ਫਰੀਦਕੋਟ ਲੋਕ ਸਭਾ ਸੀਟ 'ਤੇ ਚੋਣ ਪ੍ਰਕਿਰਿਆ ਮੁਕੰਮਲ, 58.10 ਫੀਸਦੀ ਹੋਈ ਵੋਟਿੰਗ

06/01/2024 11:51:34 PM

ਫਰੀਦਕੋਟ : ਪੰਜਾਬ ਵਿਚ ਲੋਕ ਸਭਾ ਚੋਣਾਂ ਦਾ ਕੰਮ ਅਮਨ-ਅਮਾਨ ਨਾਲ ਸੰਪਨ ਹੋਇਆ। ਹੌਟ ਸੀਟ ਫਰੀਦਕੋਟ 'ਤੇ ਜਿਵੇਂ ਹੀ ਸਵੇਰੇ ਵੋਟਿੰਗ ਸ਼ੁਰੂ ਹੋਈ ਤਾਂ ਪੋਲਿੰਗ ਬੂਥਾਂ 'ਤੇ ਲੰਬੀਆਂ ਲਾਈਨਾਂ ਲੱਗਣੀਆਂ ਸ਼ੁਰੂ ਹੋ ਗਈਆਂ ਹਾਲਾਂਕਿ ਬਾਅਦ ਵਿਚ ਗਰਮੀ ਕਾਰਣ ਪੋਲਿੰਗ ਬੂਥਾਂ 'ਤੇ ਲੋਕਾਂ ਦੀ ਭੀੜ ਘੱਟਦੀ ਗਈ। ਇਸ ਦਰਮਿਆਨ ਫਰੀਦਕੋਟ ਵਿਚ ਹਨ੍ਹੇਰੀ ਕਾਰਣ ਬੂਥ ਦੀ ਸ਼ੈੱਡ ਡਿੱਗ ਗਈ, ਜਿਸ ਕਾਰਣ ਪ੍ਰਸ਼ਾਸਨ ਵਾਲ-ਵਾਲ ਬਚ ਗਿਆ। ਹਾਲਾਂਕਿ ਜਲਦੀ ਹੀ ਇਸ ਸਮੱਸਿਆ ਦਾ ਹੱਲ ਕਰ ਲਿਆ ਗਿਆ ਹੈ। ਉਥੇ ਹੀ ਚੋਣਾਂ ਮੁਕੰਮਲ ਹੋਣ ਤਕ ਫਰੀਦਕੋਟ ਵਿਚ 58.10 ਫੀਸਦੀ ਵੋਟਿੰਗ ਰਿਕਾਰਡ ਕੀਤੀ ਗਈ ਹੈ। ਵੋਟਿੰਗ ਪ੍ਰਕਿਰਿਆ ਸਵੇਰੇ 7 ਵਜੇ ਸ਼ੁਰੂ ਹੋਈ ਅਤੇ ਸ਼ਾਮ ਛੇ ਵਜੇ ਤਕ ਚੱਲੀ। ਇਸ ਸੀਟ 'ਤੇ 15 ਲੱਖ 87 ਹਜ਼ਾਰ 461 ਕੁਲ ਵੋਟਰ ਹਨ। ਜਿਨ੍ਹਾਂ ਵਿਚ 8 ਲੱਖ 38 ਹਜ਼ਾਰ 605 ਪੁਰਸ਼ ਵੋਟਰ, 7 ਲੱਖ 48 ਹਜ਼ਾਰ 775 ਮਹਿਲਾ ਵੋਟਰ ਅਤੇ 81 ਟ੍ਰਾਂਸਜੈਂਡਰ ਵੋਟਰ ਹਨ। 

ਫਰੀਦਕੋਟ ਲੋਕ ਸਭਾ ਹਲਕੇ ’ਚ ਮੁਕਾਬਲਾ ਬਣਿਆ ਦਿਲਚਸਪ

ਇਸ ਹਲਕੇ ਵਿਚ ਇਸ ਵਾਰ ਬੇਹੱਦ ਦਿਲਚਸਪ ਮੁਕਾਬਲਾ ਦੇਖਣ ਨੂੰ ਮਿਲ ਰਿਹਾ ਹੈ। ਕਾਂਗਰਸ ਨੇ ਇਥੋਂ ਮੌਜੂਦਾ ਐੱਮ. ਪੀ. ਮੁਹੰਮਦ ਸਦੀਕ ਦੀ ਟਿਕਟ ਕੱਟ ਕੇ ਅਮਰਜੀਤ ਕੌਰ ਸਾਹੋਕੇ ਨੂੰ ਮੈਦਾਨ ਵਿਚ ਉਤਾਰਿਆ ਹੈ। ਬੀਬੀ ਸਾਹੋਕੇ ਪਹਿਲਾਂ ਅਕਾਲੀ ਦਲ ਵਿਚ ਰਹਿ ਚੁੱਕੇ ਹਨ ਤੇ ਮੋਗਾ ਜ਼ਿਲ੍ਹੇ ਨਾਲ ਸਬੰਧਤ ਹਨ ਜਦਕਿ ਆਮ ਆਦਮੀ ਪਾਰਟੀ ਨੇ ਪੰਜਾਬੀ ਫਿਲਮ ਦੇ ਇੰਡਸਟਰੀ ਦੇ ਮਸ਼ਹੂਰ ਅਦਾਕਾਰ ਕਰਮਜੀਤ ਅਨਮੋਲ ਨੂੰ ਮੈਦਾਨ ਵਿਚ ਉਤਾਰਿਆ ਹੈ। ਇਸ ਤੋਂ ਇਲਾਵਾ ਭਾਜਪਾ ਨੇ ਮਸ਼ਹੂਰ ਗਾਇਕ ਹੰਸ ਰਾਜ ਹੰਸ, ਸ਼੍ਰੋਮਣੀ ਅਕਾਲੀ ਦਲ (ਬਾਦਲ) ਨੇ ਰਾਜਵਿੰਦਰ ਸਿੰਘ ਧਰਮਕੋਟ ਅਤੇ ਬਸਪਾ ਨੇ ਗੁਰਬਖ਼ਸ਼ ਸਿੰਘ 'ਤੇ ਦਾਅ ਖੇਡਿਆ ਹੈ। 

ਫਰੀਦਕੋਟ ਸੀਟ ਦਾ ਇਤਿਹਾਸ 

ਫਰੀਦਕੋਟ 'ਚ ਪਹਿਲੀ ਵਾਰ ਲੋਕ ਸਭਾ ਚੋਣਾਂ ਸਾਲ 1977 'ਚ ਹੋਈਆਂ ਸਨ ਅਤੇ ਉਸ ਸਮੇਂ ਪ੍ਰਕਾਸ਼ ਸਿੰਘ ਬਾਦਲ ਦੀ ਜਿੱਤ ਹੋਈ ਸੀ। ਹੁਣ ਤੱਕ ਅਕਾਲੀ ਦਲ ਫਰੀਦਕੋਟ ਸੀਟ ਤੋਂ 6 ਵਾਰ ਜੇਤੂ ਰਹਿ ਚੁੱਕਾ ਹੈ। ਰੋਚਕ ਗੱਲ ਇਹ ਹੈ ਕਿ ਸੁਖਬੀਰ ਸਿੰਘ ਬਾਦਲ ਇਸ ਸੀਟ ਤੋਂ 3 ਵਾਰ ਸਾਂਸਦ ਬਣ ਚੁੱਕੇ ਹਨ ਅਤੇ ਸਾਲ 1999 'ਚ ਕਾਂਗਰਸ ਦੇ ਜਗਮੀਤ ਸਿੰਘ ਬਰਾੜ ਨੇ ਸੁਖਬੀਰ ਬਾਦਲ ਨੂੰ ਹਰਾਇਆ ਸੀ। 2014 'ਚ ਰਿਵਾਇਤੀ ਪਾਰਟੀਆਂ ਤੋਂ ਅੱਕ ਫਰੀਦਕੋਟ ਦੇ ਲੋਕਾਂ ਨੇ 'ਆਪ' ਦਾ ਸਾਥ ਦਿੱਤਾ ਜਦਕਿ 2019 ਵਿਚ ਇਥੋਂ ਦੀ ਜਨਤਾ ਕਾਂਗਰਸ ਦੇ ਹੱਕ ਵਿਚ ਭੁਗਤੀ, ਇਸ ਵਾਰ ਜਿੱਤ ਕਿਸਦੀ ਹੋਵੇਗੀ, ਇਹ ਦੇਖਣਾ ਦਿਲਚਸਪ ਰਹੇਗਾ। ਫਰੀਦਕੋਟ 'ਚ ਕੁੱਲ 12 ਵਾਰ ਲੋਕ ਸਭਾ ਚੋਣਾਂ ਹੋ ਚੁੱਕੀਆਂ ਹਨ ਅਤੇ ਇਸ ਸੀਟ ਦੇ ਇਤਿਹਾਸ ਦੇ ਪੰਨਿਆਂ 'ਚ ਜ਼ਿਆਦਾ ਨਾਂ ਅਕਾਲੀ ਦਲ ਦਾ ਆਉਂਦਾ ਹੈ। 1977 'ਚ ਪ੍ਰਕਾਸ਼ ਸਿੰਘ ਬਾਦਲ ਫਰੀਦਕੋਟ ਦੇ ਸਾਂਸਦ ਬਣੇ ਸਨ। 1996, 1998 ਤੇ 2004 'ਚ 3 ਵਾਰ ਸੁਖਬੀਰ ਬਾਦਲ ਫਰੀਦਕੋਟ ਦੀ ਲੋਕ ਸਭਾ ਸੀਟ ਜਿੱਤੇ ਸਨ। ਕਾਂਗਰਸ ਵਲੋਂ ਜਗਮੀਤ ਬਰਾੜ ਸੁਖਬੀਰ ਬਾਦਲ ਨੂੰ 1999 'ਚ ਹਰਾ ਕੇ ਫਰੀਦਕੋਟ ਦੇ ਸਾਂਸਦ ਰਹਿ ਚੁੱਕੇ ਹਨ। 2009 'ਚ ਅਕਾਲੀ ਦਲ ਦੀ ਬੀਬੀ ਪਰਮਜੀਤ ਕੌਰ ਗੁਲਸ਼ਨ ਜੇਤੂ ਰਹੀ ਤੇ 2014 ਲੋਕ ਸਭਾ ਚੋਣਾਂ 'ਚ ਆਮ ਆਦਮੀ ਪਾਰਟੀ ਦੇ ਪ੍ਰੋ.ਸਾਧੂ ਸਿੰਘ ਜਦਕਿ 2019 ਦੀਆਂ ਚੋਣਾਂ ਵਿਚ ਕਾਂਗਰਸ ਦੇ ਮੁਹੰਮਦ ਸਦੀਕ ਨੇ ਜਿੱਤ ਦਾ ਝੰਡਾ ਲਹਿਰਾਇਆ। 1990 ਤੋਂ ਬਾਅਦ ਫਰੀਦਕੋਟ ਸੀਟ ਦੇ ਇਤਿਹਾਸ ਵੱਲ ਦੇਖੀਏ ਤਾਂ ਅਕਾਲੀ ਦਲ 4 ਵਾਰ, ਕਾਂਗਰਸ 3 ਵਾਰ ਅਤੇ ਆਮ ਆਦਮੀ ਪਾਰਟੀ 1 ਵਾਰ ਜਿੱਤ ਚੁੱਕੀ ਹੈ।

 


Gurminder Singh

Content Editor

Related News