ਡੀ. ਸੀ. ਨੇ ਕਿਸਾਨਾਂ ਨੂੰ ਯੂਰੀਆ ਦੀ ਜ਼ਿਆਦਾ ਵਰਤੋਂ ਕਰਨ ''ਤੇ ਦਿੱਤੀ ਚਿਤਾਵਨੀ
Thursday, Aug 20, 2020 - 02:56 PM (IST)
ਫਿਰੋਜ਼ਪੁਰ (ਹਰਚਰਨ ਬਿੱਟੂ) : ਵਧੀਕ ਡਿਪਟੀ ਕਮਿਸ਼ਨਰ ਰਾਜਦੀਪ ਕੌਰ ਨੇ ਕਿਸਾਨਾਂ ਨੂੰ ਯੂਰੀਆ ਦੀ ਜ਼ਿਆਦਾ ਵਰਤੋਂ ਖ਼ਿਲਾਫ਼ ਆਗਾਹ ਕਰਦੇ ਹੋਏ ਸਖ਼ਤ ਕਾਰਵਾਈ ਦੀ ਚਿਤਾਵਨੀ ਦਿੱਤੀ ਹੈ। ਉਸਨੇ ਕਿਹਾ ਹੈ ਕਿ ਸਰਕਾਰ ਵਲੋਂ ਜਾਰੀ ਕੀਤੀਆਂ ਹਦਾਇਤਾਂ ਅਨੁਸਾਰ ਸਾਡੇ ਵਾਤਾਵਰਣ ਅਤੇ ਸਿਹਤ ਨੂੰ ਬਣਾਈ ਰੱਖਣ ਲਈ ਯੂਰੀਆ ਦੀ ਘੱਟੋ-ਘੱਟ ਵਰਤੋਂ ਜ਼ਰੂਰੀ ਹੈ, ਕਿਉਂਕਿ ਯੂਰੀਆ ਹੋਰ ਰਸਾਇਣਕ ਉਤਪਾਦਾਂ ਦੀ ਤਰ੍ਹਾਂ ਹੈ, ਜਿਸ ਦੀ ਜ਼ਿਆਦਾ ਵਰਤੋਂ ਸਾਨੂੰ ਨੁਕਸਾਨ ਪਹੁੰਚਾ ਸਕਦੀ ਹੈ। ਵਿਸਥਾਰਤ ਜਾਣਕਾਰੀ ਦਿੰਦਿਆਂ ਉਨ੍ਹਾਂ ਕਿਹਾ ਕਿ ਸਰਕਾਰ ਨੇ ਯੂਰੀਆ ਦੀ ਵਰਤੋਂ ਲਈ ਇੱਕ ਸੀਮਾ ਨਿਰਧਾਰਤ ਕੀਤੀ ਹੈ। ਪ੍ਰਤੀ ਏਕੜ 'ਚ ਸਿਰਫ 110 ਕਿਲੋ ਯੂਰੀਆ ਹੀ ਵਰਤਿਆ ਜਾ ਸਕਦਾ ਹੈ ਅਤੇ ਵਧੇਰੇ ਵਰਤੋਂ ਦੀ ਮਨਾਹੀ ਹੈ। ਜ਼ਿਆਦਾ ਵਰਤੋਂ ਕਰਨ 'ਤੇ ਕਾਰਵਾਈ ਕੀਤੀ ਜਾ ਸਕਦੀ ਹੈ।
ਇਹ ਵੀ ਪੜ੍ਹੋ : ਨਕਲੀ ਸ਼ਰਾਬ 'ਤੇ ਰੋਕਥਾਮ ਲਈ ਆਬਕਾਰੀ ਮਹਿਕਮੇ ਨੇ ਦਿਸ਼ਾ-ਨਿਰਦੇਸ਼ ਕੀਤੇ ਜਾਰੀ
ਏ. ਡੀ. ਸੀ. ਨੇ ਕਿਹਾ ਕਿ ਕੁਝ ਮਾਮਲਿਆਂ 'ਚ ਇਹ ਗੱਲ ਸਾਹਮਣੇ ਆਈ ਹੈ ਕਿ ਬਹੁਤ ਸਾਰੇ ਕਿਸਾਨ ਆਪਣੇ ਸਾਥੀ ਕਿਸਾਨਾਂ ਜਾਂ ਸਹਿਕਾਰੀ ਸਭਾਵਾਂ ਲਈ ਵੱਡੀ ਗਿਣਤੀ 'ਚ ਯੂਰੀਆ ਖਰੀਦ ਰਹੇ ਹਨ, ਜੋ ਕਿ ਗੈਰ ਕਾਨੂੰਨੀ ਹੈ। ਉਨ੍ਹਾਂ ਕਿਹਾ ਕਿ ਕੋਈ ਵੀ ਕਿਸਾਨ ਆਪਣੀ ਫਸਲ ਲਈ ਹੀ ਯੂਰੀਆ ਖਰੀਦ ਸਕਦਾ ਹੈ, ਇਸ ਲਈ ਜੇਕਰ ਕੋਈ ਕਿਸਾਨ ਵੱਡੀ ਮਾਤਰਾ ਵਿੱਚ ਯੂਰੀਆ ਖਰੀਦਦਾ ਹੈ ਤਾਂ ਉਸ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ। ਏ. ਡੀ. ਸੀ. ਨੇ ਕਿਹਾ ਕਿ ਬਹੁਤ ਸਾਰੇ ਕਿਸਾਨਾਂ ਨੇ ਸ਼ਿਕਾਇਤ ਕੀਤੀ ਹੈ ਕਿ ਉਨ੍ਹਾਂ ਦੇ ਯੂਰੀਆ ਖਰੀਦ ਬਿੱਲ ਵਿਚ ਕੋਈ ਗੜਬੜੀ ਪਾਈ ਗਈ ਹੈ ਕਿਉਂਕਿ ਜਿੰਨੀ ਤਾਦਾਦ ਵਿੱਚ ਉਨ੍ਹਾਂ ਯੂਰੀਆ ਖਰੀਦੀ ਸੀ, ਉਸ ਤੋਂ ਜ਼ਿਆਦਾ ਮਾਤਰਾ ਉਨ੍ਹਾਂ ਦੇ ਬਿੱਲ ਵਿੱਚ ਜੋੜ ਦਿੱਤੀ ਗਈ। ਸਥਿਤੀ ਬਾਰੇ ਦੱਸਦੇ ਹੋਏ ਏ. ਡੀ. ਸੀ. ਨੇ ਕਿਹਾ ਕਿ ਬਹੁਤ ਸਾਰੇ ਡੀਲਰ ਆਪਣੀ ਅਣਅਧਿਕਾਰਤ ਸੇਲ ਨੂੰ ਏਡਜਸਟ ਕਰਨ ਲਈ ਕਿਸਾਨਾਂ ਦੇ ਬਿੱਲ 'ਚ ਵਧੇਰੇ ਮਾਤਰਾ ਜੋੜ ਦਿੰਦੇ ਹਨ ਕਿਉਂਕਿ ਕਿਸਾਨ ਆਪਣੇ ਬਿੱਲਾਂ ਦੀ ਜਾਂਚ ਨਹੀਂ ਕਰਦੇ। ਇਸ ਲਈ ਉਨ੍ਹਾਂ ਨੇ ਕਿਸਾਨਾਂ ਨੂੰ ਉਨ੍ਹਾਂ ਦੇ ਖਰੀਦ ਬਿੱਲ ਦੀ ਜਾਂਚ ਕਰਨ ਲਈ ਕਿਹਾ, ਨਾਲ ਹੀ ਸੁਚੇਤ ਕੀਤਾ ਹੈ ਕਿ ਜੇਕਰ ਕੋਈ ਖ਼ਰਾਬੀ ਜਾਂ ਕਮੀ ਹੈ ਤਾਂ ਤੁਰੰਤ ਸਬੰਧਤ ਮਹਿਕਮੇ ਨੂੰ ਇਸ ਬਾਰੇ ਸੂਚਿਤ ਕਰਨ।
ਇਹ ਵੀ ਪੜ੍ਹੋ : ਸ਼ਹੀਦ ਫ਼ੌਜੀ ਦੀ ਪਤਨੀ ਭੋਲੇਪਨ 'ਚ ਖਾ ਗਈ ਧੋਖਾ, ਫ਼ੌਜੀ ਨੇ ਹੀ ਕੀਤਾ ਵੱਡਾ ਕਾਂਡ