ਏ. ਡੀ. ਸੀ. ਨੇ ਮਹਿਲਾ ਮੁਲਾਜ਼ਮ ਨੂੰ ਵੇਟਿੰਗ ਰੂਮ ''ਚ ਕੀਤਾ ਬੰਦ (ਵੀਡੀਓ)
Friday, Nov 09, 2018 - 04:32 PM (IST)

ਲੁਧਿਆਣਾ : ਸ਼ਹਿਰ ਦੀ 52 ਸਾਲਾ ਇਕ ਔਰਤ ਵਲੋਂ ਏ. ਡੀ. ਸੀ. ਸ਼ੀਨਾ ਅਗਰਵਾਲ 'ਤੇ ਗੰਭੀਰ ਦੋਸ਼ ਲਾਏ ਗਏ ਹਨ। ਉਕਤ ਔਰਤ ਦਾ ਦੋਸ਼ ਹੈ ਕਿ ਏ. ਡੀ. ਸੀ. ਨੇ ਉਸ ਨੂੰ ਘੰਟਿਆਂ ਬੱਧੀ ਵੇਟਿੰਗ ਰੂਮ 'ਚ ਬੰਦ ਕਰਕੇ ਰੱਖਿਆ। ਇਸ ਦੀ ਵੀਡੀਓ ਵੀ ਤੇਜ਼ੀ ਨਾਲ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ। ਹੈਰਾਨੀ ਵਾਲੀ ਗੱਲ ਤਾਂ ਇਹ ਹੈ ਕਿ ਦੋਸ਼ ਲਾਉਣ ਵਾਲੀ ਔਰਤ ਖੁਦ ਜ਼ਿਲਾ ਰੋਜ਼ਗਾਰ ਦਫਤਰ 'ਚ ਸੀਨੀਅਰ ਸਹਾਇਕ ਅਫਸਰ ਜਸਵਿੰਦਰ ਕੌਰ ਹੈ। ਜਸਵਿੰਦਰ ਦਾ ਕਸੂਰ ਸਿਰਫ ਇੰਨਾ ਸੀ ਕਿ ਉਹ ਕੁਝ ਵਿਭਾਗੀ ਕਾਗਜ਼ ਬਿਨਾਂ ਡਿਪਟੀ ਕਮਿਸ਼ਨਰ ਦੇ ਹਸਤਾਖਰ ਕਰਵਾਏ ਏ. ਡੀ. ਸੀ. ਕੋਲ ਸਾਈਨ ਕਰਾਉਣ ਲੈ ਆਈ ਸੀ, ਜਿਸ ਤੋਂ ਖਫਾ ਹੋ ਕੇ ਏ. ਡੀ. ਸੀ. ਨੇ ਤਾਨਾਸ਼ਾਹੀ ਰਵੱਈਆ ਅਪਣਾਉਂਦੇ ਹੋਏ ਉਸ ਨੂੰ 3 ਘੰਟੇ ਅੰਦਰ ਡੱਕੀ ਰੱਖਿਆ ਅਤੇ ਬਾਹਰੋਂ ਕੁੰਡਾ ਲਗਵਾ ਦਿੱਤਾ, ਜਦੋਂ ਕਿ ਉਹ ਹਾਈ ਬਲੱਡ ਪ੍ਰੈਸ਼ਰ ਦੀ ਮਰੀਜ਼ ਹੈ।
ਬਾਅਦ 'ਚ ਸੁਪਰਡੈਂਟ ਦੇ ਕਹਿਣ 'ਤੇ ਉਹ ਰਿਹਾਅ ਹੋਈ ਅਤੇ ਰੋ-ਰੋ ਕੇ ਉਸ ਨੇ ਆਪਣੀ ਹੱਡ-ਬੀਤੀ ਸੁਣਾਈ। ਪੀੜਤ ਔਰਤ ਨੇ ਵਿਭਾਗ ਦੇ ਉੱਚ ਅਧਿਕਾਰੀਆਂ ਨੂੰ ਲਿਖਤੀ ਸ਼ਿਕਾਇਥ ਦੇ ਕੇ ਇਨਸਾਫ ਦੀ ਮੰਗ ਕੀਤੀ ਹੈ। ਹਾਲਾਂਕਿ ਇਸ ਘਟਨਾ ਬਾਰੇ ਜਦੋਂ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਇਸ ਮਾਮਲੇ 'ਚ ਕੋਈ ਜਾਣਕਾਰੀ ਨਾ ਹੋਣ ਦੀ ਗੱਲ ਕਹੀ ਪਰ ਨਾਲ ਹੀ ਸ਼ਿਕਾਇਤ ਮਿਲਣ ਤੋਂ ਬਾਅਦ ਬਣਦੀ ਕਾਰਵਾਈ ਕਰਨ ਦਾ ਭਰੋਸਾ ਵੀ ਦੁਆਇਆ। ਹਾਲਾਂਕਿ ਇਸ ਮਾਮਲੇ 'ਚ ਏ. ਡੀ. ਸੀ. ਨੇ ਕੋਈ ਪ੍ਰਤੀਕਿਰਿਆ ਜ਼ਾਹਰ ਨਹੀਂ ਕੀਤੀ ਪਰ ਇਹ ਘਟਨਾ ਜਿੱਥੇ ਇਲਾਕੇ 'ਚ ਚਰਚਾ ਦਾ ਵਿਸ਼ਾ ਬਣੀ ਹੋਈ ਹੈ, ਉੱਥੇ ਹੀ ਇਸ ਵੀਡੀਓ ਨੇ ਸਰਕਾਰੀ ਦਫਤਰਾਂ ਦੀ ਖੱਜਲ-ਖੁਆਰੀ ਨੂੰ ਵੀ ਸਭ ਦੇ ਸਾਹਮਣੇ ਲਿਆ ਦਿੱਤਾ ਹੈ।