ਪਰਚੇ ਰੱਦ ਕਰਵਾਉਣ ਲਈ ਠੇਕੇ ਅੱਗੇ ਡਟੇ ਪਿੰਡ ਵਾਸੀ
Tuesday, Jun 26, 2018 - 03:06 AM (IST)
ਲਹਿਰਾਗਾਗਾ, (ਗਰਗ, ਜਿੰਦਲ)– ਪਿੰਡ ਕੋਟਡ਼ਾ ਲਹਿਲ ਦੀਆਂ ਅੌਰਤਾਂ ਅਤੇ ਮਰਦਾਂ ਨੇ ਪਹਿਲਾਂ ਠੇਕੇ ਅੱਗੇ ਧਰਨਾ ਲਾਇਆ ਅਤੇ ਫਿਰ ਬਾਅਦ ’ਚ ਲਹਿਰਾ-ਜਾਖਲ ਮੇਨ ਰੋਡ ’ਤੇ ਕੁਝ ਸਮੇਂ ਲਈ ਜਾਮ ਕਰ ਦਿੱਤਾ। ਦੱਸਣਯੋਗ ਹੈ ਕਿ ਪਿਛਲੇ ਦਿਨੀਂ ਪਿੰਡ ਕੋਟਡ਼ਾ ਲਹਿਲ ਦੇ ਕੁਝ ਵਿਅਕਤੀਆਂ ’ਤੇ ਥਾਣਾ ਲਹਿਰਾ ਵਿਖੇ ਅਾਬਕਾਰੀ ਵਿਭਾਗ ਦੀ ਟੀਮ ’ਤੇ ਹੋਏ ਹਮਲੇ ਸਬੰਧੀ ਸਰਕਲ ਐਕਸਾਈਜ਼ ਇੰਸਪੈਕਟਰ ਦੇ ਬਿਆਨਾਂ ’ਤੇ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕੀਤੇ ਗਏ ਸਨ, ਜਿਸ ਦੇ ਰੋਸ ਵਜੋਂ ਪਿੰਡ ਵਾਸੀਆਂ ਨੇ ਧਰਨਾ ਦਿੱਤਾ। ਇਸ ਮੌਕੇ ਪਿੰਡ ਦੀਆਂ ਅੌਰਤਾਂ ਅਤੇ ਸਾਬਕਾ ਸਰਪੰਚ ਅਤੇ ਸਾਬਕਾ ਬਲਾਕ ਸੰਮਤੀ ਚੇਅਰਮੈਨ ਗੁਰਦੀਪ ਕੋਟਡ਼ਾ ਨੇ ਕਿਹਾ ਕਿ ਉਨ੍ਹਾਂ ਦੇ ਪਿੰਡ ਵਿਚੋਂ ਸ਼ਰਾਬ ਦੇ ਠੇਕੇਦਾਰਾਂ ਦੀਅਾਂ ਗੱਡੀਆਂ ਤੇਜ਼ ਰਫਤਾਰ ਨਾਲ ਲੰਘਦੀਆਂ ਸਨ। ਪਿੰਡ ਵਾਸੀਆਂ ਨੇ ਇਕੱਠੇ ਹੋ ਕੇ ਠੇਕੇਦਾਰ ਨੂੰ ਕਿਹਾ ਕਿ ਗੱਡੀਅਾਂ ਦੀ ਰਫਤਾਰ ਹੌਲੀ ਰੱਖਣ ਲਈ ਕਿਹਾ ਤਾਂ ਜੋ ਕੋਈ ਹਾਦਸਾ ਨਾ ਵਾਪਰ ਸਕੇ ਪਰ ਇਸ ਗੱਲ ਨੂੰ ਲੈ ਕੇ ਉਨ੍ਹਾਂ ਦੇ ਪਿੰਡ ਦੇ ਪਹਿਲਾਂ 5 ਵਿਅਕਤੀਆਂ ਖਿਲਾਫ ਅਤੇ ਅਗਲੇ ਦਿਨ ਕਰੀਬ 4 ਵਿਅਕਤੀਆਂ ’ਤੇ ਝੂਠੇ ਪਰਚੇ ਦਰਜ ਕਰਵਾ ਦਿੱਤੇ ਗਏ। ਕੋਟਡ਼ਾ ਨੇ ਮੰਗ ਕੀਤੀ ਕਿ ਉਕਤ ਪਰਚੇ ਰੱਦ ਕੀਤੇ ਜਾਣ ਨਹੀਂ ਤਾਂ ਸੰਘਰਸ਼ ਨੂੰ ਤੇਜ਼ ਕੀਤਾ ਜਾਵੇਗਾ। ਇਸ ਮਾਮਲੇ ਸਬੰਧੀ ਥਾਣਾ ਮੁਖੀ ਜਸਵੀਰ ਸਿੰਘ ਤੂਰ ਨੇ ਕਿਹਾ ਕਿ ਐਕਸਾਈਜ਼ ਇੰਸਪੈਕਟਰ ਦੇ ਬਿਆਨਾਂ ’ਤੇ ਹੀ ਪੁਲਸ ਨੇ ਮਾਮਲਾ ਦਰਜ ਕੀਤਾ ਸੀ । ਕਿਸੇ ਵੀ ਵਿਅਕਤੀ ਨਾਲ ਕੋਈ ਧੱਕਾ ਨਹੀਂ ਕੀਤਾ ਜਾ ਰਿਹਾ। ਜੇ ਪਿੰਡ ਵਾਸੀਆਂ ਨੂੰ ਕਿਸੇ ਗੱਲ ਦਾ ਇਤਰਾਜ਼ ਹੈ ਤਾਂ ਉਹ ਪੁਲਸ ਦੇ ਉੱਚ ਅਧਿਕਾਰੀਆਂ ਤੋਂ ਜਾਂਚ ਕਰਵਾ ਸਕਦੇ ਹਨ ।
