6 ਮਹੀਨੇ ਦੀ ਜਾਂਚ ਤੋਂ ਬਾਅਦ ਪਿੰਡ ਫੱਗਣਮਾਜਰਾ ਦਾ ਸਰਪੰਚ ਤੇ ਪੰਚ ’ਤੇ ਵੱਡੀ ਕਾਰਵਾਈ
Sunday, Nov 19, 2023 - 11:40 AM (IST)
ਪਟਿਆਲਾ/ਸਨੌਰ (ਮਨਦੀਪ ਜੋਸਨ) : ਡਾਇਰੈਕਟਰ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਪੰਜਾਬ ਨੇ ਪਿੰਡ ਫੱਗਣਮਾਜਰਾ ਦੇ ਸਰਪੰਚ ਸੁਖਵਿੰਦਰ ਸਿੰਘ ਅਤੇ ਪੰਚ ਹਰਿੰਦਰ ਸਿੰਘ ਵੱਲੋਂ ਵੱਖ-ਵੱਖ ਕੰਮਾਂ ’ਚ ਕੀਤੇ ਘਪਲਿਆਂ ਕਾਰਨ ਇਨ੍ਹਾਂ ਦੋਵਾਂ ਨੂੰ ਤੁਰੰਤ ਪ੍ਰਭਾਵ ਨਾਲ ਸਸਪੈਂਡ ਕਰ ਦਿੱਤਾ ਹੈ। ਡਾਇਰੈਕਟਰ ਵੱਲੋਂ ਕੀਤੇ ਹੁਕਮਾਂ ਅਨੁਸਾਰ ਪੰਚਾਇਤੀ ਰਾਜ ਐਕਟ 1994 ਦੀ ਧਾਰਾ 20 (5) ਅਧੀਨ ਮੁਅੱਤਲ ਹੋਣ ਵਾਲਾ ਸਰਪੰਚ ਤੇ ਪੰਚ ਪੰਚਾਇਤ ਦੀ ਕਿਸੇ ਵੀ ਕਾਰਵਾਈ ਵਿਚ ਭਾਗ ਨਹੀਂ ਲੈ ਸਕਦਾ ਅਤੇ ਉਸ ਦੀ ਮੁਅੱਤਲੀ ਸਮੇਂ ਦੌਰਾਨ ਪੰਚਾਇਤ ਦਾ ਰਿਕਾਰਡ ਤੇ ਪੰਚਾਇਤੀ ਫੰਡ ਦੇ ਹੋਰ ਜਾਇਦਾਦ ਦੇ ਚਾਰਜ ਅਜਿਹੇ ਪੰਚ ਨੂੰ ਜਾਂ ਸਰਕਾਰੀ ਅਧਿਕਾਰੀ ਨੂੰ ਦਿੱਤੇ ਜਾਣਗੇ ਅਤੇ ਬੀ.ਡੀ.ਪੀ.ਓ. ਪਟਿਆਲਾ ਵੱਲੋਂ ਮੀਟਿੰਗ ਕਰ ਕੇ ਹੀ ਕੋਈ ਇੰਚਾਰਜ ਚੁਣਿਆ ਜਾਵੇਗਾ। ਡਾਇਰੈਕਟਰ ਨੇ ਇਸ ਦੇ ਨਾਲ ਹੀ ਬੀ.ਡੀ.ਪੀ.ਓ. ਨੂੰ ਹੁਕਮ ਕੀਤੇ ਹਨ ਕਿ ਜਿਹੜੇ ਬੈਂਕਾਂ ਵਿਚ ਗ੍ਰਾਮ ਪੰਚਾਇਤ ਦੇ ਨਾਂ ਖਾਤੇ ਚੱਲਦੇ ਹਨ। ਉਨ੍ਹਾਂ ਤੋਂ ਚਾਰਜ ਲੈ ਕੇ ਡਾਇਰੈਕਟਰ ਨੂੰ ਰਿਪੋਰਟ ਕਰਨ।
ਮਾਲਕੀ ਦੀ ਜ਼ਮੀਨ ਹੋਣ ਦੇ ਬਾਵਜੂਦ ਵੀ ਬਣਵਾਏ ਸਨ ਨੀਲੇ ਕਾਰਡ
ਡਵੀਜ਼ਨਲ ਡਿਪਟੀ ਡਾਇਰੈਕਟਰ ਅਤੇ ਬੀ. ਡੀ. ਪੀ. ਓ. ਪਟਿਆਲਾ ਪੇਂਡੂ ਵਿਕਾਸ ਵੱਲੋਂ ਸ਼ਿਕਾਇਤਕਰਤਾ ਜਸਵੀਰ ਸਿੰਘ ਵੱਲੋਂ ਜੋ ਦੋਸ਼ ਲਗਾਏ ਗਏ ਸਨ। ਉਨ੍ਹਾਂ ਵਿਚ ਇਹ ਵੀ ਸਪੱਸ਼ਟ ਸੀ ਕਿ ਸਰਪੰਚ ਅਤੇ ਪੰਚ ਨੇ ਮਾਲਕੀ ਦੀ ਜ਼ਮੀਨ ਹੋਣ ਦੇ ਬਾਵਜੂਦ ਵੀ ਨੀਲੇ ਕਾਰਡ ਬਣਵਾਏ ਹਨ ਤੇ ਸਹੂਲਤਾਂ ਲੈ ਰਹੇ ਹਨ। ਜਾਂਚ ਵਿਚ ਇਹ ਦੋਸ਼ ਵੀ ਸਿੱਧ ਹੋ ਗਏ। ਇਸ ਤੋਂ ਇਲਾਵਾ ਇਨ੍ਹਾਂ ਨੇ ਕੰਕਰੀਟ ਦੀਆਂ ਪੱਕੀਆਂ ਬਣੀਆਂ ਗਲੀਆਂ ਉਪਰ ਇੰਟਰਲਾਕਿੰਗ ਟਾਈਲਾਂ ਬਣਾ ਦਿੱਤੀਆਂ, ਜਿਸ ਨਾਲ 4 ਲੱਖ 93 ਹਜ਼ਾਰ 567 ਰੁਪਏ ਖਰਾਬ ਹੋਏ। ਇਸ ਤੋਂ ਇਲਾਵਾ ਇਨ੍ਹਾਂ ’ਤੇ ਦਰੱਖਤ ਵੱਢਣ ਦਾ ਦੋਸ਼ ਵੀ ਸਿੱਧ ਹੋ ਗਿਆ। ਸਰਪੰਚ ਤੇ ਪੰਚ ਨੂੰ ਵੀ ਜਾਂਚ ਵਿਚ ਆਪਣਾ ਸਪੱਸ਼ਟੀਕਰਨ ਦੇਣ ਦਾ ਮੌਕਾ ਦਿੱਤਾ ਗਿਆ ਪਰ ਦੋ ਸੀਨੀਅਰ ਅਧਿਕਾਰੀਆਂ ਦੀ ਜਾਂਚ ਵਿਚ ਇਹ ਸਪੱਸ਼ਟ ਹੋਇਆ ਕਿ ਇਨ੍ਹਾਂ ਉਪਰ ਲੱਗੇ ਦੋਸ਼ ਬਿਲਕੁਲ ਠੀਕ ਹਨ।
ਡਵੀਜਨਲ ਡਿਪਟੀ ਡਾਇਰੈਕਟਰ ਨੇ ਜਾਂਚ ਉਪਰੰਚ ਇਹ ਰਿਪੋਰਟ ਡਾਇਰੈਕਟਰ ਪੇਂਡੂ ਵਿਕਾਸ ਨੂੰ ਸਬਮਿਟ ਕੀਤੀ ਕਿ ਸਰਪੰਚ ਅਤੇ ਪੰਚ ਨੇ ਜਿਥੇ ਲੱਖਾਂ ਰੁਪਏ ਖਰਾਬ ਕੀਤੇ ਹਨ, ਉੱਥੇ ਇਨ੍ਹਾਂ ਉਪਰ ਦਰੱਖਤ ਕਟਣ ਦਾ ਦੋਸ਼ ਵੀ ਸਿੱਧ ਹੋਇਆ ਹੈ। ਇਨ੍ਹਾਂ ਨੇ ਜਾਂਚ ਵਿਚ ਵੀ ਵਿਘਨ ਪਾਉਣ ਦੀ ਕੋਸ਼ਿਸ਼ ਕੀਤੀ, ਜਿਸ ਕਾਰਨ ਇਨ੍ਹਾਂ ਨੂੰ ਤੁਰੰਤ ਮੁਅੱਤਲ ਕੀਤਾ ਜਾਵੇ। ਡਵੀਜ਼ਨਲ ਡਿਪਟੀ ਡਾਇਰੈਕਟਰ ਦੀ ਰਿਪੋਰਟ ’ਤੇ ਅੱਜ ਡਾਇਰੈਕਟਰ ਪੇਂਡੂ ਵਿਕਾਸ ਨੇ ਇਨ੍ਹਾਂ ਦੋਵਾਂ ਨੂੰ ਸਸਪੈਂਡ ਕਰ ਕੇ ਇਨ੍ਹਾਂ ਦੇ ਸਮੁੱਚੇ ਖਾਤੇ ਸੀਲ ਕਰ ਦਿੱਤੇ ਹਨ ਤੇ ਹੋਰ ਸਖਤ ਕਾਰਵਾਈ ਕਰਨ ਦੇ ਆਦੇਸ਼ ਦਿੱਤੇ ਹਨ।