ਪੰਜਾਬ ਵਾਸੀਆਂ ਲਈ ਖ਼ਤਰੇ ਦੀ ਘੰਟੀ, ਟੁੱਟਣ ਦੀ ਤਦਾਰ ''ਤੇ ਪਹੁੰਚਿਆ ਪੰਜਾਬ ਦਾ ਇਹ ਵੱਡਾ ਪੁਲ

Monday, Mar 03, 2025 - 02:23 PM (IST)

ਪੰਜਾਬ ਵਾਸੀਆਂ ਲਈ ਖ਼ਤਰੇ ਦੀ ਘੰਟੀ, ਟੁੱਟਣ ਦੀ ਤਦਾਰ ''ਤੇ ਪਹੁੰਚਿਆ ਪੰਜਾਬ ਦਾ ਇਹ ਵੱਡਾ ਪੁਲ

ਸ੍ਰੀ ਅਨੰਦਪੁਰ ਸਾਹਿਬ (ਸ਼ਮਸ਼ੇਰ ਸਿੰਘ ਡੂਮੇਵਾਲ)- ਖਾਲਸੇ ਦੀ ਜਨਮ ਭੂਮੀ ਸ੍ਰੀ ਅਨੰਦਪੁਰ ਸਾਹਿਬ ਅਤੇ ਸਨਾਤਨ ਧਰਮ ਦੇ ਪ੍ਰਸਿੱਧ ਸ਼ਕਤੀਪੀਠ ਮਾਤਾ ਨੈਣਾ ਦੇਵੀ ਜਿਹੇ ਆਸਥਾ ਭਰਪੂਰ ਅਸਥਾਨਾਂ ਨੂੰ ਦੁਆਬੇ ਅਤੇ ਮਾਝੇ ਨਾਲ ਜੋੜਨ ਵਾਲਾ ਮਹਿਜ ਇਕੋ-ਇਕ ਮਾਰਗ ਸ੍ਰੀ ਅਨੰਦਪੁਰ ਸਾਹਿਬ-ਟੂ ਗੜ੍ਹਸ਼ੰਕਰ ਹੀ ਹੈ। ਇਸੇ ਮਾਰਗ ’ਤੇ ਕਸਬਾ ਸ੍ਰੀ ਅਨੰਦਪੁਰ ਸਾਹਿਬ ਤੋਂ ਕਰੀਬ 7 ਕਿ.ਮੀ. ਪਿੱਛੇ ਪੰਜਾਬ ਦਾ ਸਭ ਤੋਂ ਵੱਡਾ ਪੁਲ ਸਤਲੁਜ ਦਰਿਆ ਅਤੇ ਸੁਆਂ ਨਦੀ ’ਤੇ ਸਥਿਤ ਹੈ। ਸੁਆਂ ਨਦੀ ਅਤੇ ਸਤਲੁਜ ਦਾ ਸੰਗਮ ਹੋਣ ਕਾਰਨ ਇਸ ਥਾਂ ਨੂੰ ਦੁਮੇਲ ਦਾ ਪੱਤਣ ਕਰਕੇ ਵੀ ਜਾਣਿਆ ਜਾਂਦਾ ਹੈ। ਇਸ ਪੱਤਣ ਉੱਤੇ ਬਣੇ ਸੂਬੇ ਦੇ ਸਭ ਤੋਂ ਲੰਬੇ ਪੁਲ ਦੀ ਲੰਬਾਈ 1006 ਮੀਟਰ (1 ਕਿ.ਮੀ.) ਅਤੇ ਚੌੜ੍ਹਾਈ 10 ਮੀਟਰ ਹੈ।
ਚਾਰ ਦਹਾਕਿਆਂ ਤੋਂ ਮੌਜੂਦ ਇਸ ਲੰਮੇ ਪੁਲ ਦੇ ਹੇਠ 70-70 ਫੁੱਟ ਡੂੰਘੀਆਂ ਕੁੱਲ੍ਹ 21 ਖੂਹੀਆਂ ਸਥਾਪਤ ਹਨ। ਕਿਸੇ ਵੇਲੇ ਇਨ੍ਹਾਂ ਖੂਹੀਆਂ ਦੇ ਬਰਾਬਰਲੇ ਤਲ ਤੱਕ ਦਾ ਹਿੱਸਾ ਜ਼ਮੀਨੀ ਤਲ ਦੇ ਸਮਤਲ ਸੀ ਅਤੇ ਸਤਲੁਜ ਤੇ ਸੁਆਂ ਨਦੀ ਦਾ ਵਹਾਅ ਇਨ੍ਹਾਂ ਤੋਂ ਕਈ ਗਜ਼ ਦੂਰ ਵਗਦਾ ਹੁੰਦਾ ਸੀ ਪਰ ਮਾਈਨਿੰਗ ਮਾਫ਼ੀਏ ਕਾਰਨ 50 ਤੋਂ 80 ਫੁੱਟ ਤੱਕ ਦੀ ਡੂੰਘਾਈ ਤੱਕ ਇਥੋਂ ਰੇਤ, ਬਜਰੀ ਅਤੇ ਪੱਥਰ ਆਧੁਨਿਕ ਮਸ਼ੀਨਾਂ ਨਾਲ ਚੁੱਕ ਕੇ ਇਸ ਦਾ ਪੱਧਰ ਪੁਲ ਹੇਠਲੀਆਂ ਖੂਹੀਆਂ ਦੇ ਬੁਨਿਆਦੀ ਤਲ ਤੱਕ ਲਿਆਂਦਾ ਗਿਆ ਹੈ।

ਇਹ ਵੀ ਪੜ੍ਹੋ : ਨਸ਼ੇ ਦੇ ਸੌਦਾਗਰਾਂ ਨੂੰ ਕਪੂਰਥਲਾ ਦੇ SSP ਦੀ ਚਿਤਾਵਨੀ, ਨਾਜਾਇਜ਼ ਕਬਜ਼ੇ ਨਾ ਛੱਡਣ ਵਾਲਿਆਂ 'ਤੇ ਹੋਵੇਗਾ ਵੱਡਾ ਐਕਸ਼ਨ

PunjabKesari

ਕਈ ਖੂਹੀਆਂ ਦੀ ਹੇਠਲੀ ਜ਼ਮੀਨ ਡੂੰਘੇ ਖਾਰ ਪੈਣ ਨਾਲ ਰੁੜ੍ਹ ਚੁੱਕੀ ਹੈ ਅਤੇ ਇਹ ਖੂਹੀਆਂ ਜ਼ਮੀਨੀ ਤਲ ਤੋਂ ਕਿਤੇ ਉੱਚੀਆਂ ਦਿਸ ਰਹੀਆਂ ਹਨ। ਵਿਭਾਗੀ ਨਿਯਮਾਂ ਅਨੁਸਾਰ ਕਿਸੇ ਵੀ ਪੁਲ ਜਾਂ ਬੰਨ੍ਹ ਤੋਂ ਖੋਦਾਈ ਕਰਨੀ ਗੈਰ-ਕਾਨੂੰਨੀ ਮੰਨੀ ਗਈ ਹੈ ਪਰ ਮਾਈਨਿੰਗ ਮਾਫ਼ੀਏ ਅੱਗੇ ਸਾਰੀ ਕਾਨੂੰਨੀ ਪ੍ਰਕਿਰਿਆ ਦਮ ਤੋੜ ਚੁੱਕੀ ਹੈ। ਕਦੇ ਇਸ ਦਾ ਰਮਣੀਕ ਨਜ਼ਾਰਾ ਕੁਦਰਤੀ ਨਜ਼ਾਰਿਆਂ ਦੀ ਲਾਮਿਸਾਲ ਤਸਵੀਰ ਸਿਰਜਦਾ ਹੁੰਦਾ ਸੀ ਅਤੇ ਇਹ ਥਾਂ ਵਾਤਾਵਰਣ ਪ੍ਰੇਮੀਆਂ ਲਈ ਵੱਡੇ ਖਿੱਚ ਦਾ ਕੇਂਦਰ ਬਣੀ ਹੋਈ ਸੀ ਪਰ ਅਜੋਕੀ ਤ੍ਰਾਸਦੀ ਨੇ ਇਸ ਨੂੰ ਮਾਈਨਿੰਗ ਮਾਫ਼ੀਏ ਦੀ ਹੱਬ ਵਜੋਂ ਵਿਕਸਿਤ ਕਰਕੇ ਇਸ ਦਾ ਪੁਰਾਤਨ ਸੁੰਦਰ ਸਰੂਪ ਖ਼ਤਮ ਕਰ ਦਿੱਤਾ ਹੈ। ਇਸ ਪੁਲ ਦੇ ਆਸ-ਪਾਸ ਅਤੇ ਹੇਠਾਂ ਲੰਮੇ ਅਰਸੇ ਤੋਂ ਵੱਡੇ ਪੈਮਾਨੇ ’ਤੇ ਹੋ ਰਹੀ ਨਾਜਾਇਜ਼ ਮਾਈਨਿੰਗ ਨੇ ਨਾਂ ਸਿਰਫ਼ ਸਤਲੁਜ ਦਰਿਆ ਤੇ ਸੁਆਂ ਨਦੀ ਨੂੰ ਕਰੂਪ ਕਰ ਦਿੱਤਾ ਹੈ ਸਗੋਂ ਖੇਤਰ ਦੇ ਲੋਕਾਂ ਵੱਲੋਂ ਵੱਡੇ ਸੰਘਰਸ਼ ’ਤੇ ਹੋਂਦ ’ਚ ਆਇਆ ਇਹ ਪੁਲ ਟੁੱਟਣ ਦੀ ਤਦਾਰ ’ਤੇ ਆ ਚੁੱਕਾ ਹੈ।

ਇਹ ਵੀ ਪੜ੍ਹੋ : ਅਹਿਮ ਖ਼ਬਰ: ਬਿਜਲੀ ਦੀ ਸਪਲਾਈ 'ਚ ਹੁਣ ਨਹੀਂ ਆਵੇਗੀ ਰੁਕਾਵਟ, ਖ਼ਪਤਕਾਰਾਂ ਨੂੰ ਮਿਲੇਗਾ ਇਹ ਲਾਭ

PunjabKesari

ਹਾਲਾਤ ਇਹੋ ਰਹੇ ਤਾਂ ਉਹ ਦਿਨ ਦੂਰ ਨਹੀਂ ਜਦੋਂ ਇਹ ਪੁਲ ਗਏ ਗੁਜ਼ਰੇ ਜ਼ਮਾਨੇ ਦੀ ਗੱਲ ਹੋ ਜਾਵੇਗਾ। ਸਮੇਂ-ਸਮੇਂ ਭਾਵੇਂ ਸਰਕਾਰਾਂ ਇਸ ਪੁਲ ਨੂੰ ਬਚਾਉਣ ਦੇ ਦਾਅਵੇ ਕਰਦੀਆਂ ਰਹੀਆਂ ਹਨ ਪਰ ਇਸ ਦੇ ਬਾਵਜੂਦ ਸਿਆਸੀ ਸਰਪ੍ਰਸਤੀ ਹੇਠ ਮਾਈਨਿੰਗ ਮਾਫ਼ੀਆ ਸ਼ਰੇਆਮ ਸਤਲੁਜ ਦਰਿਆ ਅਤੇ ਸੁਆਂ ਨਦੀ ਦਾ ਸੀਨਾ ਪੌਕਲਾਈਨ ਅਤੇ ਜੇ. ਸੀ. ਬੀ. ਆਦਿ ਮਸ਼ੀਨਾਂ ਨਾਲ ਚੀਰ ਕੇ ਕਾਨੂੰਨ ਦੀਆਂ ਧੱਜੀਆਂ ਉਡਾਉਂਦਾ ਰਿਹਾ ਹੈ। ਕਈ ਵਾਰ ਤਫ਼ਤੀਸ਼ ਉਪਰੰਤ ਅਧਿਕਾਰੀਆਂ ਵੱਲੋਂ ਜ਼ਿਲ੍ਹਾ ਪ੍ਰਸ਼ਾਸਨ ਨੂੰ ਸਪੱਸ਼ਟ ਰੂਪ ’ਚ ਦੱਸਿਆ ਜਾਂਦਾ ਰਿਹਾ ਹੈ ਕਿ ਜੇ ਨਾਜਾਇਜ਼ ਮਾਈਨਿੰਗ ਇਸ ਤਰਜ ’ਤੇ ਜਾਰੀ ਰਹੀ ਤਾਂ ਇਹ ਪੁਲ ਮਾਈਨਿੰਗ ਮਾਫ਼ੀਆ ਦੀ ਬਦੌਲਤ ਡਿੱਗ ਪਵੇਗਾ ਪਰ ਮਾਈਨਿੰਗ ਮਾਫ਼ੀਏ ’ਚ ਮਸ਼ਰੂਫ ਕੁਝ ਉੱਚੀਆਂ ਸਿਆਸੀ ਢੁੱਠਾਂ ਵਾਲੇ ਅਤੇ ਅੰਤਰ-ਰਾਜੀ ਪੁਲਸ ਅਧਿਕਾਰੀਆਂ ਅੱਗੇ ਪ੍ਰਸ਼ਾਸਨਿਕ ਅਧਿਕਾਰੀ ਬੇਵੱਸ ਹੁੰਦੇ ਰਹੇ ਹਨ। ਬੀਤੀਆਂ ਕਾਂਗਰਸ ਅਤੇ ਅਕਾਲੀ ਸਰਕਾਰਾਂ ਤੋਂ ਬਾਅਦ ਇਹ ਮਾਫ਼ੀਆ ਅੱਜ ਆਪ ਸਰਕਾਰ ਦੇ ਵਿਚ ਵੀ ਪੂਰੀ ਤਰ੍ਹਾਂ ਸਰਗਰਮ ਹੈ।

ਇਹ ਵੀ ਪੜ੍ਹੋ : ਪੁਲਸ 'ਚ ਨੌਕਰੀਆਂ ਦੇ ਚਾਹਵਾਨਾਂ ਲਈ ਖ਼ਾਸ ਖ਼ਬਰ, ਮੁੱਖ ਮੰਤਰੀ ਭਗਵੰਤ ਮਾਨ ਨੇ ਕੀਤਾ ਵੱਡਾ ਐਲਾਨ

PunjabKesari

ਇਥੇ ਇਹ ਵੀ ਜ਼ਿਕਰਯੋਗ ਹੈ ਕਿ ਅੱਜ ਤੋਂ 14 ਮਹੀਨੇ ਪਹਿਲਾਂ ਦਸੰਬਰ 2023 ਵਿਚ ਸੁਆਂ ਨਦੀ 'ਤੇ ਬਣਿਆ ਨੰਗਲ ਅਤੇ ਨੂਰਪੁਰ ਬੇਦੀ ਖੇਤਰ ਨੂੰ ਜੌੜਨ ਵਾਲਾ ਪੁਲ ਵੀ ਟੁੱਟ ਚੁੱਕਾ ਹੈ ਅਤੇ ਇਕ ਸਾਲ ਤੋਂ ਵੱਧ ਸਮਾਂ ਬੀਤਣ ਦੇ ਬਾਵਜੂਦ ਉਕਤ ਰੋਡ ’ਤੇ ਚੱਲਣ ਵਾਲੀ ਟ੍ਰੈਫਿਕ ਮੁਕੰਮਲ ਰੂਪ ਵਿਚ ਬੰਦ ਹੈ। ਇਸ ਪੁਲ ਦੇ ਟੁੱਟਣ ਦਾ ਕਾਰਨ ਸੁਆਂ ਨਦੀ ਵਿਚ ਹੋਈ ਨਾਜਾਇਜ਼ ਮਾਈਨਿੰਗ ਨੂੰ ਹੀ ਮੰਨਿਆ ਗਿਆ ਹੈ। ਅੱਜ ਲੋਕ ਸਵਾਲ ਕਰ ਰਹੇ ਹਨ ਕਿ ਜਦੋਂ ਉਕਤ ਤ੍ਰਾਸਦੀ ਤੋਂ ਪ੍ਰਸ਼ਾਸਨ ਨੇ ਕੋਈ ਸਬਕ ਨਹੀਂ ਸਿੱਖਿਆ ਤਾਂ ਕਿ ਸਰਕਾਰ ਇਸ ਪੁਲ ਦੇ ਟੁੱਟਣ ਦਾ ਵੀ ਇੰਤਜਾਰ ਕਰ ਰਹੀ ਹੈ? ਸ੍ਰੀ ਅਨੰਦਪੁਰ ਸਾਹਿਬ ਦੀ ਧਰਤੀ ਤੇ ਹਰ ਵਰ੍ਹੇ ਭਰਨ ਵਾਲਾ ਕੌਮਾਂਤਰੀ ਪ੍ਰਸਿੱਧ ਜੋੜ-ਮੇਲਾ ਹੋਲਾ-ਮਹੱਲਾ ਮਾਰਚ ਦੇ ਦੂਜੇ ਹਫ਼ਤੇ ਤੋਂ ਸ਼ੁਰੂ ਹੋ ਰਿਹਾ ਹੈ। ਇਸ ਦੌਰਾਨ ਲੱਖਾਂ ਦੀ ਤਦਾਦ ’ਚ ਸੰਗਤਾਂ ਇਸ ਪੁਲ ਤੋਂ ਗੁਜ਼ਰ ਕੇ ਸ੍ਰੀ ਅਨੰਦਪੁਰ ਸਾਹਿਬ ਪਹੁੰਚਦੀਆਂ ਹਨ। ਜੇ ਸਥਿਤੀ ਇਹੋ ਰਹੀ ਤਾਂ ਇਹ ਪੁਲ ਟੁੱਟਣ ਉਪਰੰਤ ਵੱਡੀ ਸਮੱਸਿਆ ਦਾ ਜਰੀਆ ਵੀ ਬਣ ਸਕਦਾ ਹੈ। ਅੱਜ ਜਦੋਂ ਇਸ ਦੀਆਂ ਡੂੰਘੀਆਂ ਖੂਹੀਆਂ ਦੇ ਆਲੇ-ਦੁਆਲਿਓਂ ਵੱਡੇ ਪੈਮਾਨੇ ’ਤੇ ਮਾਈਨਿੰਗ ਹੋ ਚੁੱਕੀ ਹੈ ਤਾਂ ਇਸ ਦਾ ਉੱਪਰਲਾ ਤਲ ਓਵਰਲੋਡ ਟਿੱਪਰਾਂ ਵੱਲੋਂ ਬੁਰੀ ਤਰ੍ਹਾਂ ਤੋੜ ਦਿੱਤਾ ਗਿਆ ਹੈ। ਸਿਤਮਜਰੀਫੀ ਦੀ ਗੱਲ ਇਹ ਹੈ ਕਿ ਪੁਲ ਦੇ ਦੋਵੇਂ ਕਿਨਾਰਿਆਂ 'ਤੇ ਪੁਲਸ ਦੀਆਂ ਪੱਕੀਆਂ ਚੌਕੀਆਂ ਸਥਾਪਤ ਹਨ, ਜਿੱਥੇ ਮੁਲਾਜ਼ਮ 24 ਘੰਟੇ ਡਿਊਟੀ ਪਾਬੰਦ ਰਹਿੰਦੇ ਹਨ। ਇਸ ਦੇ ਬਾਵਜੂਦ ਮਾਈਨਿੰਗ ਮਾਫ਼ੀਏ ਦੇ ਕੰਨ ’ਤੇ ਕੋਈ ਜੂੰ ਨਹੀਂ ਸਰਕ ਰਹੀ।

ਇਹ ਵੀ ਪੜ੍ਹੋ : ਪੰਜਾਬ ਦੇ ਸਿਵਲ ਹਸਪਤਾਲ 'ਚ ਹੈਰਾਨ ਕਰਦੀ ਘਟਨਾ, ਨਰਸ ਬਣ ਕੇ ਆਈ ਔਰਤ ਕਰ ਗਈ ਵੱਡਾ ਕਾਂਡ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e 


author

shivani attri

Content Editor

Related News