ਕੋਰੋਨਾ ਦਾ ਖੌਫ : ਵਿਦਿਆਰਥੀਆਂ ਲਈ ਵਰਚੂਅਲ ਕਲਾਸਿਜ਼ ਸ਼ੁਰੂ ਕਰਨਗੇ ਸਕੂਲ
Wednesday, Mar 18, 2020 - 03:31 PM (IST)
ਲੁਧਿਆਣਾ (ਵਿੱਕੀ) : ਬੇਸ਼ੱਕ ਸਰਕਾਰੀ ਹੁਕਮਾਂ ਨੂੰ ਮੰਨਦੇ ਹੋਏ ਨਿੱਜੀ ਸਕੂਲਾਂ ਨੇ ਆਪਣੀਆਂ ਸੰਸਥਾਵਾਂ 'ਚ 31 ਮਾਰਚ ਤੱਕ ਛੁੱਟੀਆਂ ਕਰ ਦਿੱਤੀ ਹਨ ਪਰ ਇਨ੍ਹਾਂ ਛੁੱਟੀਆਂ ਦਾ ਵਿਦਿਆਰਥੀਆਂ ਦੀ ਪੜ੍ਹਾਈ 'ਤੇ ਹੋਣ ਵਾਲੇ ਨੁਕਸਾਨ ਨੂੰ ਰੋਕਣ ਲਈ ਕਈ ਨਿੱਜੀ ਸਕੂਲਾਂ ਨੇ ਆਨਲਾਈਨ ਕਲਾਸਿਜ਼ ਸ਼ੁਰੂ ਕਰਨ ਵੱਲ ਕਦਮ ਵਧਾਏ। ਬੇਸ਼ੱਕ ਵਿਦਿਆਰਥੀ ਛੁੱਟੀਆਂ 'ਚ ਸਕੂਲ ਨਹੀਂ ਆਉਣਗੇ ਪਰ ਤਕਨੀਕ ਦੇ ਇਸ ਦੌਰ 'ਚ ਸਕੂਲ ਬੱਚਿਆਂ ਨੂੰ ਘਰ ਬੈਠੇ ਹੀ ਸਲੇਬਸ ਕਵਰ ਕਰਵਾਉਣਗੇ। ਜਾਣਕਾਰੀ 'ਚ ਅਹਿਤਿਆਤ ਵਰਤਦੇ ਹੋਏ ਸਰਕਾਰ ਨੇ ਸਾਰੇ ਸਕੂਲਾਂ ਅਤੇ ਕਾਲਜਾਂ ਦੇ ਇਲਾਵਾ ਕੋਚਿੰਗ ਸੈਂਟਰਾਂ 'ਚ ਵੀ 31 ਮਾਰਚ ਤਕ ਛੁੱਟੀਆਂ ਕਰਨ ਦਾ ਐਲਾਨ ਕਰ ਦਿੱਤਾ ਹੈ।
ਜਾਣਕਾਰੀ ਮੁਤਾਬਕ ਸਰਕਾਰ ਦੇ ਐਲਾਨ ਦੇ ਬਾਅਦ ਸਕੂਲ ਦੇ ਮੱਥੇ 'ਤੇ ਇਸ ਗੱਲ ਕਾਰਣ ਚਿੰਤਾ ਦੀ ਲਕੀਰ ਖਿੱਚੀ ਗਈ ਕਿ ਬੱਚਿਆਂ ਨੂੰ ਨਵੇਂ ਸੈਸ਼ਨ ਦਾ ਸਿਲੇਬਸ ਕਿਵੇਂ ਕਰਵਾਇਆ ਜਾਵੇ। ਵਿਦਿਆਰਥੀਆਂ ਦੀ ਪੜ੍ਹਾਈ ਦਾ ਨੁਕਸਾਨ ਨਾ ਹੋਵੇ। ਇਸ ਲਈ ਸਕੂਲਾਂ ਨੇ ਆਨਲਾਈਨ ਪਲੇਟਫਾਰਮ ਦਾ ਸਹਾਰਾ ਲਿਆ ਹੈ। ਸਕੂਲਾਂ ਵੱਲੋਂ ਸ਼ੁਰੂ ਕੀਤੀ ਜਾਣ ਵਾਲੀਆਂ ਵਰਚੂਅਲ ਕਲਾਸਿਜ਼ ਲਈ ਇਨ੍ਹਾਂ ਦਿਨਾਂ 'ਚ ਅਧਿਆਪਕਾਂ ਵੱਲੋਂ ਅਸਾਈਨਮੈਂਟ ਬਣਾਉਣ ਦਾ ਕੰਮ ਕੀਤਾ ਜਾ ਰਿਹਾ ਹੈ ਜਿਸ ਦੇ ਤਿਆਰ ਹੋਣ ਬਾਅਦ ਵੱਖ-ਵੱਖ ਸਾਫਟਵੇਅਰ ਦੀ ਮਦਦ ਨਾਲ ਉਨ੍ਹਾਂ ਦੇ ਲਿੰਕ ਬਣਾ ਕੇ ਆਨਲਾਈਨ ਪ੍ਰਕਿਰਿਆ ਤਹਿਤ ਵਿਦਿਆਰਥੀਆਂ ਤਕ ਪੁੱਜ ਸਕੇ ਅਤੇ ਸਕੂਲਾਂ ਵੱਲੋਂ ਹੋਮਵਰਕ ਦੀ ਫੋਟੋਕਾਪੀ ਵੀ ਅਪਲੋਡ ਕੀਤੀ ਜਾਵੇਗੀ। ਇਹ ਨਹੀਂ ਵਿਦਿਆਰਥੀ ਨੂੰ ਅਧਿਆਪਕਾਂ ਵੱਲੋਂ ਵੀਡੀਓ ਬਣਾ ਕੇ ਵੀ ਭੇਜੇ ਜਾਣਗੇ ਤਾਂ ਕਿ ਕੋਈ ਪ੍ਰੇਸ਼ਾਨੀ ਨਾ ਰਹੇ।
ਅਧਿਆਪਕਾਂ ਨੂੰ ਵੀ ਜਾਗਰੂਕ ਕਰ ਰਿਹਾ ਸਕੂਲ
ਇਸ ਦੇ ਇਲਾਵਾ ਸਕੂਲਾਂ 'ਚ ਅਧਿਆਪਕਾਂ ਨੂੰ ਡਬਲਿਊ. ਐੱਚ. ਓ. ਦੀ ਪਾਵਰ ਪੁਆਇੰਟ ਪ੍ਰੈਜੈਂਟੇਸ਼ਨ ਦਿਖਾਉਂਦੇ ਹੋਏ ਕੋਰੋਨਾ ਵਾਇਰਸ ਸਬੰਧੀ ਪੂਰੀ ਤਰ੍ਹਾਂ ਜਾਗਰੂਕ ਕਰਵਾਇਆ ਜਾ ਰਿਹਾ ਹੈ। ਇਸ ਸਬੰਧ 'ਚ ਉਨ੍ਹਾਂ ਨਾਲ ਵਿਸਥਾਰ ਚਰਚਾ ਵੀ ਕੀਤੀ ਜਾ ਰਹੀ ਹੈ। ਸਕੂਲ ਨੇ ਆਪਣੇ ਸਪੋਰਟਸ ਸਟਾਫ ਨੂੰ ਵੀ ਜਾਗੂਰਕ ਕੀਤਾ। ਬਾਇਓਮੈਟ੍ਰਿਕ ਹਾਜ਼ਰੀ ਲਾਉਣ ਤੋਂ ਪਹਿਲਾਂ ਸਾਰੇ ਸਟਾਫ ਮੈਂਬਰਾਂ ਨੂੰ ਹੈਂਡ ਸੈਨੀਟਾਈਜ਼ਰ ਦਾ ਪ੍ਰਯੋਗ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ।
ਡੇਟਸ਼ੀਟ 'ਚ ਕੀਤਾ ਬਦਲਾਅ
ਭਾਵੇਂ ਕਿ ਸਰਕਾਰ ਦੇ ਹੁਕਮ ਸਨ ਕਿ ਜਿਨ੍ਹਾਂ ਸਕੂਲਾਂ 'ਚ ਪ੍ਰੀਖਿਆ ਚਲ ਰਹੀ ਹੈ ਉਨ੍ਹਾਂ 'ਚ ਤੈਅ ਡੇਟਸ਼ੀਟ ਦੇ ਮੁਤਾਬਕ ਐਗਜ਼ਾਮ ਚੱਲਣਗੇ ਪਰ ਵਿਦਿਆਰਥੀਆਂ ਦੀ ਸਿਹਤ ਦੇ ਮੱਦੇਨਜ਼ਰ ਗੁਰੂ ਨਾਨਕ ਪਬਲਿਕ ਸਕੂਲ ਮਾਡਲ ਟਾਉੂਨ ਐਕਸਟੈਨਸ਼ਨ ਦੇ ਵਿਦਿਆਰਥੀਆਂ ਨੂੰ ਡੇਟਸ਼ੀਟ 'ਚ ਬਦਲਾਅ ਕਰ ਦਿੱਤਾ ਗਿਆ ਹੈ। ਪੇਰੈਂਟਸ ਨੂੰ ਭੇਜੀ ਗਈ ਸੂਚਨਾ ਮੁਤਾਬਕ ਜੋ ਪ੍ਰੀਖਿਆਵਾਂ 27 ਮਾਰਚ ਨੂੰ ਸਮਾਪਤ ਹੋਣੀਆਂ ਸਨ ਉਨ੍ਹਾਂ ਦੀ ਡੇਟਸ਼ੀਟ ਹੁਣ ਐਡਵਾਂਸ 21 ਮਾਰਚ ਤਕ ਪ੍ਰੀਖਿਆ ਖਤਮ ਕਰਨ ਦੀ ਨਵੀਂ ਤਰੀਕ ਤੈਅ ਕੀਤੀ ਗਈ ਹੈ।
ਇਸ ਬਾਰੇ ਜਾਣਕਾਰੀ ਦਿੰਦਿਆਂ ਡੀ. ਏ. ਵੀ. ਸਕੂਲ, ਪੱਖੋਵਾਲ ਰੋਡ ਦੀ ਪ੍ਰਿੰਸੀਪਲ ਡਾ. ਸਤਵੰਤ ਕੌਰ ਭੁੱਲਰ ਨੇ ਕਿਹਾ ਕਿ ਅਸੀਂ ਆਪਣੇ ਸਕੂਲ ਦਾ ਸੈਸ਼ਨ 19 ਮਾਰਚ ਤੋਂ ਸ਼ੁਰੂ ਕਰ ਰਹੇ ਸੀ ਪਰ ਛੁੱਟੀਆਂ ਦੇ ਐਲਾਨ ਕਾਰਣ ਬੱਚਿਆਂ ਦੀ ਪੜ੍ਹਾਈ ਦਾ ਨੁਕਸਾਨ ਨਾ ਹੋਵੇ, ਇਸ ਲਈ ਅਸੀਂ ਰੈਗੂਲਰ ਕਲਾਸਿਜ਼ ਦੀ ਜਗ੍ਹਾ ਵਰਚੂਅਲ ਕਲਾਸਿਜ਼ ਵੱਲ ਜਾ ਰਹੇ ਹਾਂ। ਸਾਡੇ ਸਕੂਲ ਦਾ ਪੂਰਾ ਸਟਾਫ ਕੰਪਿਊਟਰ ਸਿੱਖਿਅਤ ਹੈ। ਹੁਣ ਅਸੀਂ ਲੋਕ ਆਪਣੀ ਪੂਰੀ ਤਿਆਰੀ 'ਚ ਜੁਟੇ ਹਾਂ ਕਿ ਸਾਡਾ ਸਕੂਲ 19 ਮਾਰਚ ਤੋਂ ਸ਼ੁਰੂ ਹੋਣ ਜਾ ਰਿਹਾ ਹੈ। ਬੱਸ ਫਰਕ ਸਿਰਫ ਇੰਨਾ ਹੈ ਕਿ ਬੱਚੇ ਜੇਕਰ ਸਕੂਲਾਂ 'ਚ ਨਹੀਂ ਆ ਸਕਦੇ ਤਾਂ ਅਸੀਂ ਉਨ੍ਹਾਂ ਦੇ ਘਰ ਪਹੁੰਚ ਕੇ ਪੜ੍ਹਾ ਸਕਦੇ ਹਾਂ। ਹੁਣ ਇਸ ਦੇ ਪ੍ਰਬੰਧ ਕਰ ਲਏ ਹਨ ਕਿ ਬੱਚਿਆਂ ਨੂੰ ਆਨਲਾਈਨ ਅਸਾÂਨੀਮੈਂਟ ਦੇ ਜ਼ਰੀਏ ਪੜ੍ਹਾਉਣ ਲਈ ਅਸੀਂ ਵੱਖਰੀ ਸਟ੍ਰੇਟਜੀ ਤਿਆਰ ਕੀਤੀ ਹੈ। ਬੱਚਿਆਂ ਦੀ ਪੜ੍ਹਾਈ ਦਾ ਕੋਈ ਵੀ ਨੁਕਸਾਨ ਨਹੀਂ ਹੋਵੇਗਾ। ਇਸ ਲਈ ਟੈਕਨਾਲੋਜੀ ਦਾ ਪੂਰਾ ਲਾਭ ਲਿਆ ਜਾਵੇਗਾ। ਜੇਕਰ ਇਸ ਸਬੰਧ 'ਚ ਬੱਚਿਆਂ ਨੂੰ ਕੋਈ ਪ੍ਰੇਸ਼ਾਨੀ ਆਉਂਦੀ ਹੈ ਤਾਂ ਉਨ੍ਹਾਂ ਮਦਦ ਕਰਨ ਲਈ ਤਿਆਰ ਹਾਂ।