀ ਬੀਮਾਰੀ ਨਾਲ ਪੀੜਤ ਹਨ। ਉਥੇ ਹੀ ਪੰਜਾਬ ਸਰਕਾਰ ਦੇ ਪੱਧਰ 'ਤੇ ਕਰਵਾਏ ਗਏ ਸਰਵੇ 'ਚ ਇਹ ਗੱਲ ਸਾਹਮਣੇ ਆਈ ਹੈ ਕਿ ਪੰਜਾਬ 'ਚ ਕੈਂਸਰ ਤੇਜ਼ੀ ਨਾਲ ਫੈਲ ਰਿਹਾ ਹੈ। ਮੁਕਤਸਰ ਜ਼ਿਲੇ ਦੇ ਕੁਝ ਸਭ ਤੋਂ ਜ਼ਿਆਦਾ ਕੈਂਸਰ ਪੀੜਤ ਮਰੀਜ਼ਾਂ ਦੇ ਪਿੰਡ 'ਚ ਜਦੋਂ ਪਿੰਡ ਵਾਸੀਆਂ ਦੇ ਖੂਨ ਦੇ ਨਮੂਨੇ ਟੈਸਟ ਕੀਤੇ ਗਏ ਤਾਂ ਸਾਹਮਣੇ ਆਇਆ ਕਿ ਇਨ੍ਹਾਂ ਦੇ ਖੂਨ 'ਚ ਵੱਡੀ ਮਾਤਰਾ ਪੈਸਟੀਸਾਈਡਸ ਦੀ ਹੈ। ਵਾਤਾਵਰਣ ਮੰਤਰਾਲਾ ਵੀ ਇਸ ਗੱਲ ਨੂੰ ਸਵੀਕਾਰ ਕਰ ਚੁੱਕਾ ਹੈ ਕਿ ਪੰਜਾਬ ਦੇ ਪਾਣੀ 'ਚ ਹੈਵੀ ਮੈਟਲ ਦੇ ਨਾਲ-ਨਾਲ ਯੂਰੇਨੀਅਮ ਤਕ ਮੌਜੂਦ ਹੈ।
ਸੂਚੀ ਬਣਾਉਣ ਨਾਲ ਨਹੀਂ, ਜ਼ਮੀਨੀ ਪੱਧਰ 'ਤੇ ਕੰਮ ਕਰਨ ਨਾਲ ਬਦਲੇਗੀ ਕਾਇਆ
ਬੇਸ਼ੱਕ ਕੇਂਦਰ ਸਰਕਾਰ ਵਲੋਂ ਪੰਜਾਬ ਦੀਆਂ ਬੇਹੱਦ ਪ੍ਰਦੂਸ਼ਿਤ ਥਾਵਾਂ ਦਾ ਖਾਕਾ ਤਿਆਰ ਕਰਨਾ ਚੰਗੀ ਪਹਿਲ ਹੈ ਪਰ ਸਿਰਫ ਸੂਚੀਆਂ ਬਣਾਉਣ ਨਾਲ ਕੋਈ ਬਦਲਾਅ ਨਹੀਂ ਆਉਣ ਵਾਲਾ, ਜ਼ਰੂਰੀ ਹੈ ਕਿ ਜ਼ਮੀਨੀ ਪੱਧਰ 'ਤੇ ਕੰਮ ਕੀਤਾ ਜਾਏ। ਕਾਲਾ ਸੰਘਿਆ ਡ੍ਰੇਨ ਦੀ ਗੱਲ ਕਰੀਏ ਤਾਂ ਪਿਛਲੇ ਲੰਬੇ ਸਮੇਂ ਤੋਂ ਸਾਡੀ ਸੰਸਥਾ ਨੇ ਇਸ 'ਚ ਆਉਣ ਵਾਲੇ ਜ਼ਹਿਰੀਲੇ ਤੱਤਾਂ ਦੇ ਖਿਲਾਫ ਮੋਰਚਾ ਲਾਇਆ ਹੋਇਆ ਹੈ। ਸੀਵਰੇਜ ਰੋਕਣ ਲਈ ਬੰਨ੍ਹ ਵੀ ਬਣਾਏ ਗਏ ਪਰ ਉੱਚ ਅਧਿਕਾਰੀਆਂ ਦੀ ਸ਼ਹਿ 'ਤੇ ਬੰਨ੍ਹ ਤੋੜ ਕੇ ਸੀਵਰੇਜ ਡ੍ਰੇਨ 'ਚ ਪਾਇਆ ਜਾ ਰਿਹਾ ਹੈ, ਜੋ ਕਿ ਮੰਦਭਾਗਾ ਹੈ। ਪੰਜਾਬ ਸਰਕਾਰ ਨੂੰ ਸਿਰਫ ਕੇਂਦਰ ਸਰਕਾਰ ਦੇ ਭਰੋਸੇ ਰਹਿ ਕੇ ਸੂਬੇ ਨੂੰ ਸਵੱਛ ਬਣਾਉਣ ਦੀ ਥਾਂ ਖੁਦ ਆਪਣੇ ਪੱਧਰ 'ਤੇ ਵੀ ਪ੍ਰਦੂਸ਼ਣ ਨਾਲ ਨਿਪਟਣ ਲਈ ਮੁਹਿੰਮ ਛੇੜਨੀ ਹੋਵੇਗੀ, ਤਾਂ ਹੀ ਪੰਜਾਬ ਦੀ ਆਬੋ-ਹਵਾ ਸ਼ੁੱਧ ਹੋਵੇਗੀ ਅਤੇ ਪੰਜਾਬ ਦੇ ਬਾਸ਼ਿੰਦਿਆਂ ਨੂੰ ਚੰਗੀ ਸਿਹਤ ਮਿਲ ਸਕੇਗੀ।
¸ਬਲਬੀਰ ਸਿੰਘ ਸੀਚੇਵਾਲ, ਵਾਤਾਵਰਣ ਪ੍ਰੇਮੀ
