ਜਲੰਧਰ ਜ਼ਿਲੇ ’ਚ ਪੰਚਾਇਤੀ ਚੋਣਾਂ ਦੌਰਾਨ 66.40 ਫੀਸਦੀ ਹੋਈ ਵੋਟਿੰਗ, 695 ਸਰਪੰਚ ਬਣੇ
Tuesday, Oct 15, 2024 - 03:26 PM (IST)
ਜਲੰਧਰ (ਚੋਪੜਾ) – ਜ਼ਿਲੇ ਵਿਚ ਪੰਚਾਇਤੀ ਚੋਣਾਂ ਨੂੰ ਲੈ ਕੇ ਸ਼ਾਮ 4 ਵਜੇ ਤਕ ਮੁਕੰਮਲ ਹੋਈ ਵੋਟਿੰਗ ਦੌਰਾਨ 57.99 ਫੀਸਦੀ ਪੋਲਿੰਗ ਹੋਈ। ਅੱਜ ਸਵੇਰੇ 8 ਵਜੇ ਤੋਂ ਸਾਰੇ 1004 ਪੋਲਿੰਗ ਕੇਂਦਰਾਂ ’ਤੇ ਸ਼ੁਰੂ ਹੋਈ ਵੋਟਿੰਗ ਦੌਰਾਨ ਸ਼ਾਮ 4 ਵਜੇ ਤਕ ਪੋਲਿੰਗ ਕੇਂਦਰਾਂ ਦੇ ਅੰਦਰ ਲਾਈਨਾਂ ਵਿਚ ਖੜ੍ਹੇ ਵੋਟਰਾਂ ਲਈ ਵੋਟਿੰਗ ਪ੍ਰਕਿਰਿਆ ਜਾਰੀ ਸੀ। ਉਥੇ ਹੀ ਦੇਰ ਰਾਤ ਆਖਰੀ ਗਿਣਤੀ ’ਚ ਪੂਰੇ ਜ਼ਿਲੇ ’ਚ 66.40 ਫੀਸਦੀ ਮਤਦਾਨ ਹੋਇਆ ਹੈ।
ਇਹ ਵੀ ਪੜ੍ਹੋ- ਸ਼ਰਾਬ ਦੇ ਸ਼ੌਕੀਨਾਂ ਲਈ ਅਹਿਮ ਖ਼ਬਰ, 16 ਤੇ 17 ਅਕਤੂਬਰ ਨੂੰ ਬੰਦ ਰਹਿਣਗੇ ਠੇਕੇ
ਚੋਣ ਪ੍ਰਕਿਰਿਆ ਦੀ ਸਮੀਖਿਆ ਕਰਦੇ ਹੋਏ ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਦੱਸਿਆ ਕਿ ਸਮੁੱਚੀ ਚੋਣ ਪ੍ਰਕਿਰਿਆ ਨੂੰ ਸੂਬਾਈ ਚੋਣ ਕਮਿਸ਼ਨ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ 7426 ਪੋਲਿੰਗ ਕਰਮਚਾਰੀਆਂ ਵੱਲੋਂ ਮੁਕੰਮਲ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਜ਼ਿਲੇ ਦੇ ਸਾਰੇ 11 ਬਲਾਕਾਂ, ਜਿਨ੍ਹਾਂ ਵਿਚ ਆਦਮਪੁਰ, ਭੋਗਪੁਰ, ਜਲੰਧਰ ਈਸਟ, ਜਲੰਧਰ ਵੈਸਟ, ਲੋਹੀਆਂ ਖਾਸ, ਮਹਿਤਪੁਰ, ਨਕੋਦਰ, ਨੂਰਮਹਿਲ, ਫਿਲੌਰ, ਰੁੜਕਾ ਕਲਾਂ ਅਤੇ ਸ਼ਾਹਕੋਟ ਸ਼ਾਮਲ ਹਨ, ਦੇ ਪਿੰਡਾਂ ਵਿਚ ਪ੍ਰਸ਼ਾਸਨ ਦੇ ਪੁਖਤਾ ਪ੍ਰਬੰਧਾਂ ਸਦਕਾ ਸ਼ਾਂਤੀਪੂਰਨ ਢੰਗ ਨਾਲ ਵੋਟਿੰਗ ਹੋਈ।
ਉਨ੍ਹਾਂ ਦੱਸਿਆ ਕਿ ਜ਼ਿਲਾ ਪ੍ਰਸ਼ਾਸਨ ਨੇ ਚੋਣ ਦੌਰਾਨ 815033 ਵੋਟਰਾਂ ਦੀ ਸਹੂਲਤ ਲਈ ਲੋੜੀਂਦੇ ਪ੍ਰਬੰਧ ਕੀਤੇ ਸਨ। ਉਨ੍ਹਾਂ ਐੱਸ. ਐੱਸ. ਪੀ. ਜਲੰਧਰ ਹਰਕਮਲਪ੍ਰੀਤ ਸਿੰਘ ਖੱਖ ਸਮੇਤ ਵੱਖ-ਵੱਖ ਪੋਲਿੰਗ ਕੇਂਦਰਾਂ ਦਾ ਦੌਰਾ ਕਰ ਕੇ ਚੋਣ ਪ੍ਰਕਿਰਿਆ ਦਾ ਜਾਇਜ਼ਾ ਲਿਆ ਅਤੇ ਉਥੇ ਕੀਤੇ ਗਏ ਪ੍ਰਬੰਧਾਂ ’ਤੇ ਸੰਤੁਸ਼ਟੀ ਪ੍ਰਗਟ ਕੀਤੀ।
ਇਹ ਵੀ ਪੜ੍ਹੋ- ਨਕੋਦਰ ਨਾਲ ਸੰਬੰਧਤ ਬਾਬਾ ਸਿੱਦੀਕੀ ਦਾ ਮੁਲਜ਼ਮ ਜੀਸ਼ਾਨ ਕਿਵੇਂ ਪਹੁੰਚਿਆ ਅਪਰਾਧ ਦੀ ਦੁਨੀਆ 'ਚ, ਖੁੱਲ੍ਹੇ ਵੱਡੇ ਰਾਜ਼
ਉਥੇ ਹੀ, ਐੱਸ. ਐੱਸ. ਪੀ. ਖੱਖ ਨੇ ਦੱਸਿਆ ਕਿ ਪੋਲਿੰਗ ਪ੍ਰਕਿਰਿਆ ਨੂੰ ਸ਼ਾਂਤੀਪੂਰਨ ਢੰਗ ਨਾਲ ਮੁਕੰਮਲ ਕਰਵਾਉਣ ਲਈ ਜ਼ਿਲੇ ਭਰ ਵਿਚ 2500 ਤੋਂ ਵੱਧ ਪੁਲਸ ਕਰਮਚਾਰੀਆਂ ਨੂੰ ਤਾਇਨਾਤ ਕੀਤਾ ਗਿਆ ਸੀ। ਉਨ੍ਹਾਂ ਕਿਹਾ ਕਿ ਪੂਰੇ ਦਿਨ ਕੋਈ ਅਣਸੁਖਾਵੀਂ ਘਟਨਾ ਨਹੀਂ ਵਾਪਰੀ, ਜੋ ਪ੍ਰਸ਼ਾਸਨ ਦੀ ਪ੍ਰਭਾਵੀ ਯੋਜਨਾ ਅਤੇ ਤਾਲਮੇਲ ਨੂੰ ਦਰਸਾਉਂਦਾ ਹੈ।
ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਤੇ ਏ. ਡੀ. ਸੀ. ਬੂਧੀ ਰਾਜਾ ਨੇ ਚੋਣ ਪ੍ਰਕਿਰਿਆ ਨੂੰ ਸਫਲ ਅਤੇ ਸ਼ਾਂਤੀਪੂਰਨ ਢੰਗ ਨਾਲ ਮੁਕੰਮਲ ਕਰਵਾਉਣ ਲਈ ਸਾਰੇ ਵੋਟਰਾਂ, ਚੋਣ ਕਰਮਚਾਰੀਆਂ ਅਤੇ ਸੁਰੱਖਿਆ ਕਰਮਚਾਰੀਆਂ ਦਾ ਉਨ੍ਹਾਂ ਦੇ ਸਹਿਯੋਗ ਤੇ ਸਮਰਪਣ ਲਈ ਧੰਨਵਾਦ ਕੀਤਾ। ਵਰਣਨਯੋਗ ਹੈ ਕਿ ਜ਼ਿਲੇ ਵਿਚ 195 ਪੰਚਾਇਤਾਂ ਪਹਿਲਾਂ ਹੀ ਸਰਬਸੰਮਤੀ ਨਾਲ ਚੁਣੀਆਂ ਜਾ ਚੁੱਕੀਆਂ ਹਨ ਅਤੇ ਬਾਕੀ 695 ਪੰਚਾਇਤਾਂ ਲਈ 695 ਸਰਪੰਚਾਂ ਤੇ 5464 ਪੰਚਾਂ ਦੀ ਚੋਣ ਹੋਈ ਹੈ।
ਇਹ ਵੀ ਪੜ੍ਹੋ- 16 ਨੂੰ ਅੱਧੀ ਅਤੇ 17 ਤਾਰੀਖ਼ ਨੂੰ ਪੂਰੀ ਛੁੱਟੀ ਦਾ ਐਲਾਨ, ਸਕੂਲ, ਕਾਲਜ ਰਹਿਣਗੇ ਬੰਦ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ