ਬਿੱਟੂ ਵਲੋਂ ਗੋਦ ਲਿਆ ਸ਼ਹੀਦ ਦਾ ਪਿੰਡ ਈਸੇਵਾਲ ਨਹੀਂ ਬਣ ਸਕਿਆ ਇਕ ਆਦਰਸ਼ ਪਿੰਡ

Saturday, Mar 30, 2019 - 12:59 PM (IST)

ਬਿੱਟੂ ਵਲੋਂ ਗੋਦ ਲਿਆ ਸ਼ਹੀਦ ਦਾ ਪਿੰਡ ਈਸੇਵਾਲ ਨਹੀਂ ਬਣ ਸਕਿਆ ਇਕ ਆਦਰਸ਼ ਪਿੰਡ

ਮੁੱਲਾਂਪੁਰ, ਲੁਧਿਆਣਾ (ਕਾਲੀਆ, ਹਿਤੇਸ਼) - ਲੋਕ ਸਭਾ ਚੋਣਾਂ ਦਾ ਐਲਾਨ ਹੋਣ ਤੋਂ ਬਾਅਦ ਸੱਤਾਧਾਰੀ ਪਾਰਟੀ ਦੇ ਨੇਤਾ ਜਿਥੇ ਲੋਕਾਂ 'ਚ ਜਾ ਕੇ ਆਪਣੀਆਂ ਪ੍ਰਾਪਤੀਆਂ ਗਿਣਾ ਰਹੇ ਹਨ, ਉਥੇ ਹੀ ਵਿਰੋਧੀ ਧਿਰ ਵਲੋਂ ਕੇਂਦਰ ਅਤੇ ਰਾਜ ਸਰਕਾਰ ਦੇ ਕੰਮਾਂ ਦੀਆਂ ਖਾਮੀਆਂ ਗਿਣਾਉਣ ਦਾ ਕੋਈ ਮੌਕਾ ਨਹੀਂ ਗੁਆਇਆ ਜਾ ਰਿਹਾ। ਇਸੇ ਤਰ੍ਹਾਂ ਜਿਹੜੇ ਮੌਜੂਦਾ ਸੰਸਦ ਮੈਂਬਰ ਲੋਕ ਸਭਾ ਚੋਣਾਂ ਲੜ ਰਹੇ ਹਨ, ਉਨ੍ਹਾਂ ਤੋਂ ਵੀ ਲੋਕਾਂ ਦੁਆਰਾ ਰਿਪੋਰਟ ਕਾਰਡ ਮੰਗਿਆ ਜਾ ਰਿਹਾ ਹੈ। ਇਸ ਤਰ੍ਹਾਂ ਲੁਧਿਆਣਾ ਸੀਟ ਤੋਂ ਰਵਨੀਤ ਸਿੰਘ ਬਿੱਟੂ, ਜਿਨ੍ਹਾਂ ਨੇ ਆਦਰਸ਼ ਗ੍ਰਾਮ ਯੋਜਨਾ ਤਹਿਤ ਪਿੰਡ ਈਸੇਵਾਲ ਨੂੰ ਗੋਦ ਲਿਆ ਸੀ, ਜੋ ਅੱਜ ਤੱਕ ਇਕ ਆਦਰਸ਼ ਪਿੰਡ ਨਹੀਂ ਬਣ ਸਕਿਆ। ਅਜੇ ਤੱਕ ਇਸ ਪਿੰਡ ਦੀਆਂ ਗਲੀਆਂ-ਨਾਲੀਆਂ ਨਹੀਂ ਬਣੀਆਂ ਹਨ ਅਤੇ ਅੱਧੇ ਪਿੰਡ 'ਚ ਹੀ ਸੀਵਰੇਜ ਪਾਇਆ ਗਿਆ ਹੈ। ਰਵਨੀਤ ਬਿੱਟੂ ਨੇ ਕੇਂਦਰ ਸਰਕਾਰ 'ਤੇ ਠੀਕਰਾ ਭੰਨਦੇ ਹੋਏ ਕਿਹਾ ਕਿ ਇਕ ਰੁਪਿਆ ਵੀ ਗ੍ਰਾਂਟ ਵਜੋਂ ਪਿੰਡ ਦੇ ਵਿਕਾਸ ਲਈ ਨਹੀਂ ਆਇਆ, ਜਿਸ ਨਾਲ ਇਹ ਯੋਜਨਾ ਇਕ ਜੁਮਲਾ ਬਣ ਕੇ ਰਹਿ ਗਈ ਹੈ।

ਸ਼ਹੀਦ ਨਿਰਮਲਜੀਤ ਸੇਖੋਂ ਦੇ ਨਾਂ ਤੋਂ ਜਾਣਿਆ ਜਾਂਦਾ ਹੈ ਇਹ ਪਿੰਡ
ਪਿੰਡ ਈਸੇਵਾਲ ਸ਼ਹੀਦ ਨਿਰਮਲਜੀਤ ਸਿੰਘ ਸੇਖੋਂ ਦੇ ਨਾਂ ਨਾਲ ਜਾਣਿਆ ਜਾਂਦਾ ਹੈ, ਜੋ ਏਅਰਫੋਰਸ 'ਚ ਸੇਵਾਵਾਂ ਦਿੰਦੇ ਹੋਏ 1971 ਦੀ ਜੰਗ 'ਚ ਸ਼ਹੀਦ ਹੋ ਗਏ ਸਨ। ਉਨ੍ਹਾਂ ਨੂੰ ਪਰਮਵੀਰ ਚੱਕਰ ਦਾ ਸਨਮਾਨ ਵੀ ਮਿਲਿਆ ਸੀ। ਉਨ੍ਹਾਂ ਦੇ ਨਾਂ 'ਤੇ ਡਾਕ ਟਿਕਟ ਵੀ ਜਾਰੀ ਕੀਤੀ ਗਈ ਹੈ, ਜਿਸ ਦੇ ਬਾਵਜੂਦ ਇਹ ਪਿੰਡ ਸਰਬਪੱਖੀ ਵਿਕਾਸ ਤੋਂ ਅੱਜ ਵੀ ਅਧੂਰਾ ਹੈ।
4 ਪਿੰਡਾਂ ਨੂੰ ਗੋਦ ਲੈਣ ਦੀ ਸਿਫਾਰਸ਼
ਆਦਰਸ਼ ਗ੍ਰਾਮ ਯੋਜਨਾ ਦੇ ਤਹਿਤ ਸੰਸਦ ਮੈਂਬਰਾਂ ਵਲੋਂ ਹਰ ਸਾਲ ਇਕ ਪਿੰਡ ਨੂੰ ਗੋਦ ਲੈਣ ਦੀ ਵਿਵਸਥਾ ਸੀ ਪਰ ਰਿਕਾਰਡ ਮੁਤਾਬਕ ਬਿੱਟੂ ਵਲੋਂ ਪਹਿਲੇ ਸਾਲ ਈਸੇਵਾਲ ਦਾ ਨਾਂ ਦੇਣ ਤੋਂ ਬਾਅਦ ਅਗਲੇ 4 ਸਾਲ ਕਿਸੇ ਪਿੰਡ ਦਾ ਨਾਂ ਪ੍ਰਸ਼ਾਸਨ ਜ਼ਰੀਏ ਕੇਂਦਰ ਸਰਕਾਰ ਨੂੰ ਨਹੀਂ ਭੇਜਿਆ। ਇਸ ਸਬੰਧੀ ਬਿੱਟੂ ਨੇ ਸਫਾਈ ਦਿੰਦਿਅ ਕਿਹਾ ਕਿ ਪਹਿਲੇ ਸਾਲ ਕੀਤੀ ਗਈ ਸਿਫਾਰਸ਼ ਪ੍ਰਤੀ ਕੇਂਦਰ ਸਰਕਾਰ ਦੀ ਉਦਾਸੀਨਤਾ ਨੂੰ ਦੇਖਦੇ ਹੋਏ ਉਨ੍ਹਾਂ ਨੇ ਬਾਅਦ 'ਚ ਕਿਸੇ ਪਿੰਡ ਦਾ ਨਾਂ ਨਾ ਭੇਜਣਾ ਹੀ ਸਹੀ ਸਮਝਿਆ।
ਸਰਕਾਰੀ ਹੈਲਥ ਸੈਂਟਰ 'ਚ ਨਹੀਂ ਹੁੰਦੇ ਡਾਕਟਰ ਦੇ ਦਰਸ਼ਨ
ਆਦਰਸ਼ ਗ੍ਰਾਮ ਯੋਜਨਾ ਦੇ ਤਹਿਤ ਭਾਵੇਂ ਫੰਡ ਨਾ ਮਿਲਣ ਲਈ ਐੱਮ.ਪੀ. ਬਿੱਟੂ ਨੇ ਕੇਂਦਰ ਸਰਕਾਰ ਨੂੰ ਜ਼ਿੰਮੇਵਾਰ ਠਹਿਰਾਇਆ ਹੈ ਪਰ ਰਾਜ ਸਰਕਾਰ ਦੇ ਲੈਵਲ 'ਤੇ ਹੋਣ ਵਾਲੇ ਕਈ ਕੰਮਾਂ ਨਾਲ ਸਬੰਧਤ ਸਹੂਲਤਾਂ ਵੀ ਪਿੰਡ ਈਸੇਵਾਲ ਦੇ ਲੋਕਾਂ ਨੂੰ ਨਹੀਂ ਮਿਲ ਰਹੀਆਂ। ਪਿੰਡ 'ਚ ਸਰਕਾਰੀ ਹੈਲਥ ਸੈਂਟਰ ਤਾਂ ਬਣਿਆ ਹੋਇਆ ਹੈ ਪਰ ਇਥੇ ਕਦੇ ਡਾਕਟਰਾਂ ਦੇ ਦਰਸ਼ਨ ਨਹੀਂ ਹੋਏ, ਜਿਸ ਕਾਰਨ ਲੋਕਾਂ ਨੂੰ ਐਮਰਜੈਂਸੀ 'ਚ ਸਿਹਤ ਸਹੂਲਤਾਂ ਨਹੀਂ ਮਿਲਦੀਆਂ ਅਤੇ ਚੈੱਕਅੱਪ ਲਈ ਪਿੰਡ ਤੋਂ ਬਹੁਤ ਦੂਰ ਸਥਿਤ ਪ੍ਰਾਈਵੇਟ ਹਸਪਤਾਲਾਂ ਦਾ ਸਹਾਰਾ ਲੈਣਾ ਪੈਂਦਾ ਹੈ।

ਵਿਕਾਸ ਤੋਂ ਅਧੂਰਾ ਹੈ ਪਿੰਡ : ਸਰਪੰਚ
ਸਰਪੰਚ ਹਰਿੰਦਰ ਸਿੰਘ ਨੇ ਕਿਹਾ ਕਿ ਮਾਡਲ ਗ੍ਰਾਮ ਪਿੰਡ ਦਾ ਦਰਜਾ ਪ੍ਰਾਪਤ ਹੋਣ ਦੇ ਬਾਵਜੂਦ ਅਜੇ ਵੀ ਪਿੰਡ 'ਚ ਗਲੀਆਂ, ਨਾਲੀਆਂ, ਲਿੰਕ ਸੜਕਾਂ ਆਦਿ ਦਾ ਕੰਮ ਅਧੂਰਾ ਪਿਆ ਹੋਇਆ ਹੈ। ਪਸ਼ੂਆਂ ਦੇ ਹਸਪਤਾਲ 'ਚ ਡਾਕਟਰ ਨਾ ਹੋਣ ਕਾਰਨ ਬੰਦ ਪਿਆ ਹੈ, ਡਿਸਪੈਂਸਰੀ 'ਚ ਡਾਕਟਰਾਂ ਦੀ ਘਾਟ ਕਾਰਨ ਸਿਰਫ ਸਟਾਫ ਨਰਸ ਹੀ ਕੰਮ ਚਲਾ ਰਹੀ ਹੈ।

ਮੈਂਬਰ ਪਾਰਲੀਮੈਂਟ ਰਵਨੀਤ ਸਿੰਘ ਬਿੱਟੂ ਨੇ ਕਾਹ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸਮਾਰਟ ਸਿਟੀ ਦੀ ਤਰਜ 'ਤੇ ਆਦਰਸ਼ ਗ੍ਰਾਮ ਯੋਜਨਾ ਲਾਗੂ ਕੀਤੀ ਗਈ ਸੀ,ਜਿਸ ਦੇ ਤਹਿਤ ਸ਼ਹੀਦ ਸ.ਸੇਖੋਂ ਦਾ ਪਿੰਡ ਗੋਦ ਲਿਆ ਸੀ। ਕੇਂਦਰ ਦੀ ਸਰਕਾਰ ਵਲੋਂ ਪਿੰਡ ਦੇ ਵਿਕਾਸ ਲਈ ਇਕ ਵੀ ਰੁਪਿਆ ਨਹੀਂ ਆਇਆ। ਉਨ੍ਹਾਂ ਕਿਹਾ ਕਿ ਮਹਾਨ ਸ਼ਹੀਦ ਦੇ ਪਿੰਡ ਨੂੰ ਸਨਮਾਨ ਦਿੰਦਿਆ ਮੈਂ ਐੱਮ.ਪੀ. ਲੈਂਡ ਤਹਿਚ ਕੰਮ ਕਰਾਏ। ਇਸੇ ਤਰ੍ਹਾਂ ਨਰਿੰਦਰ ਮੋਦੀ ਦੀ ਇਹ ਯੋਜਨਾ ਲੋਕਾਂ ਲਈ ਇਕ ਜੁਮਲਾ ਬਣ ਕੇ ਰਹਿ ਗਈ।

ਐੱਮ.ਪੀ. ਨੇ ਇਹ ਕਰਵਾਏ ਕੰਮ
. ਸੀਵਰੇਜ ਸਿਸਟਮ ਦੇ ਨਿਰਮਾਣ ਲਈ ਦਿੱਤੇ ਗਏ 10 ਲੱਖ।
. ਬਿਜਲੀ ਦੀ ਵੋਲਟੇਜ ਦੀ ਸਮੱਸਿਆ ਹੱਲ ਕਰਨ ਲਈ 29 ਲੱਖ ਦੀ ਲਾਗਤ ਨਾਲ ਨਵੇਂ ਟ੍ਰਾਂਸਫਾਰਮਰ ਅਤੇ ਫਾਇਰਿੰਗ ਲਗਾਈ ਗਈ।
. 3.71 ਲੱਖ ਦੀ ਲਾਗਤ ਨਾਲ ਲਾਇਆ ਗਿਆ ਗਾਰਡ।
. ਸਕੂਲ 'ਚ ਕਮਰਿਆਂ ਦੇ ਨਿਰਮਾਣ ਲਈ ਦਿੱਤੇ ਗਏ 5 ਲੱਖ।
. 7 ਲੱਖ ਦੀ ਲਾਗਤ ਨਾਲ ਮਨਰੇਗਾ ਤਹਿਤ ਬਣ ਰਿਹਾ ਹੈ ਪਾਰਕ ।


author

rajwinder kaur

Content Editor

Related News