ਖ਼ਤਰੇ ਦੀ ਘੰਟੀ! ਪੰਜਾਬ ਦੇ ਇਸ ਇਲਾਕੇ 'ਚ ਕਦੇ ਵੀ ਆ ਸਕਦੈ ਹੜ੍ਹ, ਸਹਿਮੇ ਲੋਕ
Saturday, Jul 05, 2025 - 01:33 PM (IST)

ਜਲੰਧਰ (ਖੁਰਾਣਾ)– ਜਲੰਧਰ ਦੀ ਸਥਾਨਕ ਭਗਤ ਸਿੰਘ ਕਾਲੋਨੀ ਵਿਚ ਇਸ ਵਾਰ ਵੀ ਮਾਨਸੂਨ ਲੋਕਾਂ ਲਈ ਪ੍ਰੇਸ਼ਾਨੀ ਲੈ ਕੇ ਆ ਸਕਦੀ ਹੈ। ਮੰਨਿਆ ਜਾ ਰਿਹਾ ਹੈ ਕਿ ਜੇਕਰ ਆਉਣ ਵਾਲੇ ਦਿਨਾਂ ਵਿਚ ਥੋੜ੍ਹਾ ਜਿਹਾ ਵੀ ਮੀਂਹ ਪਿਆ ਤਾਂ ਕਾਲੋਨੀ ਵਿਚ ਹੜ੍ਹ ਆ ਸਕਦਾ ਹੈ। ਜ਼ਿਕਰਯੋਗ ਹੈ ਕਿ ਕਾਲੋਨੀ ਵਿਚ ਪਾਣੀ ਦੀ ਨਿਕਾਸੀ ਦਾ ਕੋਈ ਪੁਖ਼ਤਾ ਪ੍ਰਬੰਧ ਨਾ ਹੋਣ ਕਾਰਨ ਹਲਕੇ ਜਿਹੇ ਮੀਂਹ ਵਿਚ ਹੀ ਸੜਕਾਂ ’ਤੇ ਪਾਣੀ ਭਰ ਜਾਂਦਾ ਹੈ ਅਤੇ ਅੱਜ ਵੀ ਨੇੜਿਓਂ ਲੰਘਦੀ ਕਾਲਾ ਸੰਘਿਆਂ ਡ੍ਰੇਨ ਦੇ ਓਵਰਫਲੋਅ ਹੋਣ ਦਾ ਖ਼ਤਰਾ ਬਣਿਆ ਹੋਇਆ ਹੈ।
ਇਹ ਵੀ ਪੜ੍ਹੋ: ਪੰਜਾਬ ਦੀ ਸਿਆਸਤ 'ਚ ਵੱਡੀ ਹਲਚਲ! ਕਾਂਗਰਸੀ ਲੀਡਰਸ਼ਿਪ 'ਚ ਸੰਕਟ ਗੰਭੀਰ, ਇਸ ਆਗੂ ਨੇ ਦਿੱਤਾ ਅਸਤੀਫ਼ਾ
ਸਭ ਤੋਂ ਚਿੰਤਾਜਨਕ ਗੱਲ ਇਹ ਹੈ ਕਿ ਡ੍ਰੇਨ ਦੇ ਕੰਢੇ ਬਣੀਆਂ ਸੁਰੱਖਿਆ ਕੰਧਾਂ, ਜੋ ਸਮਾਰਟ ਸਿਟੀ ਪ੍ਰਾਜੈਕਟ ਤਹਿਤ ਪੱਕੀ ਉਸਾਰੀ ਦੇ ਨਾਂ ’ਤੇ ਤੋੜੀਆਂ ਗਈਆਂ ਸਨ, ਨੂੰ ਹੁਣ ਤਕ ਦੋਬਾਰਾ ਨਹੀਂ ਬਣਾਇਆ ਗਿਆ। ਨਿਗਮ ਨੇ ਸਥਾਨਕ ਲੋਕਾਂ ਨੂੰ ਭਰੋਸਾ ਦਿੱਤਾ ਸੀ ਕਿ ਮੀਂਹ ਤੋਂ ਪਹਿਲਾਂ ਕੰਧਾਂ ਬਣਾ ਦਿੱਤੀਆਂ ਜਾਣਗੀਆਂ ਪਰ ਅਜੇ ਤਕ ਕੋਈ ਕੰਮ ਨਹੀਂ ਹੋਇਆ। ਹਾਲ ਹੀ ਵਿਚ ਨਹਿਰ ਵਿਚ ਇਕ ਛੋਟਾ ਬੱਚਾ ਡਿੱਗਣ ਦੀ ਘਟਨਾ ਨੇ ਲੋਕਾਂ ਦੀ ਚਿੰਤਾ ਨੂੰ ਹੋਰ ਡੂੰਘਾ ਕਰ ਦਿੱਤਾ ਹੈ। ਸਥਾਨਕ ਨਿਵਾਸੀਆਂ ਦਾ ਕਹਿਣਾ ਹੈ ਕਿ ਡ੍ਰੇਨ ਅਤੇ ਨਹਿਰ ਦੀ ਹਾਲਤ ਬੇਹੱਦ ਖ਼ਤਰਨਾਕ ਹੈ, ਜਿਸ ’ਤੇ ਤੁਰੰਤ ਕਾਰਵਾਈ ਦੀ ਲੋੜ ਹੈ।
ਇਸ ਸਬੰਧੀ ਵਿਧਾਇਕ ਬਾਵਾ ਹੈਨਰੀ ਨੇ ਵੀ ਕੁਝ ਦਿਨ ਪਹਿਲਾਂ ਮੌਕੇ ਦਾ ਦੌਰਾ ਕੀਤਾ ਸੀ ਅਤੇ ਨਗਰ ਨਿਗਮ ਦੇ ਕਮਿਸ਼ਨਰ ਗੌਤਮ ਜੈਨ ਨੂੰ ਫੋਨ ਕਰ ਕੇ ਸਥਿਤੀ ਤੋਂ ਜਾਣੂ ਕਰਵਾਇਆ ਸੀ। ਇਸ ਦੇ ਬਾਵਜੂਦ ਸਥਿਤੀ ਜਿਉਂ ਦੀ ਤਿਉਂ ਬਣੀ ਹੋਈ ਹੈ। ਕਾਲੋਨੀ ਵਿਚ ਟੁੱਟੀਆਂ ਸੜਕਾਂ ਦੇ ਇਲਾਵਾ ਸੀਵਰੇਜ ਜਾਮ ਅਤੇ ਸਟ੍ਰੀਟ ਲਾਈਟਾਂ ਦੀ ਘਾਟ ਨੇ ਲੋਕਾਂ ਦੀਆਂ ਮੁਸੀਬਤਾਂ ਹੋਰ ਵਧਾ ਦਿੱਤੀਆਂ ਹਨ। ਕਈ ਗਲੀਆਂ ਵਿਚ ਹਨੇਰਾ ਛਾਇਆ ਰਹਿੰਦਾ ਹੈ, ਜਿਸ ਨਾਲ ਰਾਤ ਨੂੰ ਚੱਲਣਾ ਮੁਸ਼ਕਿਲ ਹੋ ਜਾਂਦਾ ਹੈ।
ਇਹ ਵੀ ਪੜ੍ਹੋ: ਫਗਵਾੜਾ ਦੇ 'ਗਊਮਾਸ ਫੈਕਟਰੀ ਮਾਮਲੇ' 'ਚ 8 ਮੁਲਜ਼ਮ ਗ੍ਰਿਫ਼ਤਾਰ, ਹੋਏ ਸਨਸਨੀਖੇਜ਼ ਖ਼ੁਲਾਸੇ
ਇਸ ਮੌਕੇ ਪਹੁੰਚੀ ਕਾਂਗਰਸ ਦੀ ਕੌਂਸਲਰ ਆਸ਼ੂ ਸ਼ਰਮਾ, ਉਸ ਦੇ ਪਤੀ ਨੋਨੀ ਸ਼ਰਮਾ ਅਤੇ ਅਨਮੋਲ ਕਾਲੀਆ ਨੂੰ ਸਥਾਨਕ ਲੋਕਾਂ ਨੇ ਡ੍ਰੇਨ ਤੇ ਸੰਭਾਵਿਤ ਹੜ੍ਹ ਦੇ ਖਤਰੇ ਬਾਰੇ ਜਾਣਕਾਰੀ ਦਿੱਤੀ। ਉਥੇ ਹੀ 'ਆਪ' ਦੇ ਆਗੂ ਲਖਬੀਰ ਸਿੰਘ ਲੱਖਾ ’ਤੇ ਲੋਕਾਂ ਨੇ ਗੁੱਸਾ ਕੱਢਦੇ ਹੋਏ ਦੋਸ਼ ਲਾਇਆ ਕਿ ਚੋਣਾਂ ਸਮੇਂ ਨਾਲੇ ਨੂੰ ਬੰਦ ਕਰਵਾਉਣ ਦਾ ਵਾਅਦਾ ਕੀਤਾ ਗਿਆ ਸੀ ਪਰ ਉਹ ਵਾਅਦਾ ਅੱਜ ਤਕ ਪੂਰਾ ਨਹੀਂ ਹੋਇਆ। ਭਾਜਪਾ ਕੌਂਸਲਰ ਗੁਰਦੀਪ ਫ਼ੌਜੀ ’ਤੇ ਵੀ ਲੋਕਾਂ ਨੇ ਨਾਰਾਜ਼ਗੀ ਜਤਾਈ ਕਿ ਕੰਮ ਸ਼ੁਰੂ ਹੋਣ ’ਤੇ ਉਹ ਇਲਾਕੇ ਵਿਚ ਨਹੀਂ ਆਉਂਦੇ। ਕੌਂਸਲਰ ਆਸ਼ੂ ਸ਼ਰਮਾ ਨੇ ਮੇਅਰ ਵਨੀਤ ਧੀਰ ਅਤੇ ਕਮਿਸ਼ਨਰ ਗੌਤਮ ਜੈਨ ਨੂੰ ਗੰਦੇ ਨਾਲੇ ਦੀ ਸਥਿਤੀ ਦੀ ਵੀਡੀਓ ਭੇਜ ਕੇ ਮੰਗ ਕੀਤੀ ਹੈ ਕਿ ਉਹ ਖੁਦ ਆਪਣੀ ਪੂਰੀ ਟੀਮ ਨਾਲ ਕਾਲੋਨੀ ਦਾ ਦੌਰਾ ਕਰਨ ਅਤੇ ਸਥਿਤੀ ਦਾ ਜਾਇਜ਼ਾ ਲੈਣ।
ਇਹ ਵੀ ਪੜ੍ਹੋ: ਪੰਜਾਬ 'ਚ ਅਗਲੇ 6 ਦਿਨ ਅਹਿਮ! ਭਾਰੀ ਮੀਂਹ ਨਾਲ ਆਵੇਗਾ ਤੂਫ਼ਾਨ, 14 ਜ਼ਿਲ੍ਹਿਆਂ ਲਈ Alert ਜਾਰੀ
ਇਸੇ ਵਿਚਕਾਰ ਕੁਝ ਸਿਆਸੀ ਵਰਕਰ ਮੈਨਹੋਲ ਦੀ ਸਫਾਈ ਵਿਚ ਤਾਂ ਜੁਟ ਗਏ ਪਰ ਜਦੋਂ ਬਾਕੀ ਇਲਾਕਿਆਂ ਦੀ ਸਫਾਈ ਦੀ ਗੱਲ ਆਈ ਤਾਂ ਕਹਿ ਦਿੱਤਾ ਗਿਆ ਕਿ ਉਹ ਇਲਾਕਾ ਸਾਡੇ ਕੌਂਸਲਰ ਦਾ ਨਹੀਂ ਹੈ, ਜਿਸ ਤੋਂ ਨਿਗਮ ਵਿਚ ਸਿਆਸੀ ਭੇਦਭਾਵ ਅਤੇ ਕੰਮ ਦੇ ਬਟਵਾਰੇ ਦੀ ਹਕੀਕਤ ਵੀ ਉਜਾਗਰ ਹੋ ਗਈ। ਮੀਂਹ ਤੋਂ ਪਹਿਲਾਂ ਭਗਤ ਸਿੰਘ ਕਾਲੋਨੀ ਦੀ ਸਥਿਤੀ ਚਿੰਤਾਜਨਕ ਬਣੀ ਹੋਈ ਹੈ। ਜਨਤਾ ਨੇ ਨਗਰ ਨਿਗਮ ਨੂੰ ਅਪੀਲ ਕੀਤੀ ਕਿ ਉਹ ਚੋਣਾਵੀ ਵਾਅਦਿਆਂ ਤੋਂ ਉੱਪਰ ਉੱਠ ਕੇ ਜ਼ਮੀਨੀ ਸਮੱਸਿਆਵਾਂ ਦਾ ਹੱਲ ਕਰੇ, ਨਹੀਂ ਤਾਂ ਆਉਣ ਵਾਲੇ ਦਿਨਾਂ ਵਿਚ ਇਥੇ ਹੜ੍ਹ ਅਤੇ ਹਾਦਸਿਆਂ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ।
ਇਹ ਵੀ ਪੜ੍ਹੋ: ਪੰਜਾਬ 'ਚ ਕਾਂਗਰਸ ਦੀ ਸਿਆਸਤ ’ਚ ਵੱਡੀ ਹਲਚਲ, ਬਦਲਣਗੇ ਸਮੀਕਰਨ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e