ਪਿੰਡ ਬੱਲੜਵਾਲ ਕਤਲ ਕਾਂਡ : ਪਰਿਵਾਰਿਕ ਮੈਂਬਰਾਂ ਦੇ ਧਰਨੇ ਤੋਂ ਬਾਅਦ ਪੁਲਸ ਵਲੋਂ ਤੀਸਰਾ ਦੋਸ਼ੀ ਵੀ ਕਾਬੂ
Monday, Jul 05, 2021 - 09:33 PM (IST)
ਬਟਾਲਾ/ਘੁਮਾਣ(ਬੇਰੀ, ਵਿਪਨ, ਸਰਬਜੀਤ)- ਬੀਤੇ ਦਿਨੀ ਕਸਬਾ ਘੁਮਾਣ ਦੇ ਪਿੰਡ ਬੱਲੜਵਾਲ ਵਿਖੇ ਪੰਚਾਇਤੀ ਚੋਣਾਂ ਦੀ ਰੰਜਿਸ਼ ਦੇ ਚਲਦਿਆਂ ਦੋ ਵਿਅਕਤੀਆਂ ਵਲੋਂ ਅੰਨ੍ਹੇਵਾਹ ਫਾਇਰਿੰਗ ਕਰਦੇ ਹੋਏ ਇਕ ਪਰਿਵਾਰ ਦੇ ਚਾਰ ਵਿਅਕਤੀਆਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਸੀ ਜਦਕਿ ਦੋ ਵਿਅਕਤੀ ਗੰਭੀਰ ਜ਼ਖਮੀ ਹੋ ਗਏ ਸਨ | ਇਸ ਸੰਬੰਧ 'ਚ ਥਾਣਾ ਘੁਮਾਣ ਦੀ ਪੁਲਸ ਵਲੋਂ ਇਕ ਔਰਤ ਸਮੇਤ 3 ਵਿਅਕਤੀਆਂ ਵਿਰੁੱਧ ਕੇਸ ਦਰਜ ਕੀਤਾ ਗਿਆ ਹੈ |
ਇਹ ਵੀ ਪੜ੍ਹੋ : ਅੰਮ੍ਰਿਤਸਰ ਏਅਰਪੋਰਟ ਉਤਰਣ ਵਾਲੇ ਯਾਤਰੀ ਜ਼ਰਾ ਸਾਵਧਾਨ, ਕਿਤੇ ਤੁਹਾਡੇ ਨਾਲ ਵੀ ਨਾ ਹੋ ਜਾਵੇ ਇਹ ਕੁੱਝ
ਅੱਜ ਮਿ੍ਤਕਾਂ ਦੇ ਪਰਿਵਾਰਿਕ ਮੈਂਬਰਾਂ ਵਲੋਂ ਲਾਸ਼ਾਂ ਦਾ ਪੋਸਟਮਾਰਟਮ ਕਰਵਾਉਣ ਤੋਂ ਬਾਅਦ ਅੱਡਾ ਚੌਂਕ ਘੁਮਾਣ ਵਿਖੇ ਰੱਖ ਕੇ ਪੁਲਸ ਪ੍ਰਸ਼ਾਸਨ ਵਿਰੁੱਧ ਧਰਨਾ ਦਿੱਤਾ ਗਿਆ | ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਮਿ੍ਤਕਾਂ ਦੇ ਪਰਿਵਾਰਿਕ ਮੈਂਬਰਾਂ ਨੇ ਦੱਸਿਆ ਕਿ ਪੁਲਸ ਵਲੋਂ ਭਾਵੇਂ ਇਸ ਮਾਮਲੇ ਸੰਬੰਧੀ ਕੇਸ ਦਰਜ ਕਰ ਦਿੱਤਾ ਗਿਆ ਹੈ ਪਰ ਅਜੇ ਤੱਕ ਪੁਲਸ ਵਲੋਂ ਉਕਤ ਵਿਅਕਤੀਆਂ ਨੂੰ ਗਿ੍ਫਤਾਰ ਨਹੀਂ ਕੀਤਾ ਗਿਆ, ਜਿਸਦੇ ਚਲਦਿਆਂ ਉਨ੍ਹਾਂ ਵਲੋਂ ਅੱਡਾ ਚੌਂਕ ਘੁਮਾਣ 'ਚ ਲਾਸ਼ਾਂ ਰੱਖ ਕੇ ਧਰਨਾ ਦਿੱਤਾ ਜਾ ਰਿਹਾ ਹੈ | ਉਨ੍ਹਾਂ ਕਿਹਾ ਕਿ ਜਦ ਤੱਕ ਪੁਲਸ ਇਸ ਕਤਲ ਕੇਸ ਦੇ ਮੁੱਖ ਦੋਸ਼ੀ ਸੁਖਵਿੰਦਰ ਸਿੰਘ ਨੂੰ ਗਿ੍ਫਤਾਰ ਨਹੀਂ ਕਰਦੀ, ਉਦੋਂ ਤੱਕ ਉਨ੍ਹਾਂ ਦਾ ਧਰਨਾ ਜਾਰੀ ਰਹੇਗਾ | ਇੱਥੇ ਇਹ ਵੀ ਜ਼ਿਕਰ ਕਰਨਾ ਬਣਦਾ ਹੈ ਕਿ ਹਲਕਾ ਵਿਧਾਇਕ ਬਲਵਿੰਦਰ ਸਿੰਘ ਲਾਡੀ ਵਲੋਂ ਪਰਿਵਾਰਿਕ ਮੈਂਬਰਾਂ ਨੂੰ ਸਮਝਾਉਣ ਦੀ ਬਹੁਤ ਕੋਸ਼ਿਸ਼ ਕੀਤੀ ਗਈ ਪਰ ਪਰਿਵਾਰਿਕ ਮੈਂਬਰ ਧਰਨਾ ਲਗਾਉਣ ਦੀ ਜਿੱਦ 'ਤੇ ਅੜੇ ਰਹੇ | ਦੇਰ ਸ਼ਾਮ ਪੁਲਸ ਵਲੋਂ ਭਰੋਸਾ ਦਿੱਤੇ ਜਾਣ 'ਤੇ ਪਰਿਵਾਰਿਕ ਮੈਂਬਰਾਂ ਨੇ ਮਿ੍ਤਕਾਂ ਦੀਆਂ ਲਾਸ਼ਾਂ ਦਾ ਅੰਤਿਮ ਸੰਸਕਾਰ ਕਰ ਦਿੱਤਾ ਅਤੇ ਧਰਨਾ ਚੁੱਕ ਲਿਆ |
ਇਹ ਵੀ ਪੜ੍ਹੋ : ਨਵਜੋਤ ਸਿੱਧੂ ’ਤੇ ਮੰਤਰੀ ਧਰਮਸੋਤ ਦਾ ਤੰਜ, ਗੱਲਾਂ-ਗੱਲਾਂ ’ਚ ਦਿੱਤਾ ਵੱਡਾ ਬਿਆਨ
ਇਸ ਸੰਬੰਧੀ ਦੇਰ ਸ਼ਾਮ ਐੱਸ.ਐੱਸ.ਪੀ ਦਫਤਰ ਬਟਾਲਾ ਵਿਖੇ ਕੀਤੀ ਗਈ ਪ੍ਰੈਸ ਕਾਂਨਫਰੰਸ ਦੌਰਾਨ ਐੱਸ.ਐੱਸ.ਪੀ ਰਛਪਾਲ ਸਿੰਘ ਨੇ ਦੱਸਿਆ ਕਿ ਪੁਲਸ ਵਲੋਂ ਉਕਤ ਮਾਮਲੇ ਦੀ ਜਾਂਚ ਲਈ ਐੱਸ.ਪੀ. ਇਨਵੈਸਟੀਗੇਸ਼ਨ ਤੇਜਬੀਰ ਸਿੰਘ ਹੁੰਦਲ ਦੀ ਨਿਗਰਾਨੀ ਹੇਠ ਵੱਖ-ਵੱਖ ਪੁਲਸ ਟੀਮਾਂ ਦਾ ਗਠਨ ਕੀਤਾ ਗਿਆ ਸੀ ਅਤੇ ਇਨ੍ਹਾਂ ਟੀਮਾਂ ਵਿਚੋਂ ਡੀ.ਐੱਸ.ਪੀ ਗੁਰਦੀਪ ਸਵਾਮੀ ਦੀ ਅਗਵਾਈ ਵਾਲੀ ਟੀਮ ਨੇ ਮੁਸਤੈਦੀ ਨਾਲ ਕੰਮ ਕਰਦੇ ਹੋਏ ਸੁਖਜਿੰਦਰ ਸਿੰਘ ਉਰਫ ਸੋਨੀ ਪੁੱਤਰ ਦੀਦਾਰ ਸਿੰਘ ਨੂੰ ਵੀ ਗਿ੍ਫਤਾਰ ਕਰ ਲਿਆ ਹੈ ਜਦਕਿ ਜਤਿੰਦਰ ਸਿੰਘ ਉਰਫ ਜੋਤੀ ਪੁੱਤਰ ਦੀਦਾਰ ਸਿੰਘ ਅਤੇ ਕੁਲਵਿੰਦਰ ਕੌਰ ਪਤਨੀ ਸੁਖਜਿੰਦਰ ਸਿੰਘ ਵਾਸੀਆਂ ਬੱਲੜਵਾਲ ਨੂੰ ਪਹਿਲਾਂ ਹੀ ਗਿ੍ਫਤਾਰ ਕੀਤਾ ਜਾ ਚੁੱਕਾ ਹੈ | ਉਨ੍ਹਾਂ ਕਿਹਾ ਕਿ ਪੁਲਸ ਨੇ ਵਾਰਦਾਤ ਦੌਰਾਨ ਵਰਤਿਆ ਪਿਸਟਲ ਅਤੇ 6 ਜਿੰਦਾ ਰੋਂਦ ਵੀ ਸੁਖਜਿੰਦਰ ਸਿੰਘ ਕੋਲੋਂ ਬਰਾਮਦ ਕਰ ਲਏ ਹਨ |
ਇਹ ਵੀ ਪੜ੍ਹੋ : ਦਿੱਲੀ ਦੇ ਨਾਗਰਿਕ ਪੰਜਾਬ ਨਾਲੋਂ ਬਿਜਲੀ ਲਈ ਔਸਤਨ ਵੱਧ ਕੀਮਤ ਕਰ ਰਹੇ ਹਨ ਅਦਾ : ਕੈਪਟਨ
ਇਸ ਮੌਕੇ ਐੱਸ.ਐੱਸ.ਪੀ ਨੇ ਰੰਜਿਸ਼ ਦੇ ਮੁੱਖ ਕਾਰਨਾਂ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਸੁਖਜਿੰਦਰ ਸਿੰਘ ਉਰਫ ਸੋਨੀ ਅਤੇ ਮੁੱਦਈ ਧਿਰ ਦੀ ਡਿਪੂ ਦੀ ਰੰਜਿਸ਼ ਅਤੇ ਦੋਵਾਂ ਧਿਰਾਂ ਦੇ ਲੜਕਾ ਤੇ ਲੜਕੀ 'ਚ ਪ੍ਰੇਮ ਸੰਬੰਧ ਅਤੇ ਪੰਚਾਇਤਾਂ ਚੋਣਾਂ ਨੂੰ ਲੈ ਕੇ ਰੰਜਿਸ਼ ਚੱਲ ਰਹੀ ਸੀ ਜਿਸਦੇ ਕਾਰਨ ਸੁਖਜਿੰਦਰ ਸਿੰਘ ਅਤੇ ਉਸਦੇ ਸਾਥੀਆਂ ਨੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ | ਉਨ੍ਹਾਂ ਕਿਹਾ ਕਿ ਤਿੰਨਾਂ ਨੂੰ ਅਦਾਲਤ 'ਚ ਪੇਸ਼ ਕਰਕੇ ਇਨ੍ਹਾਂ ਦਾ ਰਿਮਾਂਡ ਲਿਆ ਜਾਵੇਗਾ ਅਤੇ ਪੁੱਛਗਿੱਛ ਦੌਰਾਨ ਹੋਰ ਵੀ ਜੋ ਤੱਥ ਸਾਹਮਣੇ ਆਉਣਗੇ ਉਸਨੂੰ ਮੀਡੀਆ ਨਾਲ ਸਾਂਝਾ ਕੀਤਾ ਜਾਵੇਗਾ | ਇਸ ਮੌਕੇ ਐੱਸ.ਪੀ. ਇਨਵੈਸਟੀਗੇਸ਼ਨ ਤੇਜਬੀਰ ਸਿੰਘ ਹੁੰਦਲ, ਐੱਸ.ਪੀ. ਹੈੱਡ ਕੁਆਟਰ ਗੁਰਪ੍ਰੀਤ ਸਿੰਘ, ਐੱਸ.ਪੀ ਵਰਿੰਦਰਪ੍ਰੀਤ ਸਿੰਘ, ਡੀ.ਐੱਸ.ਪੀ ਗੁਰਦੀਪ ਸਵਾਮੀ, ਪੀ.ਏ. ਟੂ ਐੱਸ.ਐੱਸ.ਪੀ ਰਾਜਨ ਕੁਮਾਰ ਆਦਿ ਹਾਜ਼ਰ ਸਨ |