ਪਟਿਆਲਾ-ਦਿੱਲੀ ਵਾਲਵੋ 5 ਦਿਨਾਂ ਤੋਂ ਬੰਦ, ਪੰਜਾਬ-ਹਰਿਆਣਾ ਬੱਸ ਆਵਾਜਾਈ ਪਾਣੀਪਤ ਤੱਕ ਸ਼ੁਰੂ

12/01/2020 11:09:49 AM

ਪਟਿਆਲਾ (ਜੋਸਨ) : ਕਿਸਾਨ ਅੰਦੋਲਨ ਕਾਰਣ 25 ਨਵੰਬਰ ਤੋਂ ਬੰਦ ਪਈ ਹਰਿਆਣਾ-ਪੰਜਾਬ ਬੱਸ ਸੇਵਾ ਹੁਣ ਆਮ ਵਾਂਗ ਸ਼ੁਰੂ ਹੋ ਗਈ ਹੈ, ਜਦੋਂਕਿ ਪਟਿਆਲਾ-ਦਿੱਲੀ ਵੋਲਵੋ ਸੇਵਾ ਅਜੇ ਵੀ ਬੰਦ ਹੈ। ਇਹ ਪੰਜਾਬ ਹਰਿਆਣਾ ਬੱਸ ਸੇਵਾ ਸਿਰਫ਼ ਪਾਣੀਪਤ ਤੱਕ ਹੀ ਜਾ ਰਹੀ ਹੈ। ਬੇਸ਼ੱਕ ਪੰਜਾਬ-ਹਰਿਆਣਾ ਬੱਸ ਸੇਵਾ ਸ਼ੁਰੂ ਹੋ ਗਈ ਹੈ ਪਰ ਸਵਾਰੀਆਂ ਦੀ ਆਵਾਜਾਈ ਬਹੁਤ ਘੱਟ ਹੈ। ਪੰਜਾਬ ਦੇ ਪਹਿਲੇ ਹਰਿਆਣਾ ਦੇ ਸ਼ਹਿਰ ਅੰਬਾਲਾ ਅਤੇ ਉਸ ਤੋਂ ਕਈ ਕਿਲੋਮੀਟਰ ਅੱਗੇ ਤੱਕ ਦਾ ਰਸਤਾ ਸਾਫ ਹੋਣ ਕਾਰਣ ਹੁਣ ਹਰਿਆਣਾ ’ਚ ਆਸਾਨੀ ਨਾਲ ਐਂਟਰੀ ਹੋ ਰਹੀ ਹੈ ਅਤੇ ਕਿਸੇ ਵੀ ਤਰ੍ਹਾਂ ਦੀ ਪਰੇਸ਼ਾਨੀ ਨਹੀਂ ਆ ਰਹੀ।

ਪੰਜਾਬ ਰੋਡਵੇਜ਼ ਵੱਲੋਂ ਬੀਤੇ ਦਿਨ ਤੋਂ ਅੰਬਾਲਾ ਤੱਕ ਬੱਸਾਂ ਭੇਜਣ ਦਾ ਸਿਲਸਿਲਾ ਸ਼ੁਰੂ ਕੀਤਾ ਜਾ ਚੁੱਕਾ ਹੈ, ਜਿਸ ਨੂੰ ਵੇਖਦਿਆਂ ਬੀਤੇ ਦਿਨ ਹਰਿਆਣਾ ਵੱਲੋਂ ਵੀ ਪੰਜਾਬ ’ਚ ਆਉਣ ਵਾਲੀਆਂ ਬੱਸਾਂ ਦੀ ਸੇਵਾ ਅਚਾਨਕ ਵਧਾ ਦਿੱਤੀ ਗਈ, ਜਿਸ ਨਾਲ ਬੱਸਾਂ ਦੀ ਉਡੀਕ ਕਰ ਰਹੇ ਮੁਸਾਫ਼ਰਾਂ ਨੂੰ ਰਾਹਤ ਮਿਲੀ ਹੈ। ਜਾਣਕਾਰੀ ਮੁਤਾਬਕ ਰੋਡਵੇਜ਼/ਪਨਬੱਸ ਦੀਆਂ ਕਈ ਬੱਸਾਂ ਖ਼ਤਰਾ ਮੁੱਲ ਲੈ ਕੇ ਪਾਣੀਪਤ ਪਹੁੰਚੀਆਂ ਅਤੇ ਉੱਥੋਂ ਵਾਪਸ ਪੰਜਾਬ ਪਰਤ ਆਈਆਂ। ਇਸ ਲਈ ਹੁਣ ਪਾਣੀਪਤ ਤੱਕ ਵੀ ਚੋਣਵੀਂਆਂ ਬੱਸਾਂ ਹੀ ਜਾ ਰਹੀਆਂ ਹਨ, ਜਦੋਂ ਕਿ ਆਮ ਬੱਸਾਂ ਹਰਿਆਣਾ ਦੇ ਹੋਰਨਾ ਸ਼ਹਿਰਾਂ ਤੋਂ ਹੀ ਵਾਪਸ ਆ ਰਹੀਆਂ ਹਨ। ਸੂਤਰਾਂ ਮੁਤਾਬਕ ਬੱਸਾਂ ਨੂੰ ਅੰਬਾਲਾ ਤੱਕ ਜਾਣ ਲਈ ਕਿਹਾ ਹੈ, ਪਾਣੀਪਤ ਦਾ ਹੁਕਮ ਨਹੀਂ ਹੈ।

ਜਾਣਕਾਰੀ ਮੁਤਾਬਕ ਪੰਜਾਬ ਵੱਲੋਂ ਸਵੇਰੇ ਹਰਿਆਣਾ ਦੇ ਦੂਰ ਸ਼ਹਿਰਾਂ ਲਈ ਜਿਹੜੀ ਬੱਸ ਸਰਵਿਸ ਸ਼ੁਰੂ ਕੀਤੀ ਗਈ ਸੀ, ਉਸ ਨੂੰ ਰਾਤੀਂ ਆਰਾਮ ਦਿੱਤਾ ਗਿਆ ਹੈ ਕਿਉਂਕਿ ਦਿੱਲੀ ਬੰਦ ਪਿਆ ਹੈ, ਇਸ ਲਈ ਰਾਤ ਸਮੇਂ ਅੰਬਾਲਾ ਤੱਕ ਜਾਣ ਵਾਲੇ ਯਾਤਰੀਆਂ ਦੀ ਗਿਣਤੀ ਬਹੁਤ ਘੱਟ ਹੁੰਦੀ ਹੈ, ਇਸ ਲਈ ਬੱਸਾਂ ਨੂੰ ਬੰਦ ਕਰਨਾ ਹੀ ਸਹੀ ਫ਼ੈਸਲਾ ਹੈ। ਉੱਧਰ ਬਰਫ਼ ਪੈਣ ਅਤੇ ਦਿੱਲੀ ਸਰਹੱਦ ਬੰਦ ਹੋਣ ਕਾਰਣ ਹਿਮਾਚਲ ਰੂਟ ’ਤੇ ਬੱਸਾਂ ’ਚ ਉਮੀਦ ਤੋਂ ਘੱਟ ਮੁਸਾਫ਼ਰ ਸਫ਼ਰ ਕਰ ਰਹੇ ਹਨ। ਜਿਹੜੀਆਂ ਬੱਸਾਂ ਹਿਮਾਚਲ ਲਈ ਰਵਾਨਾ ਹੋਈਆਂ, ਉਨ੍ਹਾਂ ’ਚੋਂ ਵਧੇਰੇ ਘਾਟੇ ’ਚ ਗਈਆਂ। ਪੰਜਾਬ ਰੂਟ ’ਤੇ ਜਾਣ ਵਾਲੀਆਂ ਬੱਸਾਂ ਦੀ ਸਰਵਿਸ ਰੂਟੀਨ ਦਿਨਾਂ ਦੇ ਮੁਕਾਬਲੇ ਘੱਟ ਦੇਖਣ ਨੂੰ ਮਿਲ ਰਹੀ ਹੈ। ਦਿੱਲੀ-ਪਟਿਆਲਾ ਵੋਲਵੋ ਬੱਸ ਸਰਵਿਸ ਬੰਦ ਹੋਣ ਨਾਲ ਯਾਤਰੀਆਂ ਨੂੰ ਨਿਰਾਸ਼ਾ ਹੋ ਰਹੀ ਹੈ।


Babita

Content Editor

Related News