ਢਿਪਾਲੀ ਰਜਬਾਹੇ ''ਚ ਭਰਿਆ ਗੰਦ, ਪਾਣੀ ਬੰਦ, ਕਿਸਾਨ ਪਰੇਸ਼ਾਨ

Saturday, Jun 03, 2017 - 02:56 PM (IST)

ਨਥਾਣਾ(ਬੱਜੋਆਣੀਆਂ)— ਇਸ ਇਲਾਕੇ ਦੇ ਸੈਂਕੜੇ ਪਿੰਡਾਂ ਦੀ ਹਜ਼ਾਰਾਂ ਏਕੜ ਜ਼ਮੀਨ ਨੂੰ ਪਿਛਲੇ ਕਈ ਦਹਾਕਿਆਂ ਤੋਂ ਨਹਿਰੀ ਪਾਣੀ ਦਿੰਦਾ ਆ ਰਿਹਾ ਢਿਪਾਲੀ ਰਜਬਾਹਾ ਅੱਜਕੱਲ ਪਾਣੀ ਨਾ ਵਗਣ ਕਰਕੇ ਚਿੱਟਾ ਹਾਥੀ ਬਣ ਕੇ ਰਹਿ ਗਿਆ ਹੈ। ਰਜਬਾਹੇ 'ਚ ਕਦੇ ਹੀ ਬਹੁਤ ਘੱਟ ਮਾਤਰਾ 'ਚ ਪਾਣੀ ਆਉਂਦਾ ਹੈ, ਜੋ ਕਿਸਾਨਾਂ ਦੀਆਂ ਸਿੰਚਾਈ ਸੰਬੰਧੀ ਲੋੜਾਂ ਦੀ ਪੂਰਤੀ ਨਹੀਂ ਕਰਦਾ। ਸਰਹੰਦ ਨਹਿਰ ਦੀ ਬਠਿੰਡਾ ਸ਼ਾਖਾ 'ਚੋਂ ਪਿੰਡ ਟੱਲੇਵਾਲ ਤੋਂ ਨਿਕਲਣ ਵਾਲਾ ਇਹ ਰਜਬਾਹਾ ਪਿੰਡ ਢੇਲਵਾਂ, ਗੰਗਾ, ਗਿੱਦੜ ਦੇ ਖੇਤਾਂ 'ਚ ਆ ਕੇ ਆਪਣਾ ਪੰਧ ਪੂਰਾ ਕਰਦਾ ਹੈ। ਕਿਸਾਨਾਂ ਦੇ ਦੱਸਣ ਮੁਤਾਬਕ ਅੱਜ ਤੋਂ ਦੋ ਦਹਾਕੇ ਪਹਿਲਾਂ ਇਸ ਰਜਬਾਹੇ ਦਾ ਪਾਣੀ ਸਿੰਚਾਈ ਕੰਮਾਂ ਲਈ ਕਾਫੀ ਹੁੰਦਾ ਸੀ ਪਰ ਸਿੰਚਾਈ ਵਿਭਾਗ ਦੀ ਅਣਦੇਖੀ ਅਤੇ ਲਾਪਰਵਾਹੀ ਕਰਕੇ ਇਹ ਰਜਬਾਹਾ ਪਾਣੀ ਦੀ ਥਾਂ ਗੰਦ-ਮੰਦ ਨਾਲ ਪੂਰੀ ਤਰ੍ਹਾਂ ਨਾਲ ਭਰ ਗਿਆ ਹੈ, ਜਿਸ ਦੀ ਵਿਭਾਗ ਨੇ ਕਦੇ ਵੀ ਸਫਾਈ ਕਰਵਾਉਣ ਦੀ ਜ਼ਰੂਰਤ ਨਹੀਂ ਸਮਝੀ।
ਸੰਬੰਧਤ ਕਿਸਾਨ ਵਿਭਾਗ ਦੇ ਉੱਚ-ਅਧਿਕਾਰੀਆਂ ਅਤੇ ਸਿਆਸੀ ਆਗੂਆਂ ਦੇ ਧਿਆਨ ਵਿਚ ਇਹ ਮਸਲਾ ਕਈ ਵਾਰ ਲਿਆ ਚੁੱਕੇ ਹਨ ਪਰ ਕਿਸੇ ਨੇ ਕੋਈ ਸੁਣਵਾਈ ਨਹੀਂ ਕੀਤੀ, ਜਿਸ ਕਰਕੇ ਕਿਸਾਨਾਂ ਨੂੰ ਲੋੜੀਂਦੀ ਮਾਤਰਾ 'ਚ ਨਹਿਰੀ ਪਾਣੀ ਨਹੀਂ ਮਿਲ ਰਿਹਾ। ਕਿਸਾਨਾਂ ਨੇ ਦੱਸਿਆ ਕਿ ਬਰਸਾਤਾਂ ਦੇ ਦਿਨਾਂ ਦੌਰਾਨ ਇਸ ਰਜਬਾਹੇ 'ਚ ਇੰਨਾ ਭਾਰੀ ਮਾਤਰਾ 'ਚ ਪਾਣੀ ਛੱਡ ਦਿੱਤਾ ਜਾਂਦਾ ਹੈ ਕਿ ਇਹ ਘਾਹ-ਫੂਸ ਅਤੇ ਗੰਦ-ਮੰਦ ਨਾਲ ਭਰਿਆ ਹੋਣ ਕਰ ਕੇ ਥਾਂ-ਥਾਂ ਤੋਂ ਟੁੱਟ ਕੇ ਕਿਸਾਨਾਂ ਦੀਆਂ ਫਸਲਾਂ ਬਰਬਾਦ ਕਰ ਦਿੰਦਾ ਹੈ, ਜਿਸ ਦਾ ਕਦੇ ਵੀ ਪ੍ਰਭਾਵਿਤ ਕਿਸਾਨਾਂ ਨੂੰ ਕੋਈ ਮੁਆਵਜ਼ਾ ਨਹੀਂ ਮਿਲਿਆ। ਸੰਬੰਧਤ ਪਿੰਡਾਂ ਦੇ ਕਿਸਾਨਾਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਇਸ ਰਜਬਾਹੇ ਦੀ ਸਫਾਈ ਅਤੇ ਮੁਰੰਮਤ ਆਦਿ ਕਰਵਾ ਕੇ ਇਸ 'ਚ ਰਕਬੇ ਦੇ ਹਿਸਾਬ ਨਾਲ ਪੂਰੀ ਮਾਤਰਾ 'ਚ ਨਹਿਰੀ ਪਾਣੀ ਛੱਡਣ ਦਾ ਇੰਤਜ਼ਾਮ ਕੀਤਾ ਜਾਵੇ।


Related News