ਭਾਖੜਾ ਡੈਮ ''ਚ 1641 ਫੁੱਟ ''ਤੇ ਪੁੱਜਾ ਪਾਣੀ ਦਾ ਲੈਵਲ

Monday, Aug 07, 2017 - 12:22 AM (IST)

ਭਾਖੜਾ ਡੈਮ ''ਚ 1641 ਫੁੱਟ ''ਤੇ ਪੁੱਜਾ ਪਾਣੀ ਦਾ ਲੈਵਲ

ਪਟਿਆਲਾ (ਜੋਸਨ) - ਬਿਜਲੀ ਪੈਦਾ ਕਰਨ ਦੇ ਸਭ ਤੋਂ ਵੱਡੇ ਸਰੋਤ ਭਾਖੜਾ ਡੈਮ 'ਚ ਲਗਾਤਾਰ ਵਧਦੇ ਪਾਣੀ ਨੇ ਭਾਖੜਾ ਬੋਰਡ ਮੈਨੇਜਮੈਂਟ ਨੂੰ ਵੀ ਪੜ੍ਹਨੇ ਪਾ ਦਿੱਤਾ ਹੈ। ਮਿਲੇ ਅੰਕੜਿਆਂ ਅਨੁਸਾਰ ਅੱਜ ਡੈਮ 'ਚ ਪਾਣੀ ਦਾ ਲੈਵਲ 1641 ਫੁੱਟ ਨੂੰ ਪਾਰ ਕਰ ਗਿਆ ਹੈ। ਲੰਘੇ ਸਾਲ ਇਸੇ ਦਿਨ ਪਾਣੀ ਦਾ ਲੈਵਲ ਸਿਰਫ 1603 ਫੁੱਟ ਭਾਵ 38 ਫੁੱਟ ਘੱਟ ਸੀ। ਵਧਦੇ ਪਾਣੀ ਨੇ ਬਿਜਲੀ ਨਿਗਮ ਨੂੰ ਤਾਂ ਭਾਵੇਂ ਰਾਹਤ ਦਿੱਤੀ ਪਰ ਡੈਮ 'ਚ ਬਾਰਿਸ਼ਾਂ ਕਾਰਨ ਆ ਰਿਹਾ ਤੇਜ਼ੀ ਨਾਲ ਪਾਣੀ ਵੱਡੇ ਖਤਰੇ ਦੀ ਘੰਟੀ ਹੈ, ਜਿਸ ਨੇ ਬੋਰਡ ਮੈਨੇਜਮੈਂਟ ਨੂੰ ਪ੍ਰੇਸ਼ਾਨ ਕਰ ਦਿੱਤਾ ਹੈ। ਡੈਮ ਮੈਨੇਜਮੈਂਟ ਨੇ ਪਾਣੀ ਨੂੰ ਤੇਜ਼ੀ ਨਾਲ ਡਿਸਚਾਰਜ ਕਰਨਾ ਸ਼ੁਰੂ ਕਰ ਦਿੱਤਾ ਹੈ ਪਰ ਲਗਾਤਾਰ ਡੈਮ ਖਤਰੇ ਦੇ ਨਿਸ਼ਾਨ ਵੱਲ ਵਧਦਾ ਜਾ ਰਿਹਾ ਹੈ।
ਪੌਂਗ ਡੈਮ 'ਚ ਵੀ ਪਾਣੀ ਪੁੱਜਾ 1362 ਫੁੱਟ ਦੀ ਉਚਾਈ 'ਤੇ  
ਉਧਰ ਪੌਂਗ ਡੈਮ ਵਿਚ ਵੀ ਪਾਣੀ ਦਾ ਲੈਵਲ 1362 ਫੁੱਟ ਦੀ ਉਚਾਈ 'ਤੇ ਪੁੱਜ ਚੁੱਕਾ ਹੈ। ਪਿਛਲੇ ਸਾਲ ਅੱਜ ਦੇ ਦਿਨ ਇਹ ਲੈਵਲ ਸਿਰਫ 1330 ਫੁੱਟ ਸੀ। ਇਸ ਡੈਮ ਵਿਚ ਇਸ ਸਾਲ ਹਰ ਰੋਜ਼ 75000 ਕਿਊਸਿਕ ਪਾਣੀ ਆ ਰਿਹਾ ਹੈ। ਪਿਛਲੇ ਸਾਲ ਇਸ ਡੈਮ ਵਿਚ ਸਿਰਫ 28931 ਕਿਊਸਿਕ ਪਾਣੀ ਆ ਰਿਹਾ ਸੀ। ਇਸੇ ਤਰ੍ਹਾਂ ਆਰ. ਐੱਸ. ਡੀ. ਡੈਮ ਵਿਚ ਪਾਣੀ ਦਾ ਲੈਵਲ ਵੀ ਉਚਾਈ ਵੱਲ ਵਧਦਾ ਜਾ ਰਿਹਾ ਹੈ।
ਪੰਜਾਬ 'ਚ ਫਿਰ ਬਿਜਲੀ ਦੀ ਡਿਮਾਂਡ 2300 ਲੱਖ ਯੂਨਿਟ ਦੇ ਪਾਰ  
ਗਰਮੀ ਤੇ ਪੈਡੀ ਨਾਲ ਜੂਝਦੇ ਬਿਜਲੀ ਨਿਗਮ ਲਈ ਇਸ ਵਾਰ ਬਾਰਿਸ਼ ਵੀ ਬਹੁਤਾ ਕੰਮ ਨਹੀਂ ਕਰ ਰਹੀ ਹੈ। ਬਾਰਿਸ਼ ਨੇ ਬਿਜਲੀ ਨਿਗਮ ਨੂੰ ਸਿਰਫ 1 ਅਤੇ 2 ਅਗਸਤ ਨੂੰ ਹੀ ਰਾਹਤ ਦਿੱਤੀ ਹੈ। ਹੁਣ ਫਿਰ ਬਿਜਲੀ ਦੀ ਡਿਮਾਂਡ ਪੰਜਾਬ 'ਚ 2300 ਲੱਖ ਯੂਨਿਟ ਨੂੰ ਪਾਰ ਕਰ ਗਈ ਹੈ।  ਪੰਜਾਬ ਵਿਚ ਅੱਜ ਬਿਜਲੀ ਦੀ ਡਿਮਾਂਡ 2 ਅਗਸਤ ਨੂੰ ਸਿਰਫ 1695 ਲੱਖ ਯੂਨਿਟ ਦੇ ਆਸ-ਪਾਸ ਹੀ ਸੀ। 3 ਅਗਸਤ ਨੂੰ 1940 ਲੱਖ, 4 ਅਗਸਤ ਨੂੰ 2075 ਲੱਖ , 5 ਅਗਸਤ ਨੂੰ ਇਹ ਡਿਮਾਂਡ 2217 ਲੱਖ ਯੂਨਿਟ ਸੀ, ਜਿਸ ਕਾਰਨ ਬਿਜਲੀ ਨਿਗਮ ਨੇ ਆਪਣੇ ਕਈ ਯੂਨਿਟ ਚਾਲੂ ਕਰ ਲਏ ਹਨ।


Related News